ਏਹੁ ਹਮਾਰਾ ਜੀਵਣਾ ਹੈ -403

ਬਰਜਿੰਦਰ ਕੌਰ ਬਿਸਰਾਓ
 (ਸਮਾਜ ਵੀਕਲੀ)-ਪੰਜਾਬੀ ਸੱਭਿਆਚਾਰ ਦਾ ਆਧਾਰ ਸਾਡਾ ਪੇਂਡੂ ਜੀਵਨ ਹੀ ਤਾਂ ਹੈ। ਪੰਜਾਬੀ ਵਿਰਸਾ ਐਨਾ ਅਮੀਰ ਹੈ ਕਿ ਇਸ ਦੀਆਂ ਸਾਂਝਾਂ ਅਤੇ ਪਿਆਰ ਦੀਆਂ ਬਾਤਾਂ ਦੀ ਚਰਚਾ ਦੁਨੀਆ ਭਰ ਵਿੱਚ ਹੁੰਦੀ ਹੈ। ਸਾਡੇ ਪੇਂਡੂ ਵਾਤਾਵਰਨ ਦੀ ਗੱਲ ਕਰੀਏ ਤਾਂ ਪਹਿਲਾਂ ਲੋਕ ਖੁੱਲ੍ਹ ਕੇ ਜਿਊਣ ਵਾਲੇ ਖੁਸ਼ਦਿਲ ਅਤੇ ਖੁਸ਼ੀਆਂ ਵਿੱਚ ਸਾਂਝਾ ਪਾਉਣ ਵਾਲੇ ਲੋਕ ਹੁੰਦੇ ਸਨ। ਪਹਿਲਾਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਲੋਕ ਖੁਸ਼ੀਆਂ ਭਾਲਦੇ ਸਨ ਤੇ ਫਿਰ ਇਤਰ ਦੀ ਮਹਿਕ ਵਾਂਗ ਉਹਨਾਂ ਖੁਸ਼ੀਆਂ ਨੂੰ ਖਿਲਾਰਦੇ ਸਨ । ਪਰ ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ।
                ਪਹਿਲਾਂ ਪਿੰਡ ਵਿੱਚ ਕਈ ਨੌਜਵਾਨ ਪੜ੍ਹ ਕੇ ਨੌਕਰੀਆਂ ਹਾਸਲ ਕਰਦੇ ਜਾਂ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਤਾਂ ਸਾਰੇ ਪਿੰਡ ਲਈ ਮਾਣ ਵਾਲੀ ਗੱਲ ਹੁੰਦੀ ਸੀ । ਹਰ ਕੋਈ ਸਿਰ ਉੱਚਾ ਕਰ ਕੇ ਫ਼ਖ਼ਰ ਨਾਲ ਆਖਦਾ ਸੀ ਕਿ ਸਾਡੇ ਪਿੰਡ ਦਾ ਫਲਾਣਾ ਮੁੰਡਾ ‘ਲਫਟੈਣ’  ਲੱਗਿਆ ਜਾਂ ਕੋਈ ਹੋਰ ਅਹੁਦੇ ਦਾ ਨਾਂ ਲੈ ਕੇ ਦੱਸਣ ਵਿੱਚ ਆਪਣਾ ਅਤੇ ਪਿੰਡ ਦਾ ਮਾਣ ਵਧਾਉਂਦੇ ਸਨ। ਕੋਈ ਖੇਤੀ ਕਰਦਾ ਤਾਂ ਉਸ ਦੀ ਸੱਥਾਂ ਵਿੱਚ ਬੈਠ ਕੇ ਸ਼ੋਭਾ ਕਰਦੇ ਕਿ ਫਲਾਣੇ ਦਾ ਪਿਓ ਤਾਂ ਦੋ ਕਿੱਲਿਆਂ ਦੀ ਖੇਤੀ ਕਰਦਾ ਸੀ,ਵਾਹ ਬਈ ਵਾਹ ਮੁੰਡੇ ਨੇ ਬੜਾ ਕੰਮ ਚੱਕ ਲਿਆ,ਉਹ ਹੁਣ ਵੀਹਾਂ ਕਿੱਲਿਆਂ ਦੀ ਖੇਤੀ ਕਰਨ ਲੱਗ ਪਏ ਨੇ। ਕੋਈ ਕੋਈ ਅਮਲੀ ਵੀ ਨਿਕਲ਼ ਜਾਂਦਾ ਪਰ ਅਮਲੀਆਂ ਦੀ ਗਿਣਤੀ ਕੰਮ ਕਰਨ ਵਾਲੇ ਨੌਜਵਾਨਾਂ ਨਾਲੋਂ ਬਹੁਤ ਘੱਟ ਹੁੰਦੀ ਸੀ।
              ਇੱਕ ਪ੍ਰਸਿੱਧ ਕਹਾਵਤ ਹੈ ਕਿ ਪਹਿਲਾਂ ਘਰ ਕੱਚੇ ਹੁੰਦੇ ਸਨ ਪਰ ਲੋਕਾਂ ਦੇ ਦਿਲ ਸੱਚੇ ਹੁੰਦੇ ਸਨ। ਇਹ ਗੱਲ ਤਾਂ ਸੋਲਾਂ ਆਨੇ ਸੱਚ ਹੈ ਕਿਉਂਕਿ ਪਹਿਲਾਂ ਪਿੰਡਾਂ ਦੀ ਪਹਿਚਾਣ ਕੱਚੇ ਘਰਾਂ ਤੋਂ ਹੀ ਹੁੰਦੀ ਸੀ ਤੇ ਕੱਚੀਆਂ ਦੀਵਾਰਾਂ ਅਤੇ ਫਰਸ਼ਾਂ ਦੀ ਮਿੱਟੀ ਦੀ ਖੁਸ਼ਬੋਈ ਵੀ ਮਨ ਵਿੱਚ ਠੰਢਕ, ਤਾਜ਼ਗੀ ਤੇ ਖਿੜਾਓ ਪੈਦਾ ਕਰ ਦਿੰਦੀ ਸੀ। ਉਹਨਾਂ ਵਿੱਚ ਵਸਣ ਵਾਲੇ ਲੋਕ ਵੀ ਭੋਲ਼ੇ ਭਾਲ਼ੇ ਸੁਭਾਅ ਦੇ ਹੁੰਦੇ ਸਨ। ਘਰਾਂ ਦੀਆਂ ਸੁਆਣੀਆਂ ਦੇ ਹਾਸੇ, ਬੱਚਿਆਂ ਦੀਆਂ ਪਿੜਾਂ ਵਿੱਚ ਰਲ਼ ਕੇ ਖੇਡਣ ਦੀਆਂ ਅਵਾਜ਼ਾਂ ਤੇ ਦਰਵਾਜ਼ੇ ਬੈਠੇ ਬਜ਼ੁਰਗਾਂ ਦੇ ਠਹਾਕਿਆਂ ਦੀਆਂ ਅਵਾਜ਼ਾਂ , ਇੱਥੋਂ ਤੱਕ ਕਿ ਬਲਦਾਂ ਦੀਆਂ ਟੱਲੀਆਂ ਦੀ ਅਵਾਜ਼ ਤੇ ਸਵੇਰੇ ਸ਼ਾਮ ਪੰਛੀਆਂ ਦਾ ਚਹਿਚਹਿਕਾਉਣਾ ਪੂਰੇ ਪਿੰਡ ਦੇ ਵਾਤਾਵਰਨ ਵਿੱਚ ਸਕਾਰਾਤਮਕ ਊਰਜਾ ਪੈਦਾ ਕਰ ਦਿੰਦੀ ਸੀ । ਅੱਜ ਚਾਹੇ ਪਿੰਡਾਂ ਵਿੱਚ ਆਲੀਸ਼ਾਨ ਕੋਠੀਆਂ ਦਿਖਾਈ ਦਿੰਦੀਆਂ ਹਨ, ਉਹਨਾਂ ਵਿੱਚ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ ਪਰ ਜੇ ਕਮੀ ਹੈ ਤਾਂ ਉਹ ਪਹਿਲਾਂ ਵਾਲੇ ਹਾਸਿਆਂ ਦੀ ਹੈ, ਵੱਡੇ ਵੱਡੇ ਆਲੀਸ਼ਾਨ ਘਰਾਂ ਵਿੱਚ ਕਿਸੇ ਨੁੱਕਰੇ ਬੈਠੇ ਬਜ਼ੁਰਗ ਦੇ ਚਿਹਰੇ ਤੋਂ ਉਦਾਸੀ ਵਾਲੀ ਚੁੱਪ ਝਲਕਦੀ ਹੈ, ਵਿਹੜਿਆਂ ਵਿੱਚ ਖੜ੍ਹੇ ਵੱਡੇ ਵੱਡੇ ਸੰਦ ਬਲਦਾਂ ਦੀਆਂ ਟੱਲੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਲੱਗਦੇ, ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੀ ਹਾਸਿਆਂ ਦੀ ਛਣਕਾਰ ਪਿੰਡ ਦੇ ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਨੇ ਲਤਾੜ ਦਿੱਤੀ ਹੈ।
              ਬਚਪਨ ਵਿੱਚ ਆਪਣੇ ਬਾਪ ਦੇ ਮੂੰਹੋਂ ਸੁਣੀ ਗੱਲ ਮੈਨੂੰ ਵਾਰ ਵਾਰ ਯਾਦ ਆਉਂਦੀ ਹੈ , ਜੋ ਅਕਸਰ ਸਾਨੂੰ ਉਹ ਦੱਸਿਆ ਕਰਦੇ ਸਨ ਕਿ ਜਦ ਉਹ ਆਪਣੇ ਬਚਪਨ ਵਿੱਚ ਪਿੰਡ ਦੇ ਮੁੰਡਿਆਂ ਨਾਲ ਖੇਡਦੇ ਹੁੰਦੇ ਸਨ ਤਾਂ ਇੱਕ ਮੁੰਡੇ ਨੂੰ ਬੀੜੀਆਂ ਤੇ ਸੁੱਖਾ ਪੀਣ ਦੀ ਆਦਤ ਸੀ ਤੇ ਉਹ ਉਹਨਾਂ ਦੇ ਮੂੰਹ ਨੂੰ ਜ਼ਬਰਦਸਤੀ ਲਾ ਦਿੰਦਾ ਸੀ ਤਾਂ ਉਹ ਵਾਰ ਵਾਰ ਕੁਰਲੀਆਂ ਕਰਦੇ, ਮੂੰਹ ਨੂੰ ਧੋਂਦੇ ਪਰ ਇੱਕ ਨਸ਼ੇੜੀ ਮਗਰ ਲੱਗਣ ਦੀ ਬਿਜਾਏ ਆਪਣੇ ਆਪ ਨੂੰ ਸੰਭਾਲਦੇ। ਮੈਂ ਅੱਜ ਸੋਚਦੀ ਹਾਂ ਕਿ ਕਾਸ਼! ਕਿਤੇ ਅੱਜ ਦੇ ਸਾਡੇ ਨੌਜਵਾਨਾਂ ਅੰਦਰ ਵੀ ਇਹੀ ਜਜ਼ਬਾ ਪੈਦਾ ਹੋ ਜਾਏ । ਨਸ਼ੇੜੀਆਂ ਦੇ ਸੰਗੀ ਬਣਨ ਦੀ ਬਜਾਏ ਆਪਣੇ ਆਪ ਨੂੰ ਰੋਕਣ ਲੱਗ ਪੈਣ ਤਾਂ ਸਾਡੇ ਪਿੰਡਾਂ ਦੇ ਹਾਸੇ ਕਿਤੇ ਫੇਰ ਵਾਪਸ ਮੁੜ ਆਉਣ। ਪਹਿਲਾਂ ਜਿੱਥੇ ਨੌਜਵਾਨਾਂ ਦੇ ਉੱਚੇ ਅਹੁਦਿਆਂ ਜਾਂ ਗੱਭਰੂਆਂ ਦੇ ਬਹਾਦੁਰੀ ਵਾਲ਼ੇ ਕਾਰਨਾਮਿਆਂ ਦੀ ਪਛਾਣ ਪੂਰੇ ਪਿੰਡ ਦਾ ਮਾਣ ਵਧਾਉਂਦੀ ਸੀ,ਉੱਥੇ ਉਹ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੇ ਠਹਾਕਿਆਂ ਦਾ ਕਾਰਨ ਬਣਦੇ ਸਨ, ਛਿੰਝਾਂ ਤੇ ਪਿੜਾਂ ਦੀ ਰੌਣਕ ਬਣਦੇ ਸਨ।                    ਅੱਜ ਜਦ ਵੀ ਪਿੰਡ ਜਾਈਏ ਤਾਂ ਪਤਾ ਲੱਗਦਾ ਹੈ ਕਿ ਕਿਸੇ ਦਾ ਮੁੰਡਾ ਵੀ ‘ਚਿੱਟੇ’ ਤੇ ਲੱਗ ਗਿਆ, ਕਿਸੇ ਦੇ ਮੁੰਡੇ ਨੇ ਤਾਂ ਆਪਣੇ ਪਿਓ ਦੀ ਸਾਰੀ ਜ਼ਮੀਨ ‘ਚਿੱਟੇ’ ਦੇ ਲੇਖੇ ਲਾ ਦਿੱਤੀ, ਕਿਸੇ ਦੇ ਮੁੰਡੇ ਦੀ ਘਰਵਾਲ਼ੀ ਓਹਦੀ ਨਸ਼ਿਆਂ ਦੀ ਆਦਤ ਕਰਕੇ ਛੱਡ ਕੇ ਚਲੀ ਗਈ, ਕਿਸੇ ਦਾ ਮੁੰਡਾ ਚਿੱਟਾ ਵੇਚਦਾ ਫੜਿਆ ਗਿਆ, ਕੋਈ ਇਸ ਆਦਤ ਕਰਕੇ ਮਰ ਗਿਆ, ਕਿਸੇ ਨੂੰ ਇਸ ਬੁਰੀ ਆਦਤ ਤੋਂ ਬਚਾਉਣ ਲਈ ਮਾਪਿਆਂ ਨੇ ਵਿਦੇਸ਼ ਭੇਜ ਦਿੱਤਾ,ਪਿੰਡ ਦੇ ਕਿੰਨੇ ਮੁੰਡੇ ਵਿਆਹੇ ਨਹੀਂ ਜਾ ਰਹੇ ਕਿਉਂ ਕਿ ਜਿਹੜਾ ਕੋਈ ਰਿਸ਼ਤਾ ਕਰਨ ਆਉਂਦਾ ਹੈ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਮੁੰਡਾ ਨਸੇੜੀ ਹੈ ਤੇ ਗੱਲ ਤਾਂ ਐਥੇ ਆ ਕੇ ਮੁੱਕਦੀ ਹੈ ਜਦ ਕਿਸੇ ਨਾ ਕਿਸੇ ਦੇ ਮੂੰਹੋਂ ਵੱਡਾ ਸਾਰਾ ਹਉਕਾ ਲੈ ਕੇ ਇਹ ਗੱਲ ਆਖ ਦਿੱਤੀ ਜਾਂਦੀ ਹੈ,” ਹੁਣ ਤਾਂ ਕੋਈ ਕਰਮਾਂ ਵਾਲਾ ਘਰ ਈ ਹੋਊ ਜਿਹਨਾਂ ਦਾ ਮੁੰਡਾ ਚਿੱਟੇ ਤੇ ਨੀ ਲੱਗਿਆ ਹੋਊ…!” ਇਹ ‘ਚਿੱਟੇ’ ਨਾਂ ਦੀ ਬਲਾ ਨੇ ਕਦ ਆ ਕੇ ਪਿੰਡਾਂ ਵਿੱਚ ਡੇਰਾ ਜਮਾ ਲਿਆ ਕਿ ਮਾਵਾਂ ਦੀਆਂ ਕੁੱਖਾਂ ਨੂੰ ਸਿਊਂਕ ਵਾਂਗੂੰ ਲੱਗ ਕੇ ਘੁਣ ਵਾਂਗ ਖਾਈ ਜਾ ਰਹੀ ਹੈ, ਛੈਲ ਛਬੀਲੇ ਆਖੇ ਜਾਣ ਵਾਲੇ ਗੱਭਰੂਆਂ ਦੇ ਜੁੱਸਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਦਫ਼ਨ ਕਰਦੀ ਜਾ ਰਹੀ ਹੈ ਤੇ ਕਦ ਇਸ ਨੇ ਆਪਣੇ ਪੈਰ ਇਸ ਤਰ੍ਹਾਂ ਫੈਲਾ ਲਏ ਕਿ ਪੰਜਾਬ ਦੇ ਪਿੰਡਾਂ ਦਾ ਇਹ ਸਾਂਝਾ ਦੁਖਾਂਤ ਬਣ ਗਿਆ।
ਬਰਜਿੰਦਰ ਕੌਰ ਬਿਸਰਾਓ
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleA historic program of guidance and book distribution for children was organized in Jalandhar Punjab on 1st of October 2023
Next articleमुलायम सिंह यादव की प्रथम पुण्यतिथि 10 अक्टूबर को निजामाबाद आजमगढ़ पहुंचेंगे समाजवादी-बहुजनवादी