(ਸਮਾਜ ਵੀਕਲੀ)
ਭਾਵੇਂ ਕਮਲਜੀਤ ਦਾ ਵਿਆਹ ਹੋਏ ਨੂੰ ਤਿੰਨ ਸਾਲ ਹੋ ਗਏ ਸਨ, ਪਰ ਉਸ ਦੇ ਹਾਲੇ ਕੋਈ ਬੱਚਾ ਨਹੀਂ ਸੀ ਹੋਇਆ। ਉਸ ਦਾ ਪਤੀ ਵੀ ਬੱਚੇ ਲਈ ਬਹੁਤਾ ਉਤਸੁਕ ਨਹੀਂ ਸੀ ਜਾਪਦਾ। ਇਸੇ ਲਈ ਉਸ ਨੇ ਬੱਚੇ ਲਈ ਹਾਲੇ ਕਿਸੇ ਲੇਡੀ ਡਾਕਟਰ ਤੋਂ ਸਲਾਹ ਨਹੀਂ ਸੀ ਲਈ। ਦੂਜੇ ਪਾਸੇ ਉਸ ਦੀ ਜਠਾਣੀ ਬਲਵੀਰ ਦੇ ਲਗਾਤਾਰ ਤਿੰਨ ਕੁੜੀਆਂ ਨੇ ਜਨਮ ਲੈ ਲਿਆ ਸੀ। ਕਮਲਜੀਤ ਨੂੰ ਵਿਆਹੀ ਆਈ ਨੂੰ ਹਾਲੇ ਦਸ ਦਿਨ ਹੀ ਹੋਏ ਸਨ, ਜਦੋਂ ਬਲਵੀਰ ਨੇ ਤੀਜੀ ਕੁੜੀ ਨੂੰ ਜਨਮ ਦਿੱਤਾ ਸੀ। ਕਮਲਜੀਤ ਨੂੰ ਚੰਗੀ ਤਰ੍ਹਾਂ ਯਾਦ ਸੀ, ਤੀਜੀ ਕੁੜੀ ਦੇ ਜਨਮ ਲੈਣ ਤੇ ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ ਸੀ, ਕਿਉਂ ਕਿ ਉਸ ਦਾ ਸਹੁਰਾ ਪਰਿਵਾਰ ਕੁੜੀਆਂ ਦੇ ਜਨਮ ਲਈ ਉਸ ਨੂੰ ਹੀ ਦੋਸ਼ੀ ਸਮਝਦਾ ਸੀ। ਭਾਵੇਂ ਉਸ ਨੇ ਸਾਰਿਆਂ ਨੂੰ ਇਹ ਗੱਲ
ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਕਿ ਔਰਤ ਕੁੜੀ ਦੇ ਜਨਮ ਲਈ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੈ, ਫਿਰ ਵੀ ਉਨ੍ਹਾਂ ਦੇ ਖਾਨੇ ਵਿੱਚ ਇਹ ਗੱਲ ਨਹੀਂ ਸੀ ਪਈ।
ਅੱਜ ਫਿਰ ਬਲਵੀਰ ਨੇ ਚੌਥੀ ਕੁੜੀ ਨੂੰ ਜਨਮ ਦਿੱਤਾ ਸੀ। ਸਾਰਾ ਸਹੁਰਾ ਪਰਿਵਾਰ ਫਿਰ ਕੁੜੀ ਹੋਣ ਤੇ ਉਦਾਸੀ ਦੇ ਸਮੁੰਦਰ ਵਿੱਚ ਡੁੱਬ ਗਿਆ। ਇਹ ਵੇਖ ਕੇ ਬਲਵੀਰ ਦਾ ਸਰੀਰ ਬਿਲਕੁਲ ਠੰਢਾ ਪੈ ਗਿਆ। ਕਮਲਜੀਤ ਨੇ ਹਿੰਮਤ ਕਰਕੇ ਆਪਣੇ ਪਤੀ ਨੂੰ ਲਾਗਲੇ ਪਿੰਡ ਤੋਂ ਡਾਕਟਰ ਲਿਆਉਣ ਲਈ ਕਿਹਾ। ਡਾਕਟਰ ਨੇ ਆ ਕੇ ਉਸ ਦਾ ਚੈੱਕਅਪ ਕੀਤਾ। ਉਸ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਸੀ।ਡਾਕਟਰ ਨੇ ਉਸ ਦੇ ਟੀਕਾ ਲਾਇਆ ਅਤੇ ਗੋਲੀਆਂ ਖਾਣ ਨੂੰ ਦਿੱਤੀਆਂ। ਇੱਕ ਘੰਟੇ ਪਿੱਛੋਂ ਉਸ ਦੀ ਸਿਹਤ ਕੁੱਝ ਠੀਕ ਹੋ ਗਈ।
” ਕਮਲਜੀਤ ਮੈਂ ਤਾਂ ਐਤਕੀਂ ਰੱਬ ਅੱਗੇ ਵੀ ਬੜੀਆਂ ਅਰਦਾਸਾਂ ਕੀਤੀਆਂ ਕਿ ਉਹ ਮੈਨੂੰ ਪੁੱਤ ਦੀ ਦਾਤ ਬਖਸ਼ ਦੇਵੇ ਤੇ ਮੇਰੇ ਮੱਥੇ ਤੇ ਜਿਹੜਾ ਕੁੜੀਆਂ ਜੰਮਣ ਦਾ ਕਲੰਕ ਲੱਗਾ ਆ, ਉਹ ਮਿਟ ਜਾਵੇ, ਪਰ ਉਸ ਨੇ ਵੀ ਮੇਰੀ ਅਰਦਾਸ ਨਹੀਂ ਸੁਣੀ।” ਏਨਾ ਕਹਿ ਕੇ ਬਲਵੀਰ ਨੇ ਅੱਖਾਂ ਭਰ ਲਈਆਂ। ਕਮਲਜੀਤ ਨੇ ਉਸ ਦੀਆਂ ਅੱਖਾਂ ਤੌਲੀਏ ਨਾਲ ਸਾਫ ਕੀਤੀਆਂ ਅਤੇ ਆਖਿਆ,” ਦੀਦੀ ਤੂੰ ਇਹ ਕੁੜੀ ਮੇਰੀ ਝੋਲੀ ਪਾ ਦੇ। ਮੇਰੇ ਕਿਹੜਾ ਹਾਲੇ ਕੋਈ ਬੱਚਾ ਹੋਇਆ। ਮੈਂ ਇਸ ਨੂੰ ਆਪ ਪਾਲਾਂਗੀ, ਪੜ੍ਹਾਵਾਂਗੀ, ਉੱਚੇ ਅਹੁਦੇ ਤੇ ਲੁਆਵਾਂਗੀ ਤੇ ਉਨ੍ਹਾਂ ਦੇ ਮੂੰਹ ਬੰਦ ਕਰਾਂਗੀ, ਜੋ
ਕੁੜੀਆਂ ਨੂੰ ਆਪਣੇ ਤੇ ਭਾਰ ਸਮਝਦੇ ਆ।”
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly