ਜਿਥੇ ਮਰਜੀ ਧੂਪ ਧੁਖਾ
ਜਿਥੇ ਮਰਜੀ ਸੀਸ ਨਿਵਾਂ
ਜਿਥੇ ਮਰਜੀ ਜੱਗ ਕਰਾਂ
ਜਿਥੇ ਮਰਜੀ ਅਲਖ ਜਗਾ
ਰੱਬ ਤਾਂ ਤੇਰੇ ਅੰਦਰ ਵਸਦਾ
ਅੰਦਰੋ ਲਗੀ ਕਾਲਖ ਲਾਹ
ਪੈਰਾਂ ਦੇ ਵਿਚ ਘੁੰਗਰੂ ਪਾ
ਚਿਪੀ ਚਿਮਟਾ ਲੈ ਕੇ ਗਾ
ਸਾਜ਼ਾਂ ਦੀ ਵੀ ਤਾਲ ਮਿਲਾ
ਭਟਕਣ ਭਾਜੀ ਛੱਡ ਕੇ ਆ
ਰਬ ਤਾਂ ਤੇਰੇ ਅੰਦਰ ਵਸਦਾ
ਅੰਦਰੋਂ ਲਗੀ ਕਾਲਖ ਲਾਹ
ਕਾਮ ਕ੍ਰੋਧ ਤੇ ਛੱਡ ਹੰਕਾਰ
ਮਾਇਆ ਤਾ ਸਾਰਾ ਸੰਸਾਰ
ਕਿਹੜੇ ਪਾਸੇ ਤੁਰ ਪਿਆ ਯਾਰ
ਇਹ ਨਹੀਂ ਉਧਰ ਜਾਂਦਾ ਰਾਹ
ਰਬ ਤਾਂ ਤੇਰੇ ਅੰਦਰ ਵਸਦਾ
ਅੰਦਰੋਂ ਲਗੀ ਕਾਲਖ ਲਾਹ
ਨਾ ਕੋਈ ਛੋਟਾ ਨਾਂ ਕੋਈ ਵੱਡਾ
ਨਾ ਕੋਈ ਦੂਰ ਦੁਰਾਡੇ ਅੱਡਾ
ਖੁਦ ਡਿਗਣ ਜੋ ਪੱਟਣ ਖੱਡਾਂ
ਕਰ ਲਾ ਉਸਦੀ ਸਿਰਫ ਸਲਾਹ
ਰੱਬ ਤਾਂ ਤੇਰੇ ਅੰਦਰ ਵਸਦਾ
ਅੰਦਰੋਂ ਲਗੀ ਕਾਲਖ ਲਾਹ
ਨਾ ਕੋਈ ਧਰਮ ਜਾਤ ਨਾ ਪਾਤ
ਹੁਕਮੇ ਅੰਦਰ ਦਿਨ ਤੇ ਰਾਤ
ਉਸ ਦੀ ਸਾਜੀ ਸਭ ਕਾਇਨਾਤ
ਉਸ ਵਿਚ ਰਮ ਜਾ ਨੰਦ ਉਠਾ
ਰਬ ਤਾਂ ਤੇਰੇ ਅੰਦਰ ਵਸਦਾ
ਅੰਦਰੋਂ ਲਗੀ ਕਾਲਖ ਲਾਹ
ਕਾਹਤੋਂ ਹੋਇਆ ਫਿਰੇ ਕਰੂਪਿ
ਰੱਬ ਦਾ ਨਾਂ ਕੋਈ ਰੰਗ ਨਾ ਰੂਪ
ਰੱਬ ਤਾਂ ਬੰਦਿਆਂ ਗਿਆਨ ਸਰੂਪ
ਚੰਦੀ, ਚਾਨਣ ਵਾਲਾ ਰਾਹ
ਰਬ ਤਾਂ ਤੇਰੇ ਅੰਦਰ ਵਸਦਾ
ਅੰਦਰੋਂ ਲਗੀ ਕਾਲਖ ਲਾਹ
ਰਚਨਾ -ਹਰਜਿੰਦਰ ਚੰਦੀ ਮਹਿਤਪੁਰ
9814601638