(ਸਮਾਜ ਵੀਕਲੀ)
ਤੁਰ ਗਈ ਲੰਮੀ ਮਾਰ ਉਡਾਰੀ ਅੰਮੜੀਏ।
ਭੁੱਲਦੀ ਨਹੀਂ ਤੇਰੀ ਯਾਦ ਪਿਆਰੀ ਅੰਮੜੀਏ।
ਦੁੱਖ ਸੁੱਖ ਸਾਰੇ ਆਪਣੇ ਤਨ ਤੇ ਸਹਿੰਦੀ ਸੈਂ।
ਬਿਨ ਦੱਸੇ ਹੀ ਗੱਲ ਦਿਲ ਦੀ ਬੁੱਝ ਲੈਂਦੀ ਸੈਂ।
ਰਹਿ ਕੇ ਸਾਦੀ ਉਮਰ ਗੁਜ਼ਾਰੀ ਅੰਮੜੀਏ।
ਭੁੱਲਦੀ ਨਹੀਂ———-।
ਬਿਨ ਤੇਰੇ ਮੈਨੂੰ ਸੁੰਨਾ ਜਾਪੇ ਵਿਹੜਾ ਨੀ।
ਤੇਰੇ ਬਾਝੋਂ ਦਰਦ ਵੰਡਾਵੇ ਕਿਹੜਾ ਨੀ।
ਸਿਰ ਤੇ ਪੰਡ ਗ਼ਮਾਂ ਦੀ ਭਾਰੀ ਅੰਮੜੀਏ।
ਭੁੱਲਦੀ ਨਹੀਂ———————-।
ਧੀ ਪਰਦੇਸਣ ਦੀਦ ਤੇਰੀ ਨੂੰ ਤਰਸੇ ਮਾਂ।
ਛਮ ਛਮ ਨੈਣਾਂ ਵਿੱਚੋਂ ਪਾਣੀ ਬਰਸੇ ਮਾਂ।
ਚੁਗਦੀ ਡਾਹਢੇ ਚੋਗ ਖਿਲਾਰੀ ਅੰਮੜੀਏ।
ਭੁੱਲਦੀ ਨਹੀਂ———————/।
ਜਦ ਵੀ ਤੱਕਾਂ ਠੰਡ ਕਾਲਜੇ ਪਾਉਂਦੀ ਐ।
ਅੱਜ ਵੀ ਉਸ ਚੋਂ ਖ਼ੁਸ਼ਬੂ ਤੇਰੀ ਆਉਂਦੀ ਐ।
ਸਾਂਭ ਰੱਖੀ ਤੇਰੀ ਫੁਲਕਾਰੀ ਅੰਮੜੀਏ।
ਭੁੱਲਦੀ ਨਹੀਂ ਤੇਰੀ ਯਾਦ ਪਿਆਰੀ ਅੰਮੜੀਏ।
ਅਮਰਜੀਤ ਕੌਰ ਮੋਰਿੰਡਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly