ਸੂਬੇਦਾਰ ਜੋਗਿੰਦਰ ਸਿੰਘ ਹਮੇਸ਼ਾ ਸਾਡੇ ਚੇਤਿਆਂ ‘ਚ ਰਹਿਣਗੇ_ ਇੰਸਪੈਕਟਰ ਨਿਰਮਲ ਸਿੰਘ ਸੰਧੂ
ਮੋਗਾ/ਭਲੂਰ (ਬੇਅੰਤ ਗਿੱਲ) ਸੂਬੇਦਾਰ ਜੋਗਿੰਦਰ ਸਿੰਘ ਉਹ ਮਹਾਨ ਪੰਜਾਬੀ ਸੂਰਬੀਰ ਯੋਧੇ ਸਨ, ਜਿੰਨ੍ਹਾਂ ਨੇ 1962 ਵਿਚ ਭਾਰਤੀ ਸੈਨਾ ਅਤੇ ਦੇਸ਼ ਦੀ ਆਨ ਤੇ ਸ਼ਾਨ ਨੂੰ ਉੱਚਾ ਚੁੱਕਣ ਵਿੱਚ ਵੱਡਾ ਰੋਲ ਅਦਾ ਕੀਤਾ। ਉਨ੍ਹਾਂ ਇਕੱਲਿਆਂ ਨੇ ਹੀ ਲਗਭਗ 600 ਚੀਨੀਆਂ ਨੂੰ ਵਾਹਣੀਂ ਪਾ ਲਿਆ ਅਤੇ ਉਨ੍ਹਾਂ ਦੀਆਂ ਚੰਗੀਆਂ ਭਾਜੜਾਂ ਪੁਆਈਆਂ ਸੀ। ਜਿਲ੍ਹਾ ਮੋਗਾ ਦੇ ਪਿੰਡ ਮਾਹਲਾ ਕਲਾਂ ਨਾਲ ਸਬੰਧਤ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਪਿੰਡ ਵਾਸੀ ਵੱਡਾ ਮਾਣ ਮਹਿਸੂਸ ਕਰਦੇ ਹਨ। ਪਿਛਲੇ ਸੱਤ ਅੱਠ ਸਾਲਾਂ ਤੋਂ ਇਸੇ ਪਿੰਡ ਦੇ ਜੰਮਪਲ ਇੰਸਪੈਕਟਰ ਨਿਰਮਲ ਸਿੰਘ ਸੰਧੂ ਅਤੇ ਸਮੁੱਚਾ ਨਗਰ ਮਿਤੀ 23 ਅਕਤੂਬਰ ਵਾਲੇ ਦਿਨ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਉਂਦੇ ਆ ਰਹੇ ਹਨ। ਇਸ ਵਾਰ ਵੀ ਸੂਬੇਦਾਰ ਜੋਗਿੰਦਰ ਸਿੰਘ ਹੋਰਾਂ ਦੇ 61 ਨੇਂ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਪਿੰਡ ਵੱਲੋਂ ਅੱਠਵਾਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਐੱਨ ਸੀ ਸੀ ਮੋਗਾ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸੂਬੇਦਾਰ ਮੇਜਰ ਰਾਕੇਸ਼ ਸ਼ੁਕਲਾ ਦੀ ਨਿਗਰਾਨੀ ਹੇਠ ਪਹੁੰਚੀ ਐਨ ਸੀ ਸੀ ਟੀਮ ਦੇ ਨਾਲ ਬੀ ਐੱਚ ਐੱਮ ਰਜਿੰਦਰ ਸਿੰਘ, ਹੌਲਦਾਰ ਹਰਜਿੰਦਰ ਸਿੰਘ ਅਤੇ ਸੀ. ਟੀ. ਓ. ਪ੍ਰਬਹੰਸ ਕੌਰ ਵੀ ਹਾਜ਼ਰ ਸਨ। ਇਸ ਮੌਕੇ ਇੰਸਪੈਕਟਰ ਨਿਰਮਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰਾਜੂ, ਨਿਰਮਲ ਸਿੰਘ ਬਰਾੜ, ਸਤਨਾਮ ਸਿੰਘ, ਰਘੁਬੀਰ ਸਿੰਘ ਭਲੂਰੀਆ, ਜਗਰੂਪ ਸਿੰਘ ਮਾਨ, ਅਰਸ਼ ਸਿੰਘ, ਸੇਮਾ ਸਿੰਘ, ਗੁਰਬੀਰ ਸਿੰਘ, ਸਿਦਕਪ੍ਰੀਤ ਸਿੰਘ ਲਾਡੀ ਅਤੇ ਹੋਰ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵੱਲੋਂ ਉਕਤ ਐੱਨ ਸੀ ਸੀ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਭ ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਸਪੈਕਟਰ ਨਿਰਮਲ ਸਿੰਘ ਸੰਧੂ ਨੇ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ ਮਾਹਲਾ ਨੇ 28 ਸਤੰਬਰ 1921 ਨੂੰ ਪਿੰਡ ਮਾਹਲਾ ਕਲਾਂ ਦੇ ਸਰਦਾਰ ਸ਼ੇਰ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਕਿਸ਼ਨ ਕੌਰ ਦੀ ਕੁੱਖੋਂ ਜਨਮ ਲਿਆ।ਉਨ੍ਹਾਂ ਦੇ ਦੋ ਭਰਾ ਅਤੇ ਦੋ ਭੈਣਾ ਸਨ। ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਕਿੱਤੇ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਨੇ ਮਿਡਲ ਤੱਕ ਦੀ ਵਿੱਦਿਆ ਪਿੰਡ ਡਰੋਲੀ ਭਾਈ ਤੋਂ ਪ੍ਰਾਪਤ ਕੀਤੀ ਅਤੇ 28 ਸਤੰਬਰ 1936 ਨੂੰ ਉਹ ਪੰਦਰਾਂ ਸਾਲ ਦੀ ਉਮਰ ਵਿੱਚ ਹੀ ਫੌਜ ਵਿਚ ਜਾ ਭਰਤੀ ਹੋਏ ਸਨ।ਉਨ੍ਹਾਂ ਦੀ ਦਲੇਰੀ ਅਤੇ ਬਹਾਦਰੀ ਨੂੰ ਹਰ ਕੋਈ ਜਾਣਦਾ ਹੈ। ਫੌਜ ਵਿੱਚ ਭਰਤੀ ਹੋਣ ਮਗਰੋਂ ਸਰਦਾਰ ਜੋਗਿੰਦਰ ਸਿੰਘ ਨੇ ਫੌਜ ਵਿਚ ਹੀ ਉਰਦੂ ਵਿੱਚ ਦਸਵੀਂ ਦੀ ਕਲਾਸ ਪਾਸ ਕੀਤੀ। 23 ਅਕਤੂਬਰ 1962 ਦੀ ਭਾਰਤ ਚੀਨ ਦੀ ਜੰਗ ਮੌਕੇ ਸੂਬੇਦਾਰ ਜੋਗਿੰਦਰ ਸਿੰਘ ਨੇ ਦੁਸ਼ਮਣਾਂ ਨੂੰ ਬੁਰੀ ਤਰ੍ਹਾਂ ਵਾਹਣੀਂ ਪਾ ਕੇ ਭਜਾਇਆ ਅਤੇ ਚੀਨੀਆਂ ਨੂੰ ਦੱਸਿਆ ਕਿ ਪੰਜਾਬੀ ਸਿੱਖ ਜਦੋਂ ਅੜਦੇ ਤੇ ਖੜ੍ਹਦੇ ਹਨ ਤਾਂ ਭੇਡਾਂ ਬੱਕਰੀਆਂ ਦਾ ਕੁਝ ਨਹੀ ਵੱਟਿਆ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਹਾਦਰੀ ਨੇ ਭਾਰਤ ਨੂੰ ਹਮੇਸ਼ਾ ਹੀ ਜੀਣ ਜੋਗਿਆਂ ਕੀਤਾ ਹੈ। ਇੰਸਪੈਕਟਰ ਨਿਰਮਲ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਸੂਬੇਦਾਰ ਜੋਗਿੰਦਰ ਸਿੰਘ ਮਾਹਲਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿਚ ਵੱਸੇ ਰਹਿਣਗੇ ਅਤੇ ਨੌਜਵਾਨ ਵਰਗ ਹਮੇਸ਼ਾ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਾ ਰਹੇਗਾ। ਇਸ ਸਮਾਗਮ ਦੌਰਾਨ ਸਮੁੱਚੇ ਨਗਰ ਵੱਲੋਂ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly