ਮਾਨਸਾ (ਸਮਾਜ ਵੀਕਲੀ) : ਮਲਟੀਪਰਪਜ ਹੈਲਥ ਇੰਪਲਾਈਜ਼ ਯੁਨੀਅਨ ਦਾ ਮਾਸ ਡੈਪੂਟੇਸ਼ਨ 10 ਅਗਸਤ ਨੂੰ ਮਲਟੀਪਰਪਜ ਕੇਡਰ ਦੀਆਂ ਮੰਗਾਂ ਸਬੰਧੀ ਸਿਹਤ ਡਾਇਰੈਕਟਰ ਨੂੰ ਮਿਲਿਆ ਸੀ। ਇਸ ਮਿਲਣੀ ਦੌਰਾਨ ਸਿਹਤ ਡਾਇਰੈਕਟਰ ਨੇ ਕੇਡਰ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਜਥੇਬੰਦੀ ਨੂੰ 24 ਅਗਸਤ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਕਾਰਨ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਪਰ ਮੀਟਿੰਗ ਦਾ ਅਗਲਾ ਸਮਾਂ ਨਿਸ਼ਚਿਤ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ। ਜਿਸ ਕਾਰਨ ਮਲਟੀਪਰਪਜ ਕੇਡਰ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ। ਮਲਟੀਪਰਪਜ ਹੈਲਥ ਇੰਪਲਾਈਜ਼ ਯੁਨੀਅਨ ਦੀ ਜੂਮ ਮੀਟਿੰਗ ਦੌਰਾਨ ਸਿਹਤ ਡਾਇਰੈਕਟਰ ਦੀ ਗੈਰਸੰਜੀਦਗੀ ਦੇ ਖਿਲਾਫ 22 ਸਤੰਬਰ ਨੂੰ ਡਾਇਰੈਕਟਰ ਦਫ਼ਤਰ 34 ਏ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮਿਤੀ 12, 13 ਅਤੇ 14 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਇਕੱਠ ਕਰਕੇ ਸਿਵਲ ਸਰਜਨਾਂ ਰਾਹੀਂ ਇਸ ਧਰਨੇ ਦੇ ਨੋਟਿਸ ਭਿਜਵਾਏ ਜਾਣਗੇ। ਇਸੇ ਸਬੰਧੀ ਮਾਨਸਾ ਜ਼ਿਲ੍ਹੇ ਦੇ ਸਿਵਲ ਸਰਜਨ ਦਫ਼ਤਰ ਵਿਖੇ ਮਲਟੀਪਰਪਜ ਸਿਹਤ ਮੁਲਾਜ਼ਮਾਂ ਦੇ ਵਫਦ ਨੇ ਸਿਵਲ ਸਰਜਨ ਮਾਨਸਾ ਡਾ ਹਰਿੰਦਰ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਮੁਲਾਜ਼ਮ ਆਗੂ ਕੇਵਲ ਸਿੰਘ, ਜਗਦੀਸ਼ ਸਿੰਘ,ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ 22 ਸਤੰਬਰ ਦੇ ਧਰਨੇ ਵਿੱਚ ਮਾਨਸਾ ਜ਼ਿਲ੍ਹੇ ਤੋਂ ਭਾਰੀ ਗਿਣਤੀ ਵਿੱਚ ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ਗੁਰਵਿੰਦਰ ਸਿੰਘ, ਮਲਕੀਅਤ ਸਿੰਘ, ਹਰਪ੍ਰੀਤ ਸਿੰਘ, ਨਿਰਪਾਲ ਸਿੰਘ, ਜਸਕਰਨ ਸਿੰਘ, ਰਾਜਦੀਪ ਸਿੰਘ, ਵਰਿੰਦਰ ਕੌਰ, ਕਿਰਨਜੀਤ ਕੌਰ, ਹਰਪਾਲ ਕੌਰ, ਰਜਨੀ ਜੋਸ਼ੀ, ਕੁਲਵਿੰਦਰ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।