(ਸਮਾਜ ਵੀਕਲੀ)
ਸੁਣੋ ਸੁਨਾਵਾਂ ਹਾਲ ਵੀਰਨੋ,ਭਾਰਤ ਦੀ ਬਰਬਾਦੀ ਦਾ।
ਸੋਨੇ ਰੰਗਾਂ ਕਦੇ ਰੂਪ ਸੀ,ਜਿਵੇਂ ਕਿਸੇ ਸ਼ਹਿਜਾਦੀ ਦਾ।
ਮੁਗਲ ਲੁਟੇਰੇ ਬਣਕੇ ਆਏ,ਲੁੱਟਨ ਨੂੰ ਨਾ ਲਾਈ ਦੇਰ।
ਸਨ ਲੜਾਕੂ ਯੋਧੇ ਥੋੜ੍ਹੇ,ਲੜ੍ਹ ਲੜ੍ਹ ਕੇ ਸੀ ਹੋ ਗਏ ਢੇਰ।
ਘੱਟ ਗੁਜ਼ਾਰੀ ਗੋਰਿਆਂ ਨੇ ਨਾ,ਦੋਵੇਂ ਹੱਥੀਂ ਲੁੱਟਦੇ ਰਹੇ।
ਕੁੱਤੇ ਕਹਿ ਕੇ ਭਾਰਤੀਆਂ ਨੂੰ,ਨਾਲ ਹੰਟਰਾਂ ਕੁੱਟਦੇ ਰਹੇ।
ਆਖਰ ਉੱਠੇ ਵੀਰ ਜਿੰਨਾਂ ਨੇ,ਬੰਨਿਆ ਮੁੱਢ ਜਹਾਦੀ ਦਾ।
ਸੁਪਨਾ ਨੌਜਵਾਨਾਂ ਦਾ ਸੀ,ਸਾਰਿਆਂ ਲਈ ਅਜਾਦੀ ਦਾ।
ਕੰਮ ਭਲੇ ਦਾ ਚੰਗਾ ਸੀ ਹੈ,ਵਤਨ ਅਜਾਦ ਕਰਾਉਣੇ ਦਾ।
ਗੋਰਿਆਂ ਹੱਥੋਂ ਆਪਣਾ ਵੀਰੋ,ਪਿਆਰਾ ਦੇਸ਼ ਛੁਡਾਉਣੇ ਦਾ।
ਅਜਾਦੀ ਲਈ ਝੱਟ ਉੱਠ ਕੇ,ਵੀਰਾਂ ਬਿਗਲ ਵਜਾ ਦਿੱਤਾ।
ਇਨਕਲਾਬ ਲਿਆਉਣ ਲਈ ਸੀ ਸਾਰੇ ਰੌਲ੍ਹਾ ਪਾ ਦਿੱਤਾ।
ਸੁੱਟ ਅੰਸੈਬਲੀ ਬੰਬ ਸੀ ਗੋਰੇ,ਥਰ ਥਰ ਕੰਬਣ ਲਾ ਦਿੱਤੇ।
ਚਾਹੁੰਦੇ ਦੇਸ਼ ਅਜਾਦ ਵੇਖਣਾ,ਯੋਧਿਆਂ ਬੋਲ ਸੁਣਾ ਦਿੱਤੇ।
ਸ਼ੁਰੂ ਕੁਹਾਨੀ ਬਰਬਾਦੀ ਦੀ,ਹੋਈ ਭਾਰਤ ਪਿਆਰੇ ਦੀ।
ਸਾਰ ਕਿਸੇ ਨਾ ਲਈ ਸੀ ਹੋਏ,ਲਹੂ ਲੁਹਾਨ ਵਿਚਾਰੇ ਦੀ।
ਗੋਰਿਆਂ ਖੇਡੀ ਚਾਲ ਕੀ ਵੇਖੋ,ਕਾਲਿਆਂ ਤਾਈਂ ਰਲਾ ਕੇ ਤੇ।
ਛੱਡ’ਗੇ ਤੁਰ ਗਏ ਵਤਨ ਅਜਾਦੀ,ਨਕਲੀ ਝੋਲੀ ਪਾ ਕੇ ਤੇ।
ਜਾਂਦੇ ਜਾਂਦੇ ਵੀ ਇੱਕ ਐਸਾ,ਵਾਰ ਕੁਲਹਿਣਾ ਕਰ ਗਏ ਓ।
ਇੱਕ ਮੁਲਕ ਦੇ ਟੋਟੇ ਦੋ,ਬਣਾ ਕੇ ਆਖਰ ਧਰ ਗਏ ਓ।
ਗੱਦੀਆਂ ਉੱਤੇ ਬੈਠ ਗਏ ਸੀ ,ਗੋਰਿਆਂ ਦੀ ਥਾਂ ਕਾਲੇ।
ਦੇਸ ਨੂੰ ਲੁੱਟਨ ਲਈ ਏਹਨਾਂ ਸੀ, ਨਵੇਂ ਕਾਨੂੰਨ ਬਣਾਲੇ।
ਕਿਧਰੇ ਹੋ ਗਏ ਟੈਕਸ ਭਾਰੂ,ਚੜ੍ਹੀ ਅਕਾਸ਼ ਮਹਿੰਗਾਈ।
ਉੱਚ ਘਰਾਣਿਆਂ ਚੋਰਾਂ ਦੇ ਨਾਲ,ਹੱਸ ਹੱਸ ਜੱਫ਼ੀ ਪਾਈ।
ਚੋਰਾਂ ਦੇ ਨਾਲ ਰਲ ਕੇ ਬਹਿ ਗਏ,ਦੇਸ਼ ਦੇ ਪਹਿਰੇਦਾਰ।
ਚਾਰੇ ਪਾਸੇ ਲੁੱਟ ਖਸੁੱਟ ਦੀ, ਮੱਚ ਗਈ ਹਾਹਾਕਾਰ।
ਵਿਕਾਸ ਦੇ ਨਾਉਂ ਤੇ ਵੇਚੀ ਵੇਖੋ,ਦੇਸ਼ ਦੀ ਕੁੱਲ ਜਾਇਦਾਦ।
ਪਾਈ ਪਾਈ ਵੇਚ ਕੇ ਕਹਿੰਦੇ, ਕਰ ਦੇਣਾ ਆਬਾਦ।
ਕਿਸ ਕੰਢੇ ਤੇ ਲਿਆ ਖੜ੍ਹਾਇਆ,ਮੁਲਕ ਹੈ ਬੇਈਮਾਨਾਂ ਨੇ।
ਕੱਖੋਂ ਹੌਲਾ ਕਰ ਕੇ ਰੱਖਤਾ, ਜਾਲਮ ਏਹ ਸ਼ੈਤਾਨਾਂ ਨੇ।
ਇਹੋ ਕੁਹਾਨੀ ‘ਬੁਜਰਕ’ ਮੇਰੇ,ਵਤਨ ਦੀ ਬਰਬਾਦੀ ਦੀ।
ਵੇਖ ਰਹੇ ਹੋ ਰੰਗਤ ਸਾਰੇ,ਨਕਲੀ ਏਸ ਅਜਾਦੀ ਦੀ।
ਹਰਮੇਲ ਸਿੰਘ ਬੁਜਰਕੀਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly