(ਸਮਾਜ ਵੀਕਲੀ)-ਸੋਸ਼ਲ ਮੀਡੀਆ ਤੇ ਇਹ ਸ਼ਬਦ ਅਕਸਰ ਪੜ੍ਹਨ ਨੂੰ ਮਿਲਦਾ ਹੈ। ਜੇ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ, ਮਰਿਯਾਦਾ, ਵਿਚਾਰਧਾਰਾ ਆਦਿ ਨੂੰ ਬਿਨਾਂ ਕਿਸੇ ਤਰਕ ਦਲੀਲ ਦੇ ਮੰਨਦਾ ਹੈ ਤਾਂ ਉਸਨੂੰ ਅੰਧ ਭਗਤ ਜਾਂ ਅੰਧ ਵਿਸ਼ਵਾਸੀ ਕਿਹਾ ਜਾ ਸਕਦਾ ਹੈ।
ਕਿਤੇ ਨਾ ਕਿਤੇ ਅਸੀਂ ਸਾਰੇ ਅੰਧ ਭਗਤ ਹਾਂ। ਪਰ ਸੋਸ਼ਲ ਮੀਡੀਆ ਤੇ ਕਿਸੇ ਨਾਲ਼ ਸਾਡੇ ਵਿਚਾਰ ਨਹੀਂ ਮਿਲਦੇ, ਉਸਨੂੰ ਅਸੀਂ ਅੰਧ ਭਗਤ ਕਹੀ ਜਾਂਦੇ ਹਾਂ, ਜਦਕਿ ਇਹ ਵੀ ਹੋ ਸਕਦਾ ਹੈ ਕਿ ਉਸ ਕੋਲ਼ ਮੰਨਣ ਲਈ ਕੋਈ ਕਾਰਨ ਹੋਵੇ?
ਸ਼ੁਰੂ ਦੇ ਵਿੱਚ ਇਹ ਸ਼ਬਦ ਮੋਦੀ ਹਮਾਇਤੀਆਂ ਜਾਂ ਬਾਬਿਆਂ ਦੇ ਚੇਲਿਆਂ ਲਈ ਪੰਜਾਬੀ ਵਰਤਦੇ ਸਨ। ਪਰ ਜਿਹੜੇ ਦੂਜਿਆਂ ਨੂੰ ਕਹਿਂਦੇ ਹਨ, ਕੀ ਉਹ ਆਪ ਅੰਧ ਭਗਤ ਨਹੀਂ। ਸਿੱਖਾਂ ਵਿਚਲੇ ਗਰਮ ਖ਼ਿਆਲੀ ਖਾੜਕੂ ਧੜੇ ਆਪਣੇ ਹਰ ਵਿਰੋਧੀ ਲਈ ਅੰਧ ਭਗਤ ਜਾਂ ਭਗਤ ਜਾਂ ਭੇਡਾਂ ਸ਼ਬਦ ਬੜੇ ਤ੍ਰਿਸਕਾਰ ਨਾਲ਼ ਵਰਤਦੇ ਹਨ ਤੇ ਆਪਣੇ ਵਿਰੋਧੀਆਂ ਦਾ ਮਜ਼ਾਕ ਵੀ ਉਡਾਉਂਦੇ ਹਨ।
ਪਰ ਪਿਛਲੇ ਸਮੇਂ ਵਿੱਚ ਅਨੇਕਾਂ ਵੀਡੀਉ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸੰਤ ਭਿੰਡਰਾਂਵਾਲ਼ੇ, ਦੀਪ ਸਿੱਧੂ, ਅੰਮ੍ਰਿਤਪਾਲ ਜਾਂ ਕਿਸੇ ਹੋਰ ਵਿਅਕਤੀ, ਜਿਸਦੇ ਉਹ ਭਗਤ ਜਾਂ ਭੇਡਾਂ ਹਨ ਦੀ ਅਲੋਚਨਾ ਕਰਨ ਤੇ ਉਨ੍ਹਾਂ ਤੇ ਸਰੀਰਕ ਹਮਲੇ ਕਰਦੇ ਹਨ। ਫਿਰ ਵੀਡੀਉ ਪਾਉਣਗੇ ਕਿ ਸਿੰਘਾਂ ਨੇ ਸੋਧਾ ਲਾ ਤਾ। ਇਹ ਕਿਹੋ ਜਿਹੀ ਅੰਧ ਭਗਤੀ ਹੈ? ਇਹ ਲੋਕ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਨ?
ਜੇ ਕੋਈ ਵਿਅਕਤੀ ਜਾਂ ਸਰਕਾਰ ਇਨ੍ਹਾਂ ਨਾਲ਼ ਇਨ੍ਹਾਂ ਦੇ ਤਰੀਕੇ ਨਾਲ਼ ਜਵਾਬ ਦਿੰਦੀ ਹੈ ਤਾਂ ਫਿਰ ਇਹ ਬਿਰਤਾਂਤ ਸਿਰਜਦੇ ਹਨ ਕਿ ਸਿੱਖਾਂ ਨਾਲ਼ ਵਿਤਕਰਾ ਕੀਤਾ ਜਾ ਰਿਹਾ ਹੈ? ਸਿੱਖਾਂ ਨਾਲ਼ ਧੱਕਾ ਹੋ ਰਿਹਾ? ਸਿੱਖਾਂ ਨਾਲ਼ ਗੁਲਾਮਾਂ ਵਾਲ਼ਾ ਵਰਤਾਅ ਕੀਤਾ ਜਾ ਰਿਹਾ ਹੈ। ਆਪਣੀਆਂ ਨਿੱਜੀ ਗਲਤੀਆਂ ਨੂੰ ਕੌਮੀ ਮਸਲਾ ਬਣਾ ਲੈਂਣੇ ਹਨ?
ਅਜਿਹੇ ਲੋਕ ਇਤਨੇ ਅਸਹਿਣਸ਼ੀਲ ਹਨ ਕਿ ਆਪਣੀ ਭੋਰਾ ਵੀ ਨੁਕਤਾਚੀਨੀ ਬਰਦਾਸ਼ਤ ਨਹੀਂ ਕਰਦੇ, ਝੱਟ ਗਾਲ਼ਾਂ, ਧਮਕੀਆਂ ਤੇ ਘਟੀਆ ਇਲਜ਼ਾਮਾਂ ਤੇ ਉੱਤਰ ਆਉਂਦੇ ਹਨ। ਪੰਥ ਦੋਖੀ, ਸਿੱਖ ਵਿਰੋਧੀ, ਨਾਸਤਿਕ, ਕਾਮਰੇਡ ਆਦਿ ਦੇ ਸਰਟੀਫਿਕੇਟ ਵੰਡਣ ਲੱਗਦੇ ਹਨ। ਹੋਰ ਤਾਂ ਹੋਰ ਵਿਦੇਸ਼ਾਂ ਵਿੱਚ ਬੈਠੇ ਅਜਿਹੇ ਲੋਕ ਜ਼ਿਆਦਾ ਸਰਗਰਮ ਹਨ ਕਿਉਂਕਿ ਇੱਥੇ ਦੇ ਨਰਮ ਕਨੂੰਨ ਤੇ ਸਰਕਾਰਾਂ ਮਨੁੱਖੀ ਹੱਕਾਂ ਦਾ ਸਨਮਾਨ ਕਰਦੇ ਹਨ, ਜਿਸਦਾ ਲਾਭ ਉਠਾ ਕੇ ਇਹ ਲੋਕ ਦੂਜਿਆਂ ਨੂੰ ਦਬਾਉਂਦੇ ਹਨ।
ਆਪ ਚਾਹੁੰਦੇ ਹਨ ਕਿ ਜਿਨ੍ਹਾਂ ਦੇ ਇਹ ਭਗਤ ਹਨ, ਸਭ ਲੋਕ ਉਨ੍ਹਾਂ ਦੀ ਸ਼ੋਭਾ ਕਰਨ ‘ਤੇ ਜੇ ਕੋਈ ਨੁਕਤਾਚੀਨੀ ਕਰੇ ਤਾਂ ਬਰਦਾਸ਼ਤ ਨਹੀਂ ਕਰਦੇ। ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣੀ ਇਨ੍ਹਾਂ ਦੀ ਰਾਜਨੀਤੀ ਹੈ। ਇਨ੍ਹਾਂ ਦੇ ਧੜੇ ਜਾਂ ਇਨ੍ਹਾਂ ਦੀ ਹਾਂ ‘ਚ ਹਾਂ ਮਿਲਾਉਣ ਵਾਲ਼ੇ ਹੀ ਸਿੱਖ ਹਨ, ਬਾਕੀ ਸਭ ਪੰਥ ਦੋਖੀ, ਗੁਰੂ ਨਿੰਦਕ ਅਤੇ ਸਿੱਖ ਵਿਰੋਧੀ ਹਨ।
ਇਨ੍ਹਾਂ ਦੀ ਸਰੀਰਕ ਤੇ ਸ਼ਬਦੀ ਹਿੰਸਾ ਕਰਕੇ ਲੋਕ ਚੁੱਪ ਹੋ ਜਾਂਦੇ ਹਨ। ਜਿਸ ਕਾਰਨ ਇਹ ਲੋਕ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਤੇ ਕਬਜ਼ੇ ਕਰਕੇ ਮਨਮਾਨੀਆਂ ਕਰਦੇ ਹਨ। ਵਿਦੇਸ਼ਾਂ ਵਿੱਚ ਸਾਫ਼-ਸੁਥਰੀ ਰਾਜਨੀਤੀ ਨੂੰ ਵੀ ਇਹ ਲੋਕ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਗੰਧਲਾ ਕਰ ਰਹੇ ਹਨ। ਪਿਛਲੇ 30-40 ਸਾਲਾਂ ਵਿੱਚ ਇਨ੍ਹਾਂ ਲੋਕਾਂ ਨੇ ਸਿੱਖਾਂ ਤੇ ਸਿੱਖੀ ਨੂੰ ਬੇਹੱਦ ਬਦਨਾਮ ਕੀਤਾ ਹੈ। ਸਾਨੂੰ ਅਜਿਹੇ ਭਗਤਾਂ, ਭੇਡਾਂ ਆਦਿ ਤੋ ਸਾਵਧਾਨ ਹੋਣ ਦੀ ਲੋੜ ਹੈ।
ਹਰਚਰਨ ਸਿੰਘ ਪ੍ਰਹਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly