ਸ਼ੋਸ਼ਲ ਮੀਡੀਏ ਦਾ ਭੂਤ…..

ਮਨਜੀਤ ਕੌਰ ਧੀਮਾਨ,           

 (ਸਮਾਜ ਵੀਕਲੀ) –  ਜੀ ਹਾਂ! ਸ਼ੋਸ਼ਲ ਮੀਡੀਆ ਅੱਜਕਲ ਇੱਕ ਭੂਤ ਵਾਂਗਰ ਹੀ ਹੈ ਜਿਹੜਾ ਹਰ ਕਿਸੇ ਨੂੰ ਚੰਬੜ ਗਿਆ ਹੈ।ਪਹਿਲਾਂ ਜੇਕਰ ਕਿਸੇ ਨੂੰ ਕੋਈ ਭੂਤ ਚੰਬੜ ਜਾਂਦਾ ਸੀ ਤਾਂ ਕੋਈ ਬਾਬਾ ਜਾਂ ਤਾਂਤਰਿਕ ਆ ਕੇ ਕੱਢ ਦਿੰਦਾ ਸੀ। ਪਰ ਹੁਣ ਲੋਕਾਂ ਨੂੰ ਜਿਹੜਾ ਨਵਾਂ ਭੂਤ ਚੰਬੜ ਗਿਆ ਹੈ ਇਹਦਾ ਤਾਂ ਕੋਈ ਤੋੜ ਹੀ ਨਹੀਂ ਦਿਸਦਾ ਪਿਆ।

               ਬੂਅ ਨੀਂ ਮੈਂ ਮਰਜਾਂ! ਹਰ ਕੋਈ ਨੈੱਟ ਦਾ ਦੀਵਾਨਾ ਹੋਇਆ ਫ਼ਿਰਦਾ।ਅਖੇ ਰੀਲਾਂ ਬਣਾ ਕੇ ਨੈੱਟ ਤੇ ਪਾ ਦਿਓ ਤੇ ਫ਼ੇਰ ਦੇਖੋ ਕਮਾਲ।
           ਇੱਕ ਪੰਜਵੀਂ ‘ਚ ਪੜ੍ਹਦੇ ਮੁੰਡੇ ਦੀ ਮਾਂ ਕਹਿੰਦੀ,ਬਈ ਇਹ ਪੜ੍ਹਦਾ ਨੀਂ।ਦੱਸੋ ਭਲਾਂ ਕੀ ਕਰੂ ਅੱਗੇ ਪੜ੍ਹਾਈ ਤੋਂ ਬਿਨਾਂ।ਮੈਂ ਕਿਹਾ ਪੁੱਤ! ਪੜ੍ਹਦਾ ਕਿਉਂ ਨਹੀਂ? ਕਹਿੰਦਾ ਛੱਡੋ, ਕੀ ਰੱਖਿਆ ਏ ਪੜ੍ਹਾਈ ‘ਚ? ਮੈਂ ਤਾਂ ਯੂ ਟੂਬਰ ਬਣੂੰ। ਮੈਂ ਕਿਹਾ ਕਿ ਉਹਦੇ ਵਾਸਤੇ ਵੀ ਪੜ੍ਹਾਈ ਤਾਂ ਚਾਹੀਦੀ ਹੈ। ਕਹਿੰਦਾ ਲੈ ਥੋਨੂੰ ਕੀ ਪਤਾ, ਕੋਈ ਪੜ੍ਹਾਈ-ਪੜੂਈ ਨਹੀਂ ਚਾਹੀਦੀ।ਆਹ ਪੜ੍ਹਾਈਆਂ ਕਰਕੇ ਲੋਕੀਂ ਵਿਹਲੇ ਘੁੰਮਦੇ ਨੇ।ਕੋਈ ਨੌਕਰੀ ਤਾਂ ਮਿਲ਼ਦੀ ਨਹੀਂ। ਤੁਹਾਡੇ ਵਰਗੇ ਐਵੇਂ ਪੜ੍ਹਾਈ- ਪੜ੍ਹਾਈ ਕਰਦੇ ਰਹਿੰਦੇ ਹਨ। ਤੁਸੀਂ ਵੀ ਤਾਂ ਐਨੇ ਪੜ੍ਹੇ ਲਿਖੇ ਹੋ। ਕੀ ਮਿਲ਼ ਗਈ ਨੌਕਰੀ ਤੁਹਾਨੂੰ? ਮੈਂ ਦਸੂੰ ਤੁਹਾਨੂੰ ਪੈਸੇ ਕਿਵੇਂ ਕਮਈਦੇ ਨੇ।
             ਹਾਏ ਰੱਬਾ! ਐਨੇ ਕੁ ਬੱਚੇ ਨੇ ਐਡੀ ਵੱਡੀ ਬੇਇੱਜਤੀ ਕਰ ਦਿੱਤੀ।ਆਪਣਾ ਜਿਹਾ ਮੂੰਹ ਲੈ ਕੇ ਵਾਪਸ ਆ ਗਈ।ਫਿਰ ਇੱਕ ਦਿਨ ਪੁੱਲ ਦੇ ਉੱਤੋਂ ਲੰਘਦਿਆਂ ਦੇਖਿਆ ਕਿ ਕੁਝ ਜਵਾਨ ਮੁੰਡੇ ਇੱਕ ਪਾਸੇ ਨੂੰ ਬੈਠੇ ਹਨ। ਸੋਚਿਆ ਕਿਤੇ ਡਿੱਗ ਪਏ ਸ਼ਾਇਦ। ਸੱਟ ਲੱਗੀ ਹੋਊ। ਕੋਲ਼ ਜਾ ਕੇ ਵੇਖਿਆ ਤਾਂ ਨਿਕੰਮੇ ਵੀਡਿਓ ਬਣਾ ਰਹੇ ਸੀ।
        ਦੁਰ ਫਿੱਟੇ ਮੂੰਹ! ਇਹਨਾਂ ਪਾੜਿਆ ਦੇ। ਕੋਈ ਵੀ ਗੱਲ ਪੁੱਛੋ ਤਾਂ ਪਹਿਲਾਂ ਗੂਗਲ ਮਾਂ ਨੂੰ ਚੁੱਕ ਕੇ ਬਹਿ ਜਾਣਗੇ। ਕੋਈ ਹਿਸਾਬ ਪੁੱਛ ਲਓ ਤਾਂ ਕੈਲਕੁਲੇਟਰ ਹੈਗਾ ਹੈ ਨਾਂ।ਮਤਲਬ ਇਹਨਾਂ ਨੂੰ ਕੁਝ ਨਹੀਂ ਆਉਂਦਾ। ਕੋਈ ਘਰ ਦਾ ਕੰਮ ਕਰਨ ਨੂੰ ਕਹਿ ਦਿਓ ਤਾਂ ਪਹਿਲਾਂ ਉਹਦੀ ਵੀਡਿਓ ਬਣਾ ਕੇ ਨੈੱਟ ਤੇ ਪਾਉਣਗੇ ਫ਼ੇਰ ਕੰਮ ਕਰਨ ਜਾਂ ਨਾ ਕਰਨ। ਕੋਈ ਗੱਲ ਨਹੀਂ।ਸੋਸ਼ਲ ਮੀਡੀਆ ਤਾਂ ਕਹਿ ਰਿਹਾ ਹੈ ਕਿ ਕੰਮ ਕੀਤਾ ਹੈ।
                  ਇੱਕ ਜ਼ਨਾਨੀ ਦਫ਼ਤਰ ਵਿੱਚ ਬੈਠੀ ਵਿੰਗੇ-ਟੇਡੇ ਮੂੰਹ ਬਣਾਈ ਜਾਵੇ।ਨਾਲ਼ ਵਾਲ਼ੇ ਨੂੰ ਹੱਥਾਂ ਪੈਰਾਂ ਦੀ ਪੈ ਗਈ।ਉਹ ਕਹੇ, ਬਈ ਕੋਈ ਦੇਖੋ ਆ ਕੇ, ਮੈਡਮ ਨੂੰ ਅਧਰੰਗ ਦਾ ਦੌਰਾ ਪੈ ਗਿਆ ਲੱਗਦਾ।ਸਾਰੇ ‘ਕੱਠੇ ਹੋ ਗਏ ਤਾਂ ਮੈਡਮ ਗੁੱਸੇ ਤੇ ਸ਼ਰਮਿੰਦਗੀ ‘ਚ ਬੋਲੀ, ਇਹ ਤਾਂ ਐਵੇਂ ਦੇਸੀ ਜਿਹਾ ਬੰਦਾ ਇਹਨੂੰ ਕੀ ਪਤਾ ਸ਼ੋਸ਼ਲ ਮੀਡੀਆ ਦਾ ਟਰੇਂਡ (ਰਿਵਾਜ਼)। ਇਸੇ ਤਰ੍ਹਾਂ ਅੱਜਕਲ ਇੱਕ ਗਾਣੇ ਦਾ ਇੱਕ ਨਿੱਕਾ ਜਿਹਾ ਹਿੱਸਾ ਬੜਾ ਚੱਲ ਰਿਹਾ (ਸਾਗਰ ਦੀ ਵਹੁਟੀ ਇੰਡੀਕਾ ਚਲਾਉਂਦੀ)ਸ਼ਾਇਦ ਕੁਝ ਇਸ ਤਰ੍ਹਾਂ ਦੇ ਬੋਲ ਹਨ। ਹਰ ਕੋਈ ਇਸੇ ਤੇ ਰੀਲਾਂ ਬਣਾ- ਬਣਾ ਕੇ ਪਾ ਰਿਹਾ ਤੇ ਸ਼ੇਅਰ ਕਰਨ ਦੀ ਅਪੀਲ ਪਾਈ ਜਾ ਰਿਹਾ।ਆਪਾਂ ਇਹ ਵੀ ਨਹੀਂ ਵੇਖਦੇ ਕਿ ਕੋਈ ਗੱਲ ਸਾਂਝੀ ਕਰਨ ਦੇ ਯੋਗ ਹੈ ਵੀ ਕਿ ਨਹੀਂ। ਬੱਸ ਭੇਡ ਚਾਲ ਹੈ।ਇੱਕ ਮੂਹਰੇ ਤੁਰ ਪਵੇ ,ਬਾਕੀ ਸਭ ਭਾਵੇਂ ਪਿੱਛੇ ਤੁਰਦੇ ਖੂਹ ਵਿੱਚ ਡਿੱਗ ਜਾਣ ਪਰ ਉੱਪਰ ਮੂੰਹ ਚੁੱਕ ਕੇ ਵੇਖਣਾ ਨਹੀਂ ਇਹਨਾਂ ਨੇ।ਇਹੋ ਜਿਹੇ ਗਾਇਕ ਵੀ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਸੇਵਕ ਕਹਿੰਦੇ ਹਨ ਤੇ ਨਾਲ਼ੇ ਉਸੇ ਦਾ ਘਾਣ ਕਰ ਰਹੇ ਹਨ। ਜਿੰਨਾ ਚੰਗੇ ਲੇਖਕਾਂ ਨੇ ਪੰਜਾਬੀ ਸਾਹਿਤ ਨੂੰ ਅੱਗੇ ਵਧਾਇਆ ਹੈ ਓਨਾਂ ਹੀ ਇਹਨਾਂ ਕਪੂਤ ਪੁੱਤਰਾਂ-ਧੀਆਂ ਨੇ ਡੋਬਿਆ ਹੈ।
                 ਸੋਸ਼ਲ ਮੀਡੀਆ ਵਰਤਣਾ ਕੋਈ ਬੁਰੀ ਗੱਲ ਨਹੀਂ। ਪਰ ਇਹ ਸਾਡਾ ਵਜ਼ੂਦ ਹੀ ਖ਼ਤਮ ਕਰ ਦੇਵੇ ਤਾਂ ਬਹੁਤ ਗ਼ਲਤ ਗੱਲ ਹੈ।ਮੈਂ ਇੱਕ ਦਿਨ ਤਰੀਫ਼ ਕੀਤੀ ਸੀ ਕਿ ਸਵਾਣੀਆਂ ਨੇ ਆਪਣੀ ਰਸੋਈ ਨੂੰ ਵੀ ਪੂਰੀ ਦੁਨੀਆਂ ਤੱਕ ਪਹੁੰਚਾ ਦਿੱਤਾ ਹੈ। ਇਹ ਚੰਗੀ ਗੱਲ ਹੈ।ਹੁਨਰ ਫੈਲਣਾ ਹੀ ਚਾਹੀਦਾ ਹੈ।ਕਈ ਲੋਕ ਨੈੱਟ ਦੇ ਜ਼ਰੀਏ ਪੜ੍ਹਾਉਂਦੇ ਤੇ ਕਈ ਪੜ੍ਹਦੇ ਵੀ ਹਨ।ਪਰ ਲੋਕੀ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸ਼ੋਸ਼ਲ ਮੀਡੀਆ ਤੇ ਲੈ ਆਏ ਹਨ। ਆਰਾਮ ਕਮਰੇ ਤੋਂ ਲੈ ਕੇ ਗੁਸਲਖਾਨੇ ਵੀ ਦਿਖਾਉਂਦੇ ਹਨ। ਦੱਸੋ ਇਹਦੇ ਵਿੱਚ ਕੀ ਵਧੀਆ ਹੈ।ਬੱਚੇ, ਵੱਡੇ ਇੱਕ ਘਰ ਵਿੱਚ ਰਹਿ ਕੇ ਵੀ ਇੱਕਠੇ ਨਹੀਂ ਹੁੰਦੇ। ਸਮਝ ਨਹੀਂ ਆਉਂਦੀ ਕਿ ਇਹ ਫ਼ੋਨ ਕਦੋਂ ਰਿਸ਼ਤਿਆਂ ਦੇ ਨਿੱਘ ਤੋਂ ਵੱਧ ਜ਼ਰੂਰੀ ਹੋ ਗਿਆ।ਅੱਜ ਹਰ ਕਿਸੇ ਲਈ ਫ਼ੋਨ ਜ਼ਰੂਰੀ ਹੈ ਭਾਵੇਂ ਓਹਦੇ ਬਦਲੇ ਸਭ ਕੁਝ ਖੋਹ ਲਓ।ਕਿੰਨੇ ਹਾਦਸੇ ਨਿੱਤ ਵਾਪਰ ਰਹੇ ਹਨ ਪਰ ਅਸੀਂ ਸਮਝਦੇ ਨਹੀਂ।ਨੰਗੇਜ ਅਤੇ ਲੱਚਰਤਾ ਨੂੰ ਹੀ ਫੈਸ਼ਨ ਸਮਝ ਲਿਆ ਗਿਆ ਹੈ।
             ਇਹ ਵੀ ਇੱਕ ਬਹੁਤ ਵੱਡਾ ਨਸ਼ਾ ਹੈ। ਜੇਕਰ ਯਕੀਨ ਨਹੀਂ ਆਉਂਦਾ ਤਾਂ ਥੋੜੀ ਦੇਰ ਇਸਨੂੰ ਇੱਕ ਪਾਸੇ ਰੱਖ ਕੇ ਦੇਖ ਲਓ।ਕਿਉਂ…! ਤਲਬ ਲੱਗਦੀ ਹੈ ਕਿ ਨਹੀਂ? ਹਾਂਜੀ, ਸੱਚੀਂ ਇਹ ਨਸ਼ਾ ਹੀ ਹੈ ਤੇ ਅਸੀਂ ਸਾਰੇ ਜਾਣੇ- ਅਣਜਾਣੇ ਇਸਦੇ ਆਦੀ ਹੋ ਗਏ ਹਾਂ।ਇਹ ਸਾਡੇ ਦਿਮਾਗ਼ ਤੇ ਕਾਬੂ ਕਰ ਚੁੱਕਾ ਹੈ।ਇਸਦਾ ਭੁੱਸ ਐਨਾ ਮਾੜਾ ਹੈ ਕਿ ਇੱਕ ਬੱਚੇ ਤੋਂ ਜਦੋਂ ਓਹਦੀ ਮਾਂ ਨੇ ਫ਼ੋਨ ਖੋਹ ਲਿਆ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਇਹੋ ਜਿਹੀਆਂ ਹੋਰ ਵੀ ਬਹੁਤ ਉਦਾਹਰਣਾਂ ਹਨ। ਬੱਚੇ ਤਾਂ ਜੇਕਰ ਕੋਈ ਡਰਾਇੰਗ ਕਰਨ ਤਾਂ ਵੀਡਿਓ, ਜੇਕਰ ਕੋਈ ਸਬਜ਼ੀ ਬਣਾ ਲਈ ਤਾਂ ਨੈੱਟ ਤੇ ਤੇ ਜੇਕਰ ਕਿਤੇ ਘੁੰਮਣ ਗਏ ਤਾਂ ਨਾਲੋਂ-
ਨਾਲ਼ ਲਾਈਵ।ਦੂਜਿਆਂ ਨੂੰ ਦਿਖਾਉਣ ਦੇ ਚੱਕਰ ਵਿੱਚ ਆਪ ਕੁਝ ਦੇਖਿਆ ਹੀ ਨਹੀਂ ਹੁੰਦਾ।
                ਇਸ ਤੋਂ ਇਲਾਵਾ ਅੱਜਕਲ ਫ਼ੋਨ ਵਿੱਚ ਹੀ ਸਾਰੀ ਜਾਣਕਾਰੀ ਵੀ ਹੁੰਦੀ ਹੈ।ਤੁਹਾਡੀ ਇੱਕ ਲਾਪਰਵਾਹੀ ਤੁਹਾਨੂੰ ਮਿੰਟਾਂ- ਸਕਿੰਟਾਂ ਵਿੱਚ ਰੋਲ਼ ਕੇ ਰੱਖ ਦਿੰਦੀ ਹੈ।ਆਨਲਾਈਨ ਠੱਗੀ (ਸਕੈਮ) ਆਦਿ ਵੀ ਇੱਕ ਧੰਦਾ ਹੀ ਬਣ ਚੁੱਕਾ ਹੈ।
               ਮੰਨਣਯੋਗ ਹੈ ਕਿ ਜੀਹਨੇ ਕੰਮ ਕਰਨਾ ਹੈ ਉਹ ਨੈੱਟ ਵਰਤੇ। ਜੇ ਤੁਹਾਡੇ ‘ਚ ਕੋਈ ਵਧੀਆ ਹੁਨਰ ਹੈ ਤਾਂ ਉਹ ਦਿਖਾਓ। ਪਰ ਸਿਰਫ਼ ਲਾਈਕ- ਸ਼ੇਅਰ ਦੇ ਚੱਕਰ ਵਿੱਚ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਖ਼ਰਾਬ ਨਾ ਕਰੋ। ਆਪਣੀਆਂ ਅੱਖਾਂ ਤੇ ਤਰਸ ਖਾਓ।ਕੁਦਰਤ ਨਾਲੋਂ ਵੱਖਰੇ ਨਾ ਹੋਵੋ।ਜੀਵਨ ਦਾ ਆਨੰਦ ਮਾਣੋ।ਰਿਸ਼ਤਿਆਂ ਦੀ ਮਿਠਾਸ ਦਾ ਅਹਿਸਾਸ ਕਰੋ ਤੇ ਕਰਵਾਓ।ਆਪਣੇ ਕੰਮ ਅਤੇ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਓ।
            ਜਾਗ ਜਾਵੋ ਭੈਣੋ ਤੇ ਭਰਾਵੋ।ਕਿਤੇ ਬਹੁਤੀ ਦੇਰ ਨਾ ਹੋ ਜਾਵੇ।ਇਹ ਨਾ ਹੋਵੇ ਕਿ ਇਸ ਸ਼ੋਸ਼ਲ ਮੀਡੀਏ ਦੀ ਗੁਲਾਮੀ ਵਿੱਚ ਅਸੀਂ ਸਭ ਕੁਝ ਗਵਾ ਬੈਠੀਏ।
         ਉਮੀਦ ਹੈ ਕਿ ਇਸ ਮੁੱਦੇ ਤੇ ਇੱਕ ਵਾਰ ਵਿਚਾਰ ਜ਼ਰੂਰ ਕਰੋਗੇ।ਔਖ਼ਾ ਹੈ, ਪਰ ਯਕੀਨ ਮੰਨਿਓ ਨਾਮੁਮਕਿਨ ਨਹੀਂ ਹੈ।
ਮਨਜੀਤ ਕੌਰ ਧੀਮਾਨ,
 ਸ਼ੇਰਪੁਰ, ਲੁਧਿਆਣਾ   
  ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਸ਼ਲ ਮੀਡੀਆ ਰਾਹੀਂ ਕਿੱਧਰ ਨੂੰ ਜਾ ਰਹੇ ਹਨ ਲੋਕ?
Next articleਅੰਧ ਭਗਤ ਕੌਣ?