ਸਿੱਖੀ ਕੀ ਨੀਂਵ ਹਮ ਹੈਂ!

  ਸੁਖਦੇਵ ਸਿੰਘ 'ਭੁੱਲੜ'

         (ਸਮਾਜ ਵੀਕਲੀ)        

 ਜਦ ਸਰਸਾ ਨਦੀ ‘ਤੇ ਘਮਸਾਨ ਦਾ ਜੰਗ ਹੋ ਰਿਹਾ ਸੀ ਤਾਂ ਉਸ ਵਕਤ ਦਸਮੇਸ਼ ਪਿਤਾ ਜੀ ਦਾ ਪਰਿਵਾਰ ਤਿੰਨ  ਹਿੱਸਿਆਂ ਵਿੱਚ ਵੰਡਿਆ ਗਿਆ।ਸਰਸਾ ਨਦੀ ਦੇ ਕੰਢੇ ‘ਤੇ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।ਇਸ ਸਮੇਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਵਹੀਰ ਤੋਂ ਵਿੱਛੜ ਗਏ।ਉਹ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟੀ।ਉਸ ਅਤਿ ਦੀ ਬਿਪਤਾ ਵੇਲੇ ਮਾਤਾ ਜੀ ਨੂੰ ਗੰਗੂ ਮਿਲ ਗਿਆ।ਗੰਗੂ ਗੁਰੂ ਘਰ ਦਾ ਰਸੋਈਆ ਸੀ।ਗੰਗੂ ਬ੍ਰਾਹਮਣ ਦੇ ਮੇਲ ਦੀ ਪੁਸ਼ਟੀ  ‘ਗੁਰ ਬਿਲਾਸ ਪਾਤਸ਼ਾਹੀ ਦਸਵੀਂ’ ਦੇ ਕਰਤਾ ਸੁੱਖਾ ਸਿੰਘ ਜੀ ਇਉਂ ਕਰਦਾ ਏ-
ਹੁਤੋ ਮਸੰਦ ਨੀਚ ਇਕ ਪਾਪੀ।
ਬਿਪ ਬੰਸ ਚੰਡਾਰ ਸੁ ਖਾਪੀ।
ਰੋਪਰ ਤੇ ਵੁਹ ਰਾਹੁ ਭੁਲਾਈ।
ਨਿਜ ਪੁਰ ਕੋ ਲੈ ਗਯੋ ਕਸਾਈ।
ਸਾਹਿਬਜ਼ਾਦੇ ਦੋਊ ਕੁਮਾਰ।
ਤੀਜੇ ਦਾਦੀ ਸਾਥ ਨਿਹਾਰ।
ਖੱਚਰ ਮਾਯਾ ਨਿਰਖ ਗਵਾਰ।
ਬੂਡੋ ਪਾਪੀ ਲੋਭ ਮਝਾਰ।
ਐਸ ਬਿਚਾਰ ਗਾਂਵ ਲੈ ਆਯੋ।
ਮਾਤਾ ਜੀ!ਯੇਹ ਭੇਦ ਨ ਪਾਯੋ।
    ਇਸ ਮੁਸ਼ਕਿਲ ਸਮੇਂ ਮਾਤਾ ਜੀ ਨੂੰ ਗੰਗੂ ਦਾ ਮਿਲ ਜਾਣਾ ਬਿਹਤਰ ਲੱਗਾ।ਪੰਜਾਬੀ ਕਹਾਵਤ:’ਡੁੱਬਦੇ ਨੂੰ ਤਿਣਕੇ ਦਾ ਸਹਾਰਾ’ ਵਾਲੀ ਗੱਲ ਸੀ।ਗੰਗੂ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ, ਜਿਨੂੰ ਅੱਜ ਕੱਲ੍ਹ ਖੇੜੀ ਵੀ ਕਿਹਾ ਜਾਂਦਾ ਹੈ।ਗੰਗੂ ਨੇ ਘਰ ਲਿਜਾ ਕੇ ਅੰਦਰਲੀ ਕੋਠੀ ਵਿੱਚ ਬਿਠਾ ਦਿੱਤਾ।ਅਸਲ ਵਿੱਚ ਗੰਗੂ ਦਾ ਮਨ ਬੇਈਮਾਨ ਹੋ ਚੁੱਕਾ ਸੀ।ਉਹ ਕਿਵੇਂ ਨਾ ਕਿਵੇਂ ਸਾਰਾ ਧਨ ਹਥਿਆਉਣਾ ਚਾਹੁੰਦਾ ਸੀ।
     ਓਧਰ ਇਨ੍ਹਾਂ ਦਿਨਾਂ ਵਿੱਚ ਨਵਾਬ ਵਜ਼ੀਰ ਖਾਂ ਪਿੰਡ-ਪਿੰਡ ਢੰਡੋਰਾ ਫਿਰਵਾ ਰਿਹਾ ਸੀ ਕਿ ‘ਗੁਰੂ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਪਨਾਹ ਨਾ ਦੇਵੇ।ਅਗਰ ਕਿਸੇ ਨੇ ਪਨਾਹ ਦਿੱਤੀ ਤਾਂ ਪਤਾ ਲੱਗਣ ‘ਤੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਜੇ ਕੋਈ ਗੁਰੂ ਜੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਫੜਾਉਣ ਵਿੱਚ ਮਦਦ ਕਰੇਗਾ ਤਾਂ ਉਨ੍ਹਾਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ।’
    ਇਹ ਢੰਡੋਰਾ ਸੁਣ ਕੇ ਗੰਗੂ ਨੇ ਸੋਚਿਆ ਕਿ ਮਾਤਾ ਜੀ ਤੇ ਬੱਚੇ ਫੜਾ ਦਿੱਤੇ ਜਾਣ ਤਾਂ ਸਰਕਾਰੀ ਇਨਾਮ ਤਾਂ ਮਿਲੇਗਾ ਹੀ, ਸਗੋਂ ਇਹ ਸਾਰਾ ਧਨ ਪਦਾਰਥ ਵੀ ਮੇਰੇ ਕੋਲ ਰਹਿ ਜਾਏਗਾ ਤੇ ਨਾਲੇ ਸਰਕਾਰੀ ਕਰੋਪੀ ਤੋਂ ਬਚ ਜਾਵਾਂਗਾ।ਇਸ ਲਾਲਚੀ ਮਨੋਬਿਰਤੀ ਦਾ ਸ਼ਿਕਾਰ ਗੰਗੂ ਬ੍ਰਾਹਮਣ ਬਦੀ ਕਰਨ ‘ਤੇ ਤੁੱਲ ਗਿਆ।ਗੰਗੂ ਦੀ ਘਰਵਾਲੀ ਨੇ ਉਸਨੂੰ ਲੂਣ ਹਰਾਮੀ ਬਣਨ ਤੋਂ ਰੋਕਿਆ, ਸਮਝਾਇਆ, ਪਰ ਗੰਗੂ ਨਾ ਸਮਝਿਆ।ਹੀਰੇ ਮੋਤੀ ਤੇ ਪਦਾਰਥ ਨੇ ਉਹਨੂੰ ਅੰਨ੍ਹਾ ਕਰ ਦਿੱਤਾ।ਉਸਦੀ ਬਦਲਦੀ ਨੀਤ ਨੇ ਮਾਤਾ ਜੀ ਦਾ ਧਨ ਚੋਰੀ ਕਰ ਲਿਆ।ਪਿਛੋਂ ਰੌਲਾ ਪਾ ਦਿੱਤਾ ਕਿ ਚੋਰ ਘਰ ਲੁੱਟ ਕੇ ਲੈ ਗਏ ਆਦਿ।ਕਵੀ ਜੀ ਲਿਖਿਆ ਏ-
ਨੌਕਰ ਕਾ ਘਰ ਸਮਝ ਕੇ, ਵੁਹ ਬੇਫਿਕਰ ਹੋ ਗਏ।
ਲਗ ਕਰ ਗਲੇ ਸੇ ਦਾਦੀ ਕੇ ਸ਼ਹਿਜ਼ਾਦੇ ਸੌ ਗਏ।
    ਮਾਤਾ ਜੀ ਨੇ ਸਾਰੀ ਗੱਲ ਸਮਝ ਲਈ ਤੇ ਗੰਗੂ ਨੂੰ ਚੁੱਪ ਰਹਿਣ ਲਈ ਆਖਿਆ, ਮਗਰ ਬਦਨੀਤ ਹੋਇਆ ਗੰਗੂ, ਮਾਤਾ ਜੀ ਦੀ ਹਰ ਗੱਲ ਦਾ ਭਾਵ ਉਲਟ ਹੀ ਕੱਢ ਰਿਹਾ ਸੀ।ਅੰਤ ਉਸ ਨੇ ਆਪਣਾ ਨੀਚਪੁਣਾ ਦਿਖਾਉਂਦਿਆਂ ਕਿਹਾ-” ਹਨੇਰ ਸਾਂਈ ਦਾ ! ਮੇਰੀ ਸੇਵਾ ਦਾ ਇਹ ਸਿਲਾ, ਮੈਂ ਤੁਹਾਨੂੰ ਘਰੇ ਪਨਾਹ ਦਿੱਤੀ।ਉਲਟਾ ਤੁਸੀਂ ਮੈਨੂੰ ਚੋਰ ਆਖ ਰਹੇ ਓ।ਮੈਂ ਹੁਣੇ ਮੁਗਲਾਂ ਕੋਲ ਜਾਂਦਾ ਤੇ ਤੁਹਾਨੂੰ ਉਨ੍ਹਾਂ ਦੇ ਹਵਾਲੇ ਕਰਦਾ ਹਾਂ।” ਇਸ ਤਰ੍ਹਾਂ ਦੇ ਬੋਲ ਕੁਬੋਲ ਬੋਲਦਾ ਗੰਗੂ ਮੋਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਨੂੰ ਬੁਲਾ ਲਿਆਇਆ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।ਗੰਗੂ ਦੀ ਇਸ ਕਰਤੂਤ ਦਾ ਜੋਗੀ ਅੱਲ੍ਹਾ ਯਾਰ ਖਾਂ ਨੂੰ ਵੀ ਬੇਹੱਦ ਦੁੱਖ ਹੈ-
ਬਦਜ਼ਾਤ ਬਦਸਿਵਾਤ ਵੁਹ ਗੰਗੂ ਨਿਮਕ ਹਰਾਮ।
ਟੁਕੜੋਂ ਪੈ ਸਤਿਗੁਰੂ ਕੇ ਜੁ ਪਲਤਾ ਰਹਾ ਮੁਦਾਮ।
ਘਰ ਲੈ ਕੇ ਸ਼ਹਿਜ਼ਾਦੋਂ ਕੋ ਆਯਾ ਬਦਲਗਾਮ।
ਥਾ ਜ਼ਰ ਕੇ ਲੂਟਨੇ ਕੋ ਕੀਆ ਯਿਹ ਇੰਤਜ਼ਾਮ।
ਦੁਨੀਆਂ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ।
ਦੁਸ਼ਮਣ ਭੀ ਜੁ ਨਾ ਕਰਤਾ, ਵੁਹ ਯਿ ਕਾਮ ਕਰ ਗਿਆ।
     ਗੰਗੂ ਬ੍ਰਾਹਮਣ ਦੀ ਚੁਗਲੀ ਸਦਕਾ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਕੇ, ਸਰਹਿੰਦ ਭੇਜ ਦਿੱਤੇ।ਜਦ ਨਵਾਬ ਵਜ਼ੀਰ ਖਾਂ ਨੂੰ ਗੰਗੂ ਦੀ ਨਿਮਕ ਹਰਾਮੀ ਦੇ ਕਾਰਨ ਦਾ ਪਤਾ ਲੱਗਾ ਤਾਂ ਉਸ ਨੇ ਇਨਾਮ ਤਾਂ ਕੀ ਦੇਣਾ ਸੀ, ਸਗੋਂ ਚੋਰੀ ਕੀਤਾ ਧਨ ਵੀ ਖੋਹ ਲਿਆ।ਜਿਸ ਧਨ ਬਦਲੇ ਗੰਗੂ ਨੇ ਆਪਣਾ ਦੀਨ ਗਵਾਇਆ, ਉਹ ਵੀ ਕੋਲ ਨਾ ਰਿਹਾ।ਬਾਣੀ ਦਾ ਸਬਕ ਏ-
 ਕਬੀਰ ਦੀਨ ਗਵਾਇਆ ਦੁਨੀ ਸਿਉ
 ਦੁਨੀ ਨ ਚਾਲੀ ਸਾਥਿ॥
 ਪਾਇ ਕੁਹਾੜਾ ਮਾਰਿਆ
 ਗਾਫਲ ਆਪਨੇ ਹਾਥਿ॥
    ਗੰਗੂ ਨੂੰ ਇਨਾਮ ਇਹ ਮਿਲਿਆ ਕਿ ਛਿੱਤਰ-ਪੌਲਾ ਕਰਕੇ ਛੱਡ ਦਿੱਤਾ ਭਾਵ ਜਾਨ ਬਖਸ਼ ਦਿੱਤੀ।ਰਤਨ ਸਿੰਘ ਭੰਗੂ ਜੀ ਦੇ ਕਥਨ ਅਨੁਸਾਰ-“ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦੇ ਜਾਨੀ ਖਾਂ ਮਾਨੀ ਖਾਂ ਨੂੰ ਫੜਾ ਦਿੱਤੇ।ਉਹ ਧਨ ਕੋਲ ਨਾ ਰਿਹਾ।ਕੁਦਰਤ ਦਾ ਐਸਾ ਚਮਤਕਾਰ ਹੋਇਆ ਕਿ ਜਿਸ ਖੋਹ ਵਿੱਚ ਧਨ ਛੁਪਾਇਆ ਸੀ,ਉਥੇ ਨਦੀ ਦਾ ਐਸਾ ਹੜ੍ਹ ਆਇਆ ਕਿ ਸਭ ਕੁੱਝ ਰੋਹੜ ਕੇ ਲੈ ਗਿਆ।”
    ਜਿਸ ਵਕਤ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫ਼ਤਾਰ ਕੀਤੇ, ਉਸ ਵਕਤ ਮਾਤਾ ਗੁਜਰ ਕੌਰ ਜੀ ਦੀ ਉਮਰ 85 ਸਾਲ ਸੀ ਤੇ ਸਾਹਿਬਜ਼ਾਦਿਆਂ ਦੀ ਉਮਰ 9 ਤੇ 7 ਸਾਲ ਦੀ ਸੀ।ਸਰਹਿੰਦ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ।ਇਸ ਬੁਰਜ ਨੂੰ ਅੱਜ ਤੱਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਠੰਡੇ ਬੁਰਜ ਵਿੱਚ ਭੁੱਖਣ-ਭਾਣੀਆਂ ਤਿੰਨ ਜਿੰਦਾਂ ਕੈਦ ਕਰ ਦਿੱਤੀਆਂ।ਪੋਹ ਦਾ ਠੰਡਾ ਮਹੀਨਾ ਏ।ਬਰਫੀਲਾ ਦਿਨ ਤੇ ਪਹਾੜ ਦੀਆਂ ਠੰਢੀਆਂ ਹਵਾਵਾਂ ਤਨ ਨੂੰ ਸੀਤ ਚਾਹੜ ਰਹੀਆਂ ਹਨ।ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਰਾਤ ਬੁਰਜ ਵਿੱਚ ਕੱਟੀ।ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ, ਮੋਤੀ ਰਾਮ ਮਹਿਰਾ ਦੁੱਧ ਲੈ ਕੇ ਹਾਜ਼ਰ ਹੋਇਆ।ਉਸ ਨੇ ਮਾਤਾ ਜੀ ਹੋਰਾਂ ਨੂੰ ਦੁੱਧ ਪਿਆਇਆ।ਮੋਤੀ ਰਾਮ ਜਿਵੇਂ ਆਇਆ, ਉਸੇ ਤਰ੍ਹਾਂ ਵਾਪਸ ਚਲਾ ਗਿਆ।
    ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ ਵਿੱਚ ਪੇਸ਼ ਕੀਤਾ।ਜਾਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਦੁੱਖ, ਤਸੀਹੇ ਤੇ ਡਰਾਵੇ ਵੀ ਦਿੱਤੇ, ਪਰਤੂੰ ਦਸ਼ਮੇਸ਼ ਦੇ ਲਾਲਾਂ ਦੇ ਮਨ ਗੁਰਬਾਣੀ ਦੇ ਸਬਕ ਨਾਲ ਦ੍ਰਿੜ ਹੋ ਚੁੱਕੇ ਸਨ।ਉਹ ਹਾਕਮਾਂ ਦੀਆਂ ਗਿੱਦੜ ਧਮਕੀਆਂ ਨੂੰ ਕੀ ਸਮਝਦੇ ਸਨ ? ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਦਾ ਸੱਚ ਵੱਸਿਆ ਹੋਇਆ ਸੀ।
  ਨਿਰਭਉ ਜਪੈ ਸਗਲ ਭਉ ਮਿਟੈ॥
  ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ॥
                          (ਅੰਗ-293)
 ਡਡਾ ਡਰ ਉਪਜੇ ਡਰੁ ਜਾਈ॥
 ਤਾ ਡਰ ਮਹਿ ਡਰੁ ਰਹਿਆ ਸਮਾਈ॥
 ਜਉ ਡਰ ਡਰੈ ਤਾ ਫਿਰਿ ਡਰੁ ਲਾਗੈ॥
 ਨਿਡਰ ਹੂਆ ਡਰੁ ਉਰ ਹੋਇ ਭਾਗੈ॥
                            (ਅੰਗ-341)
 ਡਰ ਡਰਿ ਮਰੈ ਨ ਬੂਡੈ ਕੋਇ॥
 ਨਿਡਰੁ ਬੂਡਿ ਮਰੈ ਪਤਿ ਖੋਇ॥
 ਡਰ ਮਹਿ ਘਰੁ ਘਰ ਮਹਿ ਡਰੁ ਜਾਣੈ॥
 ਤਖਤਿ ਨਿਵਾਸੁ ਸਚੁ ਮਨਿ ਭਾਣੈ॥
                            (ਅੰਗ-840)
     ਸਾਹਿਬਜ਼ਾਦਿਆਂ ਨੂੰ ਡਰਾਉਣ ਲਈ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕੀਤਾ ਗਿਆ ਤੇ ਬੱਚਿਆਂ ਨੂੰ ਛੋਟੀ ਖਿੜਕੀ ਰਾਹੀਂ ਅੰਦਰ ਲੰਘਣ ਲਈ ਕਿਹਾ।ਕਚਹਿਰੀ ਵਿੱਚ ਲਿਆਉਣ ਵਾਲੇ ਸਿਪਾਹੀ ਵਾਰ-ਵਾਰ ਸਮਝਾ ਰਹੇ ਸਨ ਕਿ ਕਚਹਿਰੀ ਵਿੱਚ ਜਾ ਕੇ ਨਵਾਬ ਨੂੰ ਸਿਰ ਝੁਕਾ ਕੇ ਸਲਾਮ ਕਰਨੀ ਆਦਿ।ਮਗਰ ਮਰਦੇ ਮਜਾਹਿਦ ਦਸ਼ਮੇਸ਼ ਪਿਤਾ ਦੇ ਲਾਲਾਂ ਨੂੰ ਕੌਣ ਭਰਮਾ ਸਕਦਾ ਸੀ ? ਜਿਨ੍ਹਾਂ ਦੇ ਬਾਪ ਨੇ ਕਦੇ ਝੁਕਣਾ ਨਹੀਂ ਸਿੱਖਿਆ, ਉਨ੍ਹਾਂ ਨੂੰ ਕੌਣ ਝੁਕਾ ਸਕਦਾ ਏ ?
     ਸਿਪਾਹੀ ਛੋਟੀ ਖਿੜਕੀ ਰਾਹੀਂ ਸਿਰ ਨਿਵਾ ਕੇ ਅੰਦਰ ਗਏ ਤੇ ਗੁਰੂ ਜੀ ਦੇ ਲਾਲਾਂ ਨੂੰ ਵੀ ਪਿੱਛੇ ਆਉਣ ਲਈ ਕਿਹਾ।ਗੁਰੂ ਜੀ ਦੇ ਲਾਲ ਇੱਕ ਪਲ ਖਿੜਕੀ ਕੋਲ ਰੁਕੇ ਤੇ ਸੋਚਿਆ, ਫਿਰ ਉਨ੍ਹਾਂ ਬੜੀ ਚੁਸਤੀ ਨਾਲ ਪਹਿਲਾਂ ਆਪਣੇ ਪੈਰ ਅੱਗੇ ਕੀਤੇ ਤੇ ਬਿਨਾਂ ਸੀਸ ਝੁਕਾਏ ਅੰਦਰ ਦਾਖਲ ਹੋਏ।ਕਚਹਿਰੀ ਖਚਾ-ਖਚ ਭਰੀ ਹੋਈ ਸੀ।ਵਜੀਰ ਖਾਂ ਦੇ ਨਾਲ ਵੱਡੇ-ਵੱਡੇ ਅਹਿਲਕਾਰ, ਮੁਸਾਹਿਬ, ਫੌਜੀ ਜਰਨੈਲ ਤੇ ਆਸੇ-ਪਾਸੇ ਦੇ ਹਾਕਮ ਬੈਠੇ ਸਨ।ਵਜੀਰ ਖਾਂ ਦਾ ਖਾਸ ਝੋਲੀਚੁੱਕ ਸੁੱਚਾ ਨੰਦ (ਜਿਸ ਨੂੰ ਇਤਿਹਾਸ ਨੇ ਝੂਠਾ ਨੰਦ ਕਰਕੇ ਲਿਖਿਆ ਹੈ) ਵੀ ਨਾਲ ਬੈਠਾ ਸੀ।ਕਚਹਿਰੀ ਵਿੱਚ ਹਾਜ਼ਰ ਹੁੰਦੇ ਸਾਰ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਹਿ ਬੁਲਾਈ।ਫਤਹਿ ਦੀ ਗੂੰਜ ਨਾਲ ਕਚਹਿਰੀ ਵਿੱਚ ਸਨਾਟਾ ਛਾ ਗਿਆ।
    ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨਾਲ ਕਈ ਤਰ੍ਹਾਂ ਦੇ ਸੁਆਲ ਜਵਾਬ ਹੋਏ, ਜਿਨ੍ਹਾਂ ਦੇ ਉੱਤਰ ਗੁਰੂ ਦੇ ਲਾਲਾਂ ਨੇ ਬੜੀ ਜੁਅਰੱਤ ਨਾਲ ਦਿੱਤੇ।ਉਨ੍ਹਾਂ ਦੇ ਚਿਹਰਿਆਂ ‘ਤੇ ਖੌਫ਼ ਸੀ ਨਾ ਡਰ ! ਜ਼ਾਲਮਾਂ ਵਲੋਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ।ਇਸਲਾਮ ਕਬੂਲ ਕਰਨ ਲਈ ਪ੍ਰੇਰਿਆ ਗਿਆ, ਪਰ ਉਹ ਸਫਲ ਨਾ ਹੋਏ।ਫਿਰ ਨਵਾਬ ਵਜ਼ੀਰ ਖਾਂ ਨੇ ਕਾਜ਼ੀ ਨੂੰ ਫਤਵਾ ਲਾਉਣ ਲਈ ਕਿਹਾ, ਮਗਰ ਕਾਜ਼ੀ ਨੇ ਮਜ਼ਬੂਰੀ ਦੱਸੀ ਕਿ ਬੱਚਿਆਂ ‘ਤੇ ਫਤਵਾ ਨਹੀਂ ਲੱਗ ਸਕਦਾ।ਕੁੱਝ ਬਹਾਦਰ ਮੁਸਲਮਾਨ ਲਾਲਾਂ ਨੂੰ ਛੱਡਣ ਲਈ ਕਹਿਣ ਲੱਗੇ, ਬੇਸ਼ੱਕ ਸਾਹਿਬਜ਼ਾਦਿਆਂ  ਵਲੋਂ ਦਿੱਤੇ ਗਏ ਤਰਕ ਭਰਪੂਰ ਜਵਾਬ ਤੇ ਦ੍ਰਿੜਤਾ ਦੇਖ ਕੇ, ਵਜੀਰ ਖਾਂ ਦਾ ਮਾਰਨ ਦਾ ਹੌਸਲਾ ਨਾ ਪਿਆ।ਇਹ ਵੱਖਰੀ ਗੱਲ ਹੈ ਕਿ ਨਵਾਬ ਗੁਰੂ ਦੇ ਲਾਲਾਂ ਨੂੰ ਦਿਲੋਂ ਮਾਰਨਾ ਨਹੀਂ ਸੀ ਚਾਹੁੰਦਾ, ਪਰ ਉਹ ਇਸਲਾਮ ਦੇ ਘੇਰੇ ਵਿੱਚ ਲਿਆਉਣ ਲਈ ਬਹੁਤ ਉਤਾਵਲਾ ਸੀ।ਇਸ ਪ੍ਰਥਾਇ ਉਸਨੇ ਕਈ ਤਰ੍ਹਾਂ ਦੇ ਲਾਲਚ, ਡਰਾਵੇ ਦਿੱਤੇ ਤੇ ਹੱਥ-ਕੰਡੇ ਵਰਤੇ।
    ਪਰਤੂੰ ਉਸ ਵਕਤ ਉੱਥੇ ਇੱਕ ਐਸਾ ਸ਼ਖਸ ਮੌਜੂਦ ਸੀ, ਜਿਹੜਾ ਗੁਰੂ ਜੀ ਦੇ ਲਾਲਾਂ ਨੂੰ ਹਰ ਹਾਲਤ ਵਿੱਚ ਮਰਿਆ ਦੇਖਣਾ ਚਾਹੁੰਦਾ ਸੀ।ਉਹ ਬੜਾ ਉਤਾਵਲਾ ਸੀ ਕਿ ਸ਼ਹਿਜ਼ਾਦੇ ਜਿੰਦਾ ਨਾ ਛੱਡੇ ਜਾਣ, ਬਲਕਿ ਮਾਰ ਦਿੱਤੇ ਜਾਣ।ਉਹ ਸ਼ਖਸ਼ ਕੌਣ ਸੀ ? ਉਹ ਸ਼ਖਸ਼ ਨਵਾਬ ਵਜ਼ੀਰ ਖਾਂ ਦਾ ਖਾਸ ਝੋਲੀ ਚੁੱਕ ਦੀਵਾਨ ਸੁੱਚਾ ਨੰਦ ਖੱਤਰੀ ਸੀ।ਜਿਸ ਦੀ ਗੁਰੂ ਦਸਮੇਸ਼ ਪਿਤਾ ਜੀ ਨਾਲ ਕੁੱਝ (ਸਾਕ ਕਰਨ ਦੇ ਮਾਮਲੇ ਵਿੱਚ) ਜਾਤੀ ਰੰਜਿਸ਼ ਸੀ।ਭਾਈ ਰਤਨ ਸਿੰਘ ਭੰਗੂ ਜੀ ਦੇ ਸ਼ਬਦਾਂ ਅਨੁਸਾਰ-
  ਔਰ ਖੱਤਰੀ ਸੁੱਚਾ ਨੰਦ ਨਾਮ।
  ਕਿਤ ਘੱਲਯੋ ਥੋ ਕਰਨ ਸਾਕ ਗੁਰਧਾਮ।
 ਗੁਰੂ ਨ ਮੰਨਯੋ ਉਸ ਰਾਖਯੋ ਯਾਦ।
 ਇਮ ਕਰ ਸਮਝਯੋ ਉਨ ਵਹਿ ਬਾਦ।
 ਉਨ ਕਹਯੋ ਨਵਾਬ!ਏਸਰਪ ਬਿਸੂਰੇ।
 ਛੋਟੇ ਬਡੇ ਏ ਡਸਗ ਜਰੂਰੇ।
     ਇਸ ਗੱਲ ਦੇ ਗੁੱਸੇ ਕਰਕੇ ਤੇ ਆਪਣੀ ਮੁਗਲਾਂ ਪ੍ਰਤੀ ਵਫ਼ਾਦਾਰੀ ਜ਼ਾਹਰ ਕਰਨ ਲਈ ਸੁੱਚੇ ਨੰਦ ਨੇ ਕਿਹਾ, “ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਹਨ, ਉਹ ਕਦੇ ਮਿੱਤਰ ਨਹੀਂ ਬਣਦੇ।ਫ਼ਰਦੌਸੀ ਕਵੀ ਦਾ ਇੱਕ ਸ਼ੇਅਰ ਏ ਕਿ ਸੱਪ ਨੂੰ ਮਾਰਨ ਤੇ ਉਸ ਦੇ ਬੱਚੇ ਨੂੰ ਪਾਲੀ-ਪੋਸੀ ਜਾਣਾ, ਸਿਆਣਪ ਨਹੀਂ।ਸੱਚ ਜਾਣੋ ਕਿ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਏ।ਉਸ ਨੂੰ ਛੱਡਣਾ ਯੋਗ ਨਹੀਂ।”
  ਅਫ਼ੀ ਰਾ ਕੁਸ਼ਤਨ ਵ ਬਚਾ
  ਅਸ਼ ਰਾ ਸਗਾ ਦਾਸ਼ਤਨ।
  ਕਾਰ ਖਿਰਦ ਮੰਦਾਂ ਨੇਸਤ ਜਹਿਦਾਂ
  ਗੁਰਗ ਜ਼ਾਦਾ ਗੁਰਗ ਸ਼ਵਦ।
     ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਿੱਚ ਸਭ ਤੋਂ ਜਿਆਦਾ ਰੋਲ ਸੁੱਚਾ ਨੰਦ ਖੱਤਰੀ ਦਾ ਸੀ।ਤਾਰੀਖੇ ਪੰਜਾਬ ਦਾ ਲੇਖਕ ਲਿਖਦਾ ਏ-‘ਅਸਲ ਵਿੱਚ ਵਜੀਰ ਖਾਂ ਦੀ ਭੋਲੇ-ਭਾਲੇ ਬੱਚਿਆਂ ਨੂੰ ਕਤਲ ਕਰਨਦੀ ਕੋਈ ਇੱਛਾ ਨਹੀਂ ਸੀ, ਪਰ ਸੁੱਚਾ ਨੰਦ ਨੇ ਚੁੱਕ-ਚੁੱਕਾ ਕੇ ਇਹ ਸਾਕਾ ਕਰਵਾ ਦਿੱਤਾ।ਬੇਸ਼ੱਕ ਸ਼ੇਰ ਮੁਹੰਮਦ ਖਾਨ ਨੇ ਨਾਬਾਲਗ ਬੱਚਿਆਂ ਨੂੰ ਮਾਰਨਾ ਸ਼ਰਾ ਦੇ ਉਲਟ ਦੱਸਿਆ।’
     ਸੁੱਚੇ ਨੰਦ ਦੀ ਗੁਰੂ ਪੁੱਤਰਾਂ ਪ੍ਰਤੀ ਨਫ਼ਰਤ ਦੀ ਝਲਕ ਹਰੇਕ ਇਤਿਹਾਸ ਵਿੱਚੋਂ ਸਾਫ਼ ਦੇਖੀ ਜਾ ਸਕਦੀ ਏ।ਇਤਿਹਾਸ ਦੇ ਕੁੱਝ ਹਵਾਲੇ-
     ਭਾਈ ਦੁਨੀ ਚੰਦ ਆਪਣੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਅਨੁਸਾਰ ਸੁੱਚੇ ਨੰਦ ਨੇ ਕਿਹਾ-
  ਨੀਕੇ ਬਾਰਕ ਤੁਮ ਮਤ ਜਾਨਹੁ।
  ਨਾਗਹੁ ਕੇ ਇਹ ਪੁੱਤ ਬਖਾਨਉ।
  ਤੁਮਰੇ ਹਾਥ ਆਜ ਯਹ ਆਏ।
  ਕਰਹੁ ਅਬੈ ਅਪਨੇ ਮਨ ਭਾਏ।
     ਲਾਲਾ ਦੌਲਤ ਰਾਏ ਲਿਖਦਾ ਹੈ-‘ਸੁੱਚੇ ਨੰਦ ਨੇ ਕਿਹਾ ਕਿ ਆਮ ਕਹਾਵਤ ਪ੍ਰਚਲਤ ਹੈ : ਤੁੰਮਿਓਂ ਤਰਬੂਜ ਨਾ ਹੁੰਦੇ, ਜੇ ਲੱਖ ਪਿਉਂਦਾਂ ਲਾਈਏ।ਖਾਰੇ ਖੂਹ ਨਾ ਮਿੱਠੇ ਹੁੰਦੇ, ਜੇ ਸੈ ਮਣਾਂ ਖੰਡ ਪਾਈਏ।ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ, ਭਾਵੇਂ ਚੁਲੀਆਂ ਭਰ-ਭਰ ਦੁੱਧ ਪਿਆਈਏ।ਤੇ ਇਨ੍ਹਾਂ ਬੱਚਿਆਂ ਨੂੰ ਕਦੇ ਛੱਡਣਾ ਨਹੀਂ ਚਾਹੀਦਾ।’ (ਪੰਨਾ-193)
    ਇਤਿਹਾਸ ਦੇ ਲੇਖ ਅਨੁਸਾਰ, ਜਦ ਸਾਹਿਬਜ਼ਾਦਿਆਂ ਨੂੰ ਛੱਡਣ ਦਾ ਫੈਸਲਾ ਹੋ ਗਿਆ ਤਾਂ ਸੁੱਚੇ ਨੰਦ ਨੇ ਬੱਚਿਆਂ ਨੂੰ ਪੁੱਛਿਆ, ‘ਜੇ ਤੁਹਾਨੂੰ ਛੱਡ ਦਿੱਤਾ ਤਾਂ ਤੁਸੀਂ ਕੀ ਕਰੋਗੇ ?’ ਤਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਬੋਲੇ,’ਅਸੀਂ ਖਿੰਡੇ ਹੋਏ ਸਿੱਖਾਂ ਨੂੰ ਇਕੱਠੇ ਕਰਕੇ ਤੁਹਾਡੇ ਨਾਲ ਲੜਾਂਗੇ।’ ਇਹ ਸੁਣ ਕੇ ਸੁੱਚੇ ਨੰਦ ਨੇ ਕਿਹਾ, ‘ਜੇ ਤੁਸੀਂ ਫਿਰ ਪਕੜੇ ਗਏ ਤਾਂ ਫਿਰ ਕੀ ਕਰੋਗੇ?’ ਤਦ ਸਾਹਿਬਜ਼ਾਦਾ ਜੀ ਕੜਕ ਬੋਲੇ-‘ਕੰਨ ਖੋਲ੍ਹ ਕੇ ਸੁਣ ਲਉ, ਜਦ ਤੱਕ ਇਹ ਜ਼ਾਲਮ ਹਕੂਮਤ ਨਸ਼ਟ ਨਹੀਂ ਹੋ ਜਾਂਦੀ, ਅਸੀਂ ਲੜਦੇ ਰਹਾਂਗੇ।ਓਦੋਂ ਤੱਕ ਲੜਦੇ ਰਹਾਂਗੇ, ਜਦ ਤੱਕ ਇਹ ਜ਼ੁਲਮੀ ਰਾਜ ਖਤਮ ਨਹੀਂ ਹੋ ਜਾਂਦਾ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ।’ ਗੁਰੂ ਜੀ ਦੇ ਲਾਲਾਂ ਦੇ ਚੜ੍ਹਦੀ ਕਲਾ ਵਾਲੇ ਜਵਾਬ ਸੁਣ ਕੇ, ਕਚਹਿਰੀ ਵਿੱਚ ਬੈਠੇ ਲੋਕ ਅਵਾਕ ਰਹਿ ਗਏ।ਇਸ ਤਰ੍ਹਾਂ ਦੇ ਵਾਰਤਾਲਾਪ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਫਿਰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ।ਕਈ ਇਤਿਹਾਸਕਾਰਾਂ ਦੀ ਰਾਇ ਹੈ ਕਿ ਬੱਚਿਆਂ ਨੂੰ ਮਾਤਾ ਜੀ ਤੋਂ ਅੱਡ ਰੱਖਿਆ ਗਿਆ।ਉਨ੍ਹਾਂ ਦੇ ਹੱਥਾਂ-ਪੈਰਾਂ ਨੂੰ ਜ਼ੰਜੀਰਾਂ ਨਾਲ ਕੱਸ ਦਿੱਤਾ ਗਿਆ ਤੇ ਖਾਣ ਨੂੰ ਵੀ ਕੁੱਝ ਨਾ ਦਿੱਤਾ।ਸਗੋਂ ਇਸਲਾਮ ਕਬੂਲਣ ਲਈ ਦਬਾਅ ਪਾਇਆ ਜਾਂਦਾ ਰਿਹਾ।ਇਸ ਤਰ੍ਹਾਂ ਰਾਤ ਬੀਤ ਗਈ।
     ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਦੁਆਰਾ ਕਚਹਿਰੀ ਵਿੱਚ ਸੱਦਿਆ ਗਿਆ।ਲਾਲਚ, ਡਰਾਵੇ, ਮੌਤ ਦੀਆਂ ਧਮਕੀਆਂ ਤੇ ਇਸਲਾਮ ਕਬੂਲ ਕਰਨਦੀ ਪੇਸ਼ਕਸ਼ ਆਦਿ ਫਿਰ ਦੁਹਰਾਈ ਗਈ।ਮਗਰ ਸਾਹਿਬਜ਼ਾਦਿਆਂ ਦੇ ਅਡੋਲ ਮਨ ਕਿਸੇ ਬਹਿਕਾਵੇ ਵਿੱਚ ਨਾ ਆਏ।ਉਨ੍ਹਾਂ ਸਪੱਸ਼ਟ ਲਫ਼ਜਾਂ ਵਿੱਚ ਆਖਿਆ, ‘ਚਾਰ ਦਿਨਾਂਦੀ ਐਸ਼ ਬਦਲੇ, ਆਪਣਾ ਧਰਮ ਗਵਾਉਣਾ ਮਰਦਾਂ ਦਾ ਕੰਮ ਨਹੀਂ।ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ।ਤੂੰ ਜੋ ਕਰਨਾ ਏ-ਕਰ, ਅਸੀਂ ਤੇਰੇ ਹਰ ਜ਼ੁਲਮ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ।’ ਅੱਲ੍ਹਾ ਯਾਰ ਖਾਂ ਉਸ ਦ੍ਰਿਸ਼ ਨੂੰ ਇਸ ਤਰ੍ਹਾਂ ਕਲਮਬੱਧ ਕਰਦਾ ਏ-
 ਰੋਕਾ ਜੁ ਜ਼ੁਲਮ ਸੇ ਤੋ ਮੁਸਲਮਾਂ ਬਿਗੜ ਗਏ।
ਬੁੱਤ ਕੋ ਬੁਰਾ ਕਹਾ ਤੋ ਯਿ ਹਿੰਦੂ ਬਿਟਰ ਗਏ।
ਫੌਜੋਂ ਪਿ ਨਾਜ਼ ਇਨੇਂ, ਉਨ੍ਹੇ ਦੇਵੀ ਕਾ ਮਾਨ ਹੈ।
ਆਸ਼ਕ ਹੈਂ ਹਮ ਖੁਦਾ ਕੇ ਹਥੇਲੀ ਪਿ ਜਾਨ ਹੈ।
ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ।
ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ।
ਉਪਦੇਸ਼ ਅਪਨਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ।
ਹਮ ਕਹ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ।
      ਫਿਰ ਨਵਾਬ ਵਜ਼ੀਰ ਖਾਂ ਨੇ ਬੱਚਿਆਂ ਅੱਗੇ ਪੇਸ਼ਕਸ਼ ਰੱਖੀ-‘ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਮੈਂ ਤੁਹਾਡੀ ਪਾਤਸ਼ਾਹ ਔਰੰਗਜ਼ੇਬ ਤੱਕ ਪਹੁੰਚ ਕਰ ਦਿਆਂਗਾ।ਪਾਤਸ਼ਾਹ ਤੁਹਾਨੂੰ ਪਿਆਰ ਨਾਲ ਆਪਣੇ ਕੋਲ ਰੱਖੇਗਾ।ਹੋ ਸਕਦਾ ਏ, ਆਪਣੀ ਲੜਕੀ ਨਾਲ ਵਿਆਹ ਕਰਕੇ ਸੂਬੇਦਾਰ ਬਣਾ ਦੇਵੇ।’ ਗੁਰ ਬਿਲਾਸ ਪਾ:ਦਸਵੀਂ ਅਨੁਸਾਰ-
  ਤੁਮੈ ਸਾਹ ਕੋ ਮੇਲ ਕਰਾਵੈਂ।
  ਬਹੁ ਦੇਸਨ ਕੋ ਰਾਜ ਦਿਵਾਵੈਂ।
  ਪਟ ਭੂਖਨ ਤੁਮ ਅਨਗਨ ਦੈਂ ਹੈਂ।
  ਦੁਖਤਰ ਸਹਿਤ ਸੂਬ ਤੁਮ ਕੈ ਹੈ।
   ਜੇਤੀ ਨਾਰ ਚਾਹੇ ਜੋ ਦੇਹੀ।
   ਨੀਲ ਪਟੰਬਰ ਧਾਰੋ ਏਹੀ।
    ਤਾਂ ਅੱਗੋਂ ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ-‘ਲਾਹਨਤ ਹੈ ਤੁਹਾਡੀ ਐਸੀ ਸੋਚ ‘ਤੇ! ਤੂੰ ਸਾਡੇ ਗੁਰੂ ਘਰ ਦੀ ਰੀਤ ਨਹੀਂ ਜਾਣਦਾ।ਲੈ ਸੁਣ-ਹਮਰੇ ਬੰਸ ਰੀਤ ਇਮ ਆਈ।ਸੀਸ ਦੇਤ ਪਰ ਧਰਮ ਨਹਿ ਜਾਈ।ਨਾਲੇ ਔਰੰਗਜ਼ੇਬ ਤਾਂ ਜ਼ਾਲਮ ਬਾਦਸ਼ਾਹ ਹੈ, ਉਸ ‘ਤੇ ਅਸੀਂ ਇਤਬਾਰ ਨਹੀਂ ਕਰਦੇ।’ ਜੋਗੀ ਜੀ ਦੀ ਜ਼ੁਬਾਨੀ ਗੁਰੂ ਦੇ ਲਾਲਾਂ ਦਾ ਉੱਤਰ-
ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ।
ਮਰਨਾ ਪਿਤਾ ਕਾ ਜਿਸਕੋ ਖੁਸ਼ੀ ਕੀ ਨਵੈਦ ਹੋ।
ਕਤਲਿ ਬਰਾਦਰਾਂ ਜਿਸੇ ਮਾਮੂਲੀ ਸੈਦ ਹੋ।
ਨੇਕੀ ਕੀ ਉਸ ਸੇ ਖ਼ਲਕ ਕੋ ਫਿਰ ਕਿਆ ਉਮੈਦ ਹੋ।
ਬੁਲਵਾ ਕੇ ਦਿੱਲੀ ਤੇਗ ਬਹਾਦਰ ਕੀ ਜਾਨ ਲੀ।
ਮਰਨੇ ਕੀ ਹਮ ਨੇ ਭੀ ਜਬੀ ਆਨ ਠਾਨ ਲੀ।
ਕੁਛ ਬੁੱਤ-ਪ੍ਰਸਤ ਭੀ ਨਹੀਂ, ਨਾ ਬੁੱਤਸ਼ਿਕਨ ਹੈਂ ਹਮ।
ਅੰਮ੍ਰਿਤ ਛਕਾ ਹੈ ਜਬ ਸੇ ਨਿਹਾਇਤ ਮਗਨ ਹੈਂ ਹਮ।
ਮਜ਼ਹਬ ਕੋ ਬਾਦਸ਼ਾਹ ਨੇ ਬਟਾ ਲਗਾ ਦੀਆ।
ਹਮ ਨੇ ਅਮਲ ਸੇ ਪੰਥ ਕੋ ਅੱਛਾ ਬਨਾ ਦੀਆ।
     ਆਖਰ ਬੇਦਰਦ, ਜ਼ਾਲਮ ਤੇ ਬੁੱਚੜ ਸੂਬੇ ਨੇ ਲਾਲਾਂ ਨੂੰ ਸਜ਼ਾ ਦੇਣ ਦਾ ਇਰਾਦਾ ਕਰ ਲਿਆ।ਕਾਜ਼ੀ ਨੂੰ ਫਤਵਾ ਲਾਉਣ ਲਈ ਕਿਹਾ।ਫਤਵਾ ਲੱਗਾ ਕਿ ਬੱਚੇ ਕਸੂਰਵਾਰ ਹਨ, ਜੋ ਹਰ ਹਾਲਤ ਵਿੱਚ ਬਗ਼ਾਵਤ ਕਰਨ ਲਈ ਤੁੱਲੇ ਹੋਏ ਨੇ।ਇਸ ਲਈ ਏਹਨਾਂ ਨੂੰ ਜਿਊਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏ।ਇਸ ਫਤਵੇ ਤੋਂ ਬਾਅਦ ਰਾਇ ਬਣੀ ਕਿ ਬੱਚਿਆਂ ਨੂੰ ਮਲੇਰਕੋਟਲੇ ਵਾਲੇ ਨਵਾਬ ਦੇ ਸਪੁਰਦ ਕੀਤਾ ਜਾਏ ਤਾਂ ਕਿ ਉਹ ਆਪਣੇ ਵਡੇਰਿਆਂ ਦਾ ਬਦਲਾ ਲੈ ਲਵੇ।ਸਾਰੀ ਦੁਨੀਆਂ ਬੇਦਰਦ ਤੇ ਜ਼ਾਲਮ ਨਹੀਂ ਹੁੰਦੀ।ਨਾ ਸਾਰੇ ਦਿਲ ਪੱਥਰ ਹੁੰਦੇ ਹਨ।ਸ਼ੇਰ ਮੁਹੰਮਦ ਨੇ ਜਵਾਬ ਦੇ ਦਿੱਤਾ-‘ਸਾਡੇ ਭਰਾ ਜੰਗ ਵਿੱਚ ਲੜ ਕੇ ਮਰੇ ਆ, ਉਸਦਾ ਬਦਲਾ ਮੈਂ ਜੰਗ ਵਿੱਚ ਲੜ ਕੇ ਲੈ ਸਕਦਾਂ, ਉਹ ਵੀ ਗੁਰੂ ਗੋਬਿੰਦ ਸਿੰਘ ਤੋਂ!ਇਨ੍ਹਾਂ ਮਾਸੂਮ ਬੱਚਿਆਂ ਨੂੰ ਮਾਰਨਾ ਕਿੱਡੀ ਕੁ ਬਹਾਦਰੀ ਏ ? ਨਾਲੇ ਕਸੂਰ ਪਿਉ ਦਾ ਹੋਏ, ਸਜ਼ਾ ਪੁੱਤਰਾਂ ਨੂੰ ਦਿੱਤੀ ਜਾਏ।ਇਹ ਕਿੱਧਰ ਦਾ ਇਨਸਾਫ ਹੈ ? ਬੱਚਿਆਂ ਨੂੰ ਛੱਡ ਦੇਣਾ ਯੋਗ ਏ, ਮਾਰ ਦੇਣਾ ਕਾਇਰਤਾ ਏ।ਮਾਸੂਮ ਬੱਚਿਆਂਦਾ ਕਤਲ ਕਰਨਾ, ਕਿਸੇ ਵੀ ਸ਼ਰਾ ਵਿੱਚ ਨਹੀਂ ਲਿਖਿਆ।’
 ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
 ਮਹਿਫੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
      ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਪਰ ਕਰਤਾਰ ਦੀ ਐਸੀ ਖੇਡ ਕਿ ਕੋਈ ਜਲਾਦ ਬੱਚਿਆਂ ਨੂੰ ਸ਼ਹੀਦ ਕਰਨ ਲਈ ਤਿਆਰ ਨਾ ਹੋਇਆ।
    ਅਗਲੇ ਦਿਨ ਦਿੱਲੀ ਦੇ ਸ਼ਾਹੀ ਜਲਾਦ ਸ਼ਾਸਲ ਬੇਗ ਤੇ ਬਾਸਲ ਬੇਗ ਆਪਣੇ ਇੱਕ ਮੁਕੱਦਮੇ ਦੀ ਸੁਣਵਾਈ ਸੰਬੰਧੀ ਸਰਹਿੰਦ ਪਹੁੰਚੇ।ਉਨ੍ਹਾਂ ਨੇ ਮੁਕੱਦਮੇ ‘ਚੋਂ ਬਰੀ ਕਰਨ ਦੇ ਇਵਜ਼ ਵਜੋਂ ਸ਼ਹੀਦ ਕਰਨਾ ਮੰਨ ਲਿਆ।
     13 ਪੋਹ ਦਾ ਠੰਡੀਲਾ ਦਿਨ ਸੀ।ਠੰਡੀ-ਠੰਡੀ ਹਵਾ ਵਗ ਰਹੀ ਸੀ।ਅੰਗਰੇਜ਼ੀ ਮਹੀਨੇ ਦੀ ਤਾਰੀਖ 27 ਦਸੰਬਰ 1704 ਈ: ਸੀ।ਗੁਰੂ ਜੀ ਦੇ ਲਾਲਾਂ ਨੂੰ ਜੱਲਾਦਾਂ ਦੇ ਹਵਾਲੇ ਕਰ ਦਿੱਤਾ।ਜੱਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜ੍ਹਾ ਕਰਕੇਕੰਧ ਚਿਣਨੀ ਸ਼ੁਰੂ ਕਰ ਦਿੱਤੀ।ਕੰਧ ਤਿਆਰ ਹੋ ਰਹੀ ਸੀ।ਦੋਵੇਂ ਲਾਲ ਖੁਸ਼ ਚਿੱਤ ਅਡੋਲ ਖੜ੍ਹੇ ਸਨ।ਦੁੱਖ ਤਸੀਹਿਆਂ ਦੀ ਅਤਿ ਪੀੜਾ ਨਾਲ ਨਾ ਹੋਂਠ ਕੰਬੇ ਨਾ ਅੱਖਾਂ ਵਿੱਚ ਹੰਝੂ ਆਏ।ਲੱਤਾਂ ਕੰਬੀਆਂ ਨਾ ਚਿਹਰੇ ਦਾ ਰੰਗ ਬਦਲਿਆ।ਦਿਲ ਘਬਰਾਇਆ ਨਾ ਮੱਥੇ ‘ਤੇ ਪਸੀਨੇ ਦੀ ਕੋਈ ਬੂੰਦ ਟਪਕੀ।ਵਾਹ ! ਕਿੰਨਾ ਹੌਂਸਲਾ ? ਕੈਸਾ ਦਿਲ ? ਕਿੰਨੀ ਹਿੰਮਤ ? ਕਿੰਨਾ ਜੋਸ਼ ? ਕਿੰਨਾ ਬਲ ? ਕਿੰਨੀ ਸ਼ਕਤੀ ਸੀ ਉਨ੍ਹਾਂ ਮਾਸੂਮ ਹਿਰਦਿਆਂ ਵਿੱਚ ? ਪੜਣ ਵਾਲੇ ਸੱਜਣੋ ! ਜ਼ਰਾ ਆਪਣੇ ਅੰਦਰ ਝਾਤੀ ਮਾਰੋ, ਉਹ ਮਾਸੂਮ ਬਾਲਕ ਕਿਵੇਂ ਸ਼ਾਂਤ, ਬੇਪ੍ਰਵਾਹ, ਬੇਖੌਫ ਆਪਣੇ ਧਰਮ ਵਿੱਚ ਅਡੋਲ ਖੜ੍ਹੇ; ਵਾਹਿਗੁਰੂ ਦਾ ਜਾਪ ਕਰ ਰਹੇ ਸੀ।ਇਹ ਜੋਸ਼, ਇਹ ਹਿੰਮਤ, ਇਹ ਬਹਾਦਰੀ ਤੇ ਨਿਡਰਤਾ ਕਿਸ ਬਖਸ਼ੀ ? ਗੁਰੂ ਪਿਤਾ ਦੇ ਗੁਰਮਤਿ ਗਿਆਨ ਨੇ ! ਇੱਕ ਪਾਸੇ ਕੰਧ ਉਸਰ ਰਹੀ ਹੈ, ਨਾਲ-ਨਾਲ ਕਾਜ਼ੀ, ਨਵਾਬ ਤੇ ਜੱਲਾਦ ਇਸਲਾਮ ਕਬੂਲਣ ਲਈ ਕਹਿ ਰਹੇ ਸੀ, ਪਰ ਉਹ ਬਹਾਦਰ ਯੋਧੇ ਅਖੀਰ ਤੱਕ ਏਹੀ ਕਹਿੰਦੇ ਰਹੇ-
  ਹਮ ਜਾਨ ਦੇ ਕੇ, ਔਰੋਂ ਕੀ ਜਾਨੇਂ ਬਚਾ ਚਲੇ।
  ਸਿੱਖੀ ਕੀ ਨੀਵ ਹਮ ਹੈਂ ਸਰੋਂ ਪਿ ਉਠਾ ਚਲੇ।
  ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।
  ਸਿੰਘੋਂ ਕੀ ਸਲਤਨਤ ਕਾ ਹੈ ਪੌਦ ਲਗਾ ਚਲੇ।
     ਆਖਰ ਜ਼ਾਲਮ ਹਕੂਮਤ ਨੇ ਦੋਹਾਂ ਲਾਲਾਂ ਨੂੰ ਕੰਧ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ।ਲਾਲਾਂ ਦੀ ਸ਼ਹੀਦੀ ਦੀ ਖ਼ਬਰ ਜਦ ਮਾਤਾ ਜੀ ਨੂੰ ਮਿਲੀ ਤਾਂ ਮਾਤਾ ਜੀ ਨੇ ਵੀ ਯੋਗ ਸਮਾਧੀ ਦੁਆਰਾ ਪ੍ਰਾਣ ਤਿਆਗ ਦਿੱਤੇ।ਕਈ ਇਤਿਹਾਸਾਂ ਵਿੱਚ ਲਿਖਿਆ ਏ ਕਿ ਮਾਤਾ ਜੀ ਨੇ ਆਪਣੇ ਪੋਤਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਬੁਰਜ ਤੋਂ ਛਾਲ ਮਾਰ ਦਿੱਤੀ ਤੇ ਪ੍ਰਾਣ ਤਿਆਗ ਦਿੱਤੇ।ਇਹ ਦਲੀਲ ਬਹੁਤੀ ਜੱਚਦੀ ਨਹੀਂ ਕਿਉਂਕਿ ਜਿਹੜੀ ਮਾਤਾ ਆਪਣੇ ਪੋਤਿਆਂ ਨੂੰ ਹਰ ਰੋਜ਼ ਸ਼ਹੀਦੀ ਗਾਥਾ ਸੁਣਾਉਂਦੀ ਸੀ।ਧਰਮ ਬਦਲੇ ਸੀਸ ਵਾਰਨ ਦੀ ਵਾਰਤਾ ਦ੍ਰਿੜ ਕਰਵਾਉਂਦੀ ਸੀ।ਉਹ ਪੋਤਿਆਂ ਦੀ ਸ਼ਹੀਦੀ ਸੁਣ ਕੇ,  ਬੁਰਜ ਤੋਂ ਛਾਲ ਮਾਰ ਦੇਵੇਗੀ।ਨਹੀਂ, ਇਹ ਮਨਘੜਤ ਕਹਾਣੀ ਹੈ।ਹੋ ਸਕਦਾ ਏ, ਜ਼ਾਲਮਾਂ ਨੇ ਮਾਤਾ ਜੀ ਨੂੰ ਆਪ ਹੀ ਬੁਰਜ ਤੋਂ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਹੋਵੇ।ਜਿਸ ਨਾਲ ਮਾਤਾ ਜੀ ਸ਼ਹੀਦ ਹੋ ਗਏ ਹੋਣ, ਪਿਛੋਂ ਆਪਣੇ ਇਸ ਪਾਪ ‘ਤੇ ਪਰਦੇ ਪਾਉਣ ਲਈ ਮੁਗਲ ਹਕੂਮਤ ਨੇ ਗੱਲ ਉਡਾ ਦਿੱਤੀ ਹੋਵੇ ਕਿ ਮਾਤਾ ਗੁਜਰ ਕੌਰ ਜੀ ਨੇ ਪੋਤਿਆਂ ਦੀ ਸ਼ਹੀਦੀ ਬਾਰੇ ਸੁਣ ਕੇ, ਬੁਰਜ ਤੋਂ ਛਾਲ ਮਾਰ ਕੇ ਪ੍ਰਾਣ ਤਿਆਗ ਦਿੱਤੇ ਹਨ।ਮਾਤਾ ਗੁਜਰੀ ਜੀ ਬਾਰੇ ਕਿਸੇ ਕਵੀ ਨੇ ਬਹੁਤ ਖੂਬਸੂਰਤ ਲਿਖਿਆ ਏ-
  ਕਹਿੰਦੇ ਸਰਹਿੰਦ ਵਿੱਚ ਇੱਕ ਗੁਜਰੀ,
  ਕੁੱਝ ਸਮਾਂ ਗੁਜਾਰ ਕੇ ਗੁਜਰ ਗਈ।
  ਇੱਕ ਰਾਤ ਦੇ ਰਹਿਣ ਦਾ ਇਵਜ਼ਾਨਾ,
  ਦੋ ਹੀਰੇ ਵਾਰ ਕੇ ਗੁਜਰ ਗਈ।
  ਕੱਲ੍ਹ ਠੰਡੇ ਬੁਰਜ ਵਿੱਚ ਠੰਢ ਵੇਲੇ,
  ਉਸ ਰਾਤ ਗੁਜਾਰੀ ਠਰ-ਠਰ ਕੇ।
  ਅੱਜ ਜ਼ੁਲਮ ਦੀ ਵਰੵਦੀ ਅੱਗ ਸਿਰ ‘ਤੇ,
  ਦਿਨ ਵਕਤ ਸਹਾਰ ਕੇ ਗੁਜਰ ਗਈ।
     ਮਾਤਾ ਜੀ ਤੇ ਸਾਹਿਬਜ਼ਾਦੇ ਹਮੇਸ਼ਾਂ ਲਈ ਦੁਨੀਆਂ ਤੋਂ ਰੁਖਸਤ ਹੋ ਗਏ।ਬੇਸ਼ੱਕ ਉਹ ਸਰੀਰਕ ਤੌਰ ‘ਤੇ ਖਤਮ ਕਰ ਦਿੱਤੇ ਗਏ, ਪਰ ਉਨ੍ਹਾ ਦੀ ਯਾਦ ਸਦਾ ਲਈ ਸਾਡੇ ਦਿਲਾਂ ਵਿੱਚ ਕਾਇਮ ਹੋ ਗਈ।ਮਰਨਾ ਤਾਂ ਹਰ ਇੱਕ ਨੇ ਹੈ, ਮਗਰ ਮੌਤ ਉਹ, ਜੋ ਦੇਸ਼, ਧਰਮ ਤੇ ਜ਼ੁਲਮ ਖਿਲਾਫ਼ ਜੂਝਦਿਆਂ ਆਏ।ਦੋਹਾਂ ਲਾਲਾਂ ਨੇ ਮਰਕੇ ਦੱਸ ਦਿੱਤਾ ਕਿ ਧਰਮ ਤੇ ਦੇਸ਼ ਦੀ ਖਾਤਰ ਕਿੰਝ ਮਰਨਾ ਏ ? ਬੇਸ਼ੱਕ ਜ਼ਾਲਮਾਂ ਨੇ ਸੋਚਿਆ ਸੀ ਕਿ ਅਸਾਂ ਸੱਚ ਦੀ ਅਵਾਜ਼ ਦਾ ਗਲਾ ਘੁੱਟ ਦਿੱਤਾ ਏ, ਪਰ ਸੱਚ ਤਾਂ ਸੱਚ ਹੀ ਹੁੰਦਾ ਏ।ਜੋ ਨਾ ਦਬਾਇਆ ਜਾ ਸਕਦਾ ਏ ਤੇ ਨਾ ਝੂਠਲਾਇਆ।ਲਾਲਾ ਦੌਲਤ ਰਾਏ ਜੀ ਲਿਖਦੇ ਹਨ-‘ਉਹ ਕੌਮ ਸਦਾ ਹੀ ਜ਼ਿੰਦਾ ਰਹਿੰਦੀ ਏ, ਜਿਸ ਵਿੱਚ ਅਜਿਹੇ ਵੀਰ ਬੱਚੇ ਪੈਦਾ ਹੁੰਦੇ ਹਨ।ਉਹ ਧਰਤੀ ਪਾਕ-ਪਵਿੱਤਰ ਹੈ, ਜਿਸ ਦੀ ਗੋਦ ਵਿੱਚ ਅਜਿਹੇ ਪੁੱਤਰ ਪਲਦੇ ਹਨ।’
    ਮੈਥਲੀ ਸ਼ਰਨ ਗੁਪਤ ਆਪਣੇ ਮਹਾਂਕਾਵਿ ਵਿੱਚ ਲਿਖਦਾ ਹੈ-
   ਜਿਸ ਕੁਲ, ਕੌਮ, ਜਾਤ ਕੇ ਬੱਚੇ,
   ਦੇ ਸਕਤੇ ਯੂੰ ਬਲੀਦਾਨ।
   ਉਸ ਕਾ ਵਰਤਮਾਨ ਕੁੱਝ ਭੀ ਹੋ,
   ਭਵਿੱਸ਼ ਹੈ ਮਹਾਂ ਮਹਾਨ।
     ਇਸ ਸ਼ਹੀਦੀ ਗਾਥਾ ਨਾਲ ਹਰ ਪਾਸੇ ਹਾਹਾਕਾਰ ਮੱਚ ਗਈ।ਸ਼ਹਾਦਤ ਨੇ ਹਰ ਅਣਖੀ ਬੰਦੇ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਐਸੇ ਜੀਵਨ ਨਾਲੋਂ ਮਰ ਜਾਣਾ ਬੇਹਤਰ ਹੈ।ਇਸ ਸ਼ਹਾਦਤ ਨੇ ਲੋਕ ਦਿਲਾਂ ਵਿੱਚ ਰੋਹ ਦਾ ਭਾਂਬੜ ਬਾਲ ਦਿੱਤਾ।ਫਿਰ ਕੁੱਝ ਸੂਰਮੇ ਮੈਦਾਨ ਵਿੱਚ ਨਿੱਤਰੇ, ਜਿਨ੍ਹਾਂ ਸਰਹਿੰਦ ਵਰਗੇ ਮਜਬੂਤ ਸ਼ਹਿਰ ਨੂੰ ਨੇਸਤੋ-ਨਾਬੂਦ ਕਰ ਦਿੱਤਾ।ਜੋਗੀ ਅੱਲ੍ਹਾ ਯਾਰ ਖਾਂ ਦੀ ਟਿੱਪਣੀ ਕਿੰਨੀ ਭਾਵਪੂਰਤ ਏ-
  ਜੋਗੀ ਜੀ!ਇਸ ਕੇ ਬਾਦ ਹੂਈ ਥੋੜ੍ਹੀ ਦੇਰ ਥੀ।
  ਬਸਤੀ ਸਰਹਿੰਦ ਸ਼ਹਿਰ ਕੀ, ਇਟੋਂ ਕਾ ਢੇਰ ਥੀ।
  ਸੁਖਦੇਵ ਸਿੰਘ ‘ਭੁੱਲੜ’
  ਸੁਰਜੀਤ ਪੁਰਾ ਬਠਿੰਡਾ 
   9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਤਾਂ ਮੁੰਡਾ ਆਂ / ਮਿੰਨੀ ਕਹਾਣੀ
Next articleਭਾਰ / ਮਿੰਨੀ ਕਹਾਣੀ