ਨਿਰਸਵਾਰਥ ਸੇਵਾ – ਛੇ ਮਹੀਨਿਆਂ ਤੋਂ ਸੜਕ ਵਿਚਾਲੇ ਪਏੇ ਬਿਲਕਦੇ ਬੇਘਰ ਮਰੀਜ਼ ਨੂੰ ਪੁਚਾਇਆ ਆਸ਼ਰਮ
(ਸਮਾਜ ਵੀਕਲੀ)- ਕੁੱਝ ਦਿਨ ਪਹਿਲਾਂ ਸਰਾਭਾ ਆਸ਼ਰਮ ਦੇ ਫ਼ਾਊਂਡਰ ਡਾ. ਨੌਰੰਗ ਸਿੰਘ ਮਾਂਗਟ ਲਵਾਰਸ-ਬੇਘਰ ਮਰੀਜ਼ਾਂ ਦੀ ਭਾਲ ‘ਚ ਜਦੋਂ ਲੁਧਿਆਣਾ ਸ਼ਹਿਰ ‘ਚ ਘੁੰਮ ਰਹੇ ਸੀ ਤਾਂ ਉਹਨਾਂ ਦੀ ਨਜ਼ਰ ਇੱਕ ਅਜਿਹੇ ਮਰੀਜ਼ ‘ਤੇ ਪਈ ਜੋ ਕਿ ਰੋ ਰਿਹਾ ਸੀ। ਇਹ ਮਰੀਜ਼ ਗੰਦੇ ਨਾਲ਼ੇ ਕੋਲ ਲੁਧਿਆਣਾ ਫਲਾਈ ਓਵਰ ਦੇ ਥੱਲੇ ਸੜਕ ਵਿਚਾਲੇ ਪਿਆ ਸੀ । ਇਸ ਮਰੀਜ਼ ਨਾਲ ਗੱਲ–ਬਾਤ ਕਰਨ ਤੋਂ ਪਤਾ ਲੱਗਿਆ ਕਿ ਇਸਦਾ ਨਾਂ ਰਵਿੰਦਰ ਕੁਮਾਰ ਹੈ ਅਤੇ ਯੂ.ਪੀ. ਦਾ ਰਹਿਣ ਵਾਲਾ ਹੈ। ਇਸਦੀ ਖੱਬੀ ਲੱਤ ‘ਤੇ ਕਈ ਵੱਡੇ-ਵੱਡੇ ਜ਼ਖਮ ਸਨ ਅਤੇ ਪੀਲੀਏ ਦੀ ਬਿਮਾਰੀ ਤੋਂ ਵੀ ਪੀੜਤ ਸੀ। ਇਸਦਾ ਕੋਈ ਪਰਿਵਾਰ ਨਹੀਂ ਹੈ। ਇਸ ਮਰੀਜ਼ ਨੇ ਦੱਸਿਆ ਕਿ ਉਹ ਤਕਰੀਬਨ 15 ਸਾਲਾਂ ਤੋਂ ਲੁਧਿਆਣਾ ਅਤੇ ਨਜ਼ਦੀਕ ਦੇ ਇਲਾਕਿਆਂ ਵਿੱਚ ਵੇਟਰ ਦਾ ਕੰਮ ਕਰਦਾ ਸੀ । ਦੋ-ਤਿੰਨ ਸੌ ਰੁਪਏ ਦਿਹਾੜੀ ਮਿਲ ਜਾਂਦੀ ਸੀ ਜਿਸ ਨਾਲ ਆਪਣਾ ਰੋਟੀ–ਪਾਣੀ ਖਾ ਕੇ ਗੁਜ਼ਾਰਾ ਕਰਦਾ ਸੀ । ਰਹਿਣ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਕਦੇ ਫੁੱਟ-ਪਾਥ ‘ਤੇ, ਕਦੇ ਰੇਲਵੇ ਸਟੇਸ਼ਨ ਦੇ ਬਾਹਰ ਪਿਆ ਰਹਿੰਦਾ ਸੀ।
ਸੱਤ-ਅੱਠ ਮਹੀਨੇ ਪਹਿਲਾਂ ਪੈਰ ਉੱਪਰ ਸੱਟ ਲੱਗਣ ਕਰਕੇ ਕੰਮ-ਕਾਰ ਕਰਨਾ ਔਖਾ ਹੋ ਗਿਆ। ਲੁਧਿਆਣਾ ਸ਼ਹਿਰ ਦੇ ਗੰਦੇ ਨਾਲੇ ਕੋਲ ਬਣੇ ਫਲਾਈ ਓਵਰ ਦੇ ਥੱਲੇ ਪੱਕਾ ਡੇਰਾ ਲਾ ਲਿਆ। ਹਰ ਸਮੇਂ ਗੰਦਗੀ ਵਿੱਚ ਪਏ ਰਹਿਣ ਨਾਲ ਜਖਮਾਂ ਵਿੱਚ ਇਨਫੈਕਸ਼ਨ ਫੈਲ ਗਈ। ਜਖਮਾਂ ਵਿੱਚੋਂ ਪੀਕ ਤੇ ਪਾਣੀ ਨਿਕਲਣਾ ਸ਼ੁਰੂ ਹੋ ਗਿਆ । ਚੱਲਣਾ-ਫਿਰਨਾ ਔਖਾ ਹੋ ਗਿਆ, ਲੈਟਰੀਨ-ਬਾਥਰੂਮ ਵੀ ਵਿੱਚ ਹੀ ਕਰਨ ਲੱਗ ਪਿਆ। ਰੋਟੀ-ਪਾਣੀ ਜੇਕਰ ਕੋਈ ਤਰਸ ਖਾ ਕੇ ਦੇ ਦਿੰਦਾ ਤਾਂ ਖਾ ਲੈਂਦਾ, ਨਹੀਂ ਤਾਂ ਭੁੱਖਾ ਪਿਆਸਾ ਮੀਂਹ-ਹਨ੍ਹੇਰੀ, ਗਰਮੀ-ਸਰਦੀ ‘ਚ ਉੱਥੇ ਹੀ ਪਿਆ ਰਹਿੰਦਾ ।
ਇਸਦੀ ਦੀ ਹਾਲਤ ਨੂੰ ਦੇਖਦੇ ਹੋਏ ਆਸ਼ਰਮ ਦੇ ਫ਼ਾਊਂਡਰ ਡਾ.ਨੌਰੰਗ ਸਿੰਘ ਮਾਂਗਟ ਤੇ ਸੇਵਾਦਾਰ ਪ੍ਰੇਮ ਸਿੰਘ ਇਸਨੂੰ ਸਰਾਭਾ ਪਿੰਡ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਲੈ ਆਏ । ਇੱਥੇ ਪਹੁੰਚਣ ਤੋਂ ਬਾਅਦ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਇਸਨੂੰ ਇਸ਼ਨਾਨ ਕਰਾਇਆ ਗਿਆ, ਪ੍ਰਸ਼ਾਦਾ ਛਕਾਇਆ ਗਿਆ, ਸੌਣ ਲਈ ਬਿਸਤਰਾ ਦਿੱਤਾ ਗਿਆ । ਆਸ਼ਰਮ ਦੇ ਡਾਕਟਰ ਵੱਲੋਂ ਇਸਦੇ ਜ਼ਖਮਾਂ ਨੂੰ ਸਾਫ ਕਰਕੇ ਮਲ੍ਹਮ-ਪੱਟੀ ਕੀਤੀ ਗਈ, ਲੋੜੀਂਦੀ ਦਵਾਈ ਦਿੱਤੀ ਗਈ ਅਤੇ ਸਾਰੇ ਲੋੜੀਂਦੇ ਮੈਡੀਕਲ ਟੈਸਟ ਵੀ ਕਰਾਏ ਗਏ । ਆਸ਼ਰਮ ਵਿੱਚ ਆ ਕੇ ਇਸਨੇ ਬਹੁਤ ਚੰਗਾ ਮਹਿਸੂਸ ਕੀਤਾ। ਉਮੀਦ ਹੈ ਕਿ ਇਹ ਮਰੀਜ਼ ਜਲਦੀ ਹੀ ਠੀਕ ਹੋ ਜਾਵੇਗਾ ਅਤੇ ਆਸ਼ਰਮ ‘ਚ ਰਹਿ ਰਹੇ ਦੂਸਰੇ ਮਰੀਜ਼ਾਂ ਦੀ ਸੇਵਾ ਕਰੇਗਾ।
ਇਸ ਸੰਸਥਾ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਸੰਸਥਾ ਵੱਲੋਂ ਪਿਛਲੇ 19 ਸਾਲਾਂ ਦੌਰਾਨ ਸੈਂਕੜੈ ਹੀ ਅਜਿਹੇ ਬਿਮਾਰ ਲਾਵਾਰਸ ਵਿਅਕਤੀਆਂ ਨੂੰ ਸੜਕਾਂ ਤੋਂ ਚੁੱਕ ਕੇ ਨਵੀਂ ਜ਼ਿੰਦਗੀ ਪਰਦਾਨ ਕੀਤੀ ਗਈ ਹੈ। ਇਸ ਆਸ਼ਰਮ ਵਿੱਚ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਾਵਾਰਸ-ਬੇਘਰ ਦੋ ਸੌ (200) ਦੇ ਕਰੀਬ ਮਰੀਜ਼ ਹਮੇਸ਼ਾਂ ਹੀ ਰਹਿੰਦੇ ਹਨ । ਇਹਨਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵੱਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਲੋਕ ਸੇਵਾ ਗੁਰੂੁ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ।
ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ (ਮੋਬਾਇਲ): 95018-42506; 95018-42505.