ਮਿਹਨਤ ਅਜਿਹਾ ਹਥਿਆਰ ਹੈ, ਜੋ ਸਾਡੇ ਲਈ ਸਫ਼ਲਤਾ ਦੇ ਰਾਹ ਖੋਲਦਾ ਹੈ: ਗੁਰਦਿੱਤ ਸਿੰਘ ਸੇਖੋਂ
ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ ਦਾ ਸਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਦੀ ਸੁਪਤਨੀ ਬੀਬੀ ਬੇਅੰਤ ਕੌਰ ਸੇਖੋਂ ਨੇ ਕੀਤੀ। ਸਤਿਕਾਰਿਤ ਮਹਿਮਾਨਾਂ ਵਜੋਂ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਪ੍ਰਿੰਸੀਪਲ ਦਰਸ਼ਨ ਸਿੰਘ ਬਾਜਾਖਾਨਾ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਪ੍ਰਿੰਸੀਪਲ ਨਵਦੀਪ ਸ਼ਰਮਾ, ਪ੍ਰਿੰਸੀਪਲ ਗੁਰਜਿੰਦਰ ਸਿੰਘ ਬਰਾੜ ਅਤੇ ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸੈਕੰਡਰੀ ਸਿੱਖਿਆ ਜਸਬੀਰ ਸਿੰਘ ਜੱਸੀ ਅਤੇ ਪਿੰਦਰ ਕੌਰ ਬਰਾੜ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਹੈਂਡਬਾਲ ਕੋਚ ਚਰਨਜੀਵ ਸਿੰਘ ਮਾਈਕਲ, ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ, ਭੰਗੜਾ ਕੋਚ/ਕੰਪਿਊਟਰ ਅਧਿਆਪਕ ਹਰਪ੍ਰੀਤ ਸਿੰਘ, ਪ੍ਰਸਿੱਧ ਰੰਗਕਰਮੀ/ਲੈਕਚਰਾਰ ਗਗਨਦੀਪ ਬਾਜਾਖਾਨਾ, ਅੱਛਰ ਸਿੰਘ ਅਤੇ ਸ਼੍ਰੀਮਤੀ ਸ਼ਾਲੂ ਹਾਜ਼ਰ ਹੋਏ। ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਕੂਲ ’ਚ ਹੋ ਰਹੀ ਨਵੀਂ ਉਸਾਰੀ, ਬਾਸਕਟਬਾਲ ਗਰਾਊਂਡ ਦੇ ਨਵੀਨੀਕਰਨ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ।
ਸਕੂਲ ਦੀਆਂ ਵਿਦਿਆਰਥਣਾਂ ਵਲੋਂ ਬਿਜ਼ਨਸ ਬਲਾਸਟਰ ਅਤੇ ਹੋਮ ਸਾਇੰਸ ਲਗਾਈਆਂ ਪੇਟਿੰਗ, ਹੱਥੀ ਤਿਆਰ ਕੀਤੀਆਂ ਕਲਾ ਕਿਰਤਾਂ ਦੇ ਸਟਾਲਾਂ ਦਾ ਮੁੱਖ ਮਹਿਮਾਨ ਵੱਲੋਂ ਨਿਰੀਖਣ ਕੀਤਾ ਗਿਆ। ਉਨ੍ਹਾਂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਸਾਨੂੰ ਆਪਣੇ ਹੁਨਰ ’ਚ ਨਿਖਾਰ ਲਿਆ ਕੇ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣਾ ਚਾਹੀਦਾ ਹੈ। ਇਸ ਮੌਕੇ ਸ. ਸੇਖੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਮਯਾਬੀ ਵਾਸਤੇ ਸਾਨੂੰ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਹਰ ਇਨਸਾਨ ਨੂੰ ਪ੍ਰਮਾਤਾਮਾ ਵੱਲੋਂ ਦਿੱਤਾ ਉਹ ਹਥਿਆਰ ਹੈ ਜੋ ਸਫ਼ਲਤਾ ਦੇ ਰਾਹ ਖੋਲਦਾ ਹੈ। ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਤੇ ਉਨ੍ਹਾਂ ਦੀ ਟੀਮ ਨੂੰ ਸਲਾਨਾ ਇਨਾਮ ਵੰਡ ਸਮਾਗਮ ਦੀ ਵਧਾਈ ਵੀ ਦਿੱਤੀ। ਇਸ ਸਮੇਂ ਸਕੂਲ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਗੁਰਵੀਰ ਕੌਰ ਵੱਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਦੇ ਚਿੱਤਰ ਬਣਾ ਕੇ ਉਨ੍ਹਾਂ ਨੂੰ ਭੇਂਟ ਕੀਤੇ ਗਏ। ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ‘ਤੇ ਝਾਤ ਪਾਈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਪੰਜਾਬ ਅਤੇ ਭਾਰਤ ਦੇ ਬਹੁਤ ਸਾਰੇ ਲੋਕ ਨਾਚਾਂ ਦੀ ਕਮਾਲ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕਰਦਿਆਂ ਸਭ ਨੂੰ ਕਰੀਬ ਪੰਜ ਘੰਟੇ ਤੱਕ ਟਿੱਕ ਕੇ ਬੈਠਾਈ ਰੱਖਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਪੁਸ਼ਪਦੀਪ ਕੌਰ ਅਤੇ ਲੈਕਚਰਾਰ ਚਰਨਜੀਤ ਕੌਰ ਨੇ ਦਿਲਕਸ਼ ਅੰਦਾਜ ’ਚ ਨਿਭਾਉਂਦਿਆਂ ਪ੍ਰੋਗਰਾਮ ਨੂੰ ਸੁਆਦਲਾ ਬਣਾਈ ਰੱਖਿਆ। ਇਸ ਮੌਕੇ ਬੋਰਡ ਪ੍ਰੀਖਿਆਵਾਂ,ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ’ਚ ਅਹਿਮ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲਾਂ ਅਤੇ ਸਰਟੀਫ਼ਿਕੇਟਾਂ ਨਾਲ ਤਾੜੀਆਂ ਦੀ ਗੂੰਜ ’ਚ ਸਨਮਾਨਿਤ ਕੀਤਾ ਗਿਆ। ਸਕੂਲ ’ਚ ਚੰਗੀ ਕਾਰਜਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਆਰੰਭ ਕੀਤੀ ਲੜੀ ’ਚ ਇਸ ਵਾਰ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਲੈਕਚਰਾਰ ਅਮਿਤ ਗਰੋਵਰ, ਲੈਕਚਰਾਰ ਸੁਸ਼ੀਲ ਰਾਣੀ, ਪੰਜਾਬੀ ਲੈਕਚਰਾਰ ਚਰਨਜੀਤ ਕੌਰ ਰੋਮਾਣਾ, ਐਸ.ਐਸ.ਮਿਸਟ੍ਰੈਸ ਹਰਜਸਪਾਲ ਕੌਰ, ਐਸ.ਐਸ.ਮਿਸਟ੍ਰੈਸ ਕਮਲਜੀਤ ਕੌਰ, ਪੀ.ਟੀ.ਆਈ ਚਰਨਜੀਤ ਕੌਰ, ਚਰਨਜੀਤ ਕੌਰ, ਮੈਥ ਮਿਸਟ੍ਰੈਸ, ਨਵਨੀਤ ਸ਼ਰਮਾ, ਕੰਪਿਊਟਰ ਟੀਚਰ ਅਮਨਦੀਪ ਕੌਰ, ਸੇਵਾਦਾਰ ਕਮਿੰਦਰਜੀਤ ਕੌਰ, ਸੇਵਾਦਾਰ ਅਮਰਜੀਤ ਕੌਰ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਕੂਲ ਅੰਦਰ ਵੱਖ-ਵੱਖ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਕਰਾਉਣ ‘ਤੇ ਲੈਕਚਰਾਰ ਪੁਸ਼ਪਦੀਪ ਕੌਰ, ਪੰਜਾਬੀ ਅਧਿਆਪਕਾ ਪਵਨਦੀਪ ਕੌਰ, ਅੰਗਰੇਜ਼ੀ ਮਿਸਟ੍ਰੈਸ ਪ੍ਰਭਜੋਤ ਕੌਰ, ਆਰਟ ਐਂਡ ਡਰਾਫ਼ਟ ਟੀਚਰ ਜਸਬੀਰ ਕੌਰ,ਅੰਗਰੇਜ਼ੀ ਮਿਸਟ੍ਰੈਸ ਬਲਜਿੰਦਰ ਕੌਰ, ਕੰਪਿਊਟਰ ਟੀਚਰ ਹਰਪ੍ਰੀਤ ਕੌਰ ਸੋਢੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਾਲ ਬਾਰਵੀਂ ਜਮਾਤ ’ਚੋਂ ਸਕੂਲ ਵਿਚ ਪਹਿਲਾ ਸਥਾਨ ਪਾਪਤ ਕਰਨ ਵਾਲੀ ਗੁਰਲਵਲੀਨ ਕੌਰ ਅਤੇ ਮਹਿਕ ਕਟਾਰੀਆਂ ਨੂੰ 7100 -7100 ਰੁਪਏ ਨਗਦ ਰਾਸ਼ੀ ਅਤੇ ਹਰ ਵਿਸ਼ੇ ’ਚੋਂ ਟਾਪਰ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ 5100 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਲੈਕਚਰਾਰ ਰਾਜਵਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਸਕੂਲ ਦੇ ਸਮੁੱਚੇ ਸਟਾਫ਼ ਨੇ ਅਹਿਮ ਯੋਗਦਾਨ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly