ਕੱਚੇ ਕੋਠੇ ਕਾਨਿਆਂ ਵਾਲਿਆਂ

(ਸਮਾਜ ਵੀਕਲੀ)

ਮਾਂ ਮੇਰੀ ਨੇ ਕੱਚੇ ਕੋਠੇ ਲਿੱਪੇ ਗੋਹੇ ਨਾਲ਼,ਹੱਥਾਂ ਨਾਲ਼ ਸ਼ਿੰਗਾਰੇ l
ਘੁੱਗੀਆਂ, ਮੋਰਾਂ ਨਾਲ਼ ਕੰਧ ਸ਼ਿੰਗਾਰੀ l ਚੌਂਕੇ ਦੀ ਦੁੱਗਣੀ ਜੂਨ ਸਵਾਰੀ l
ਪਾ ਪਾ ਤਰਪੈਲਾਂ, ਮਾਂ ਨੇ ਕੋਠੇ ਦੀ ਚੋਂਦੀ ਛੱਤ ਆਪਣੇ ਹੱਥੀਂ ਸਵਾਰੀ l
ਹੋ ਗਈ ਕਾਨਿਆਂ ਵਾਲ਼ੀ ਛੱਤ ਮਜ਼ਬੂਤ ਬਾਹਲ਼ੀ
ਮੈਂ ਵਾਰੀ ਜਾਵਾਂ ਮਾਂ ਤੇਰੇ ਤੋਂ ਬਲਿਹਾਰੀ l
ਮਾਂ ਮੇਰੀ ਸਾਰੀ ਦੁਨੀਆਂ ਤੋਂ ਨਿਆਰੀ l
ਮੈਂ ਜਾਵਾਂ ਤੇਰੇ ਤੋਂ ਬਲਿਹਾਰੀ l
ਵਿਰਸੇ ਦੀ ਝਾਤ ਅੱਜ ਫਿਰ ਮੈਨੂੰ ਆਈ ਬੁਲਾਉਣ l
ਕਿਉਂ ਭੁੱਲ ਬੈਠੇ ਹੋ ਕੱਚੇ ਕੋਠੇ ਦੀ ਛੱਤ ਕਾਨਿਆਂ ਵਾਲ਼ੀ?
ਛੱਤ ਪੁਰਾਣੀ ਵਿੱਚ ਚਿੜੀਆਂ ਦੀ ਪੈਂਦੀ ਸੀ ਜਿੱਥੇ ਇਸ਼ਕ ਦੀ ਡਾਢੀ ਪਿਆਰੀ ਗਲ਼ਵੱਕੜੀ ਦੀ ਕਹਾਣੀ l
ਚਿੜੀਆਂ ਦੇ ਬੱਚਿਆਂ ਦੀ ਸਵੇਰੇ ਸੁਣਦੀ ਸੀ ਮਿੱਠੀ ਸੁਰੀਲੀ ਬਾਣੀ l
ਤੜਕੇ ਉੱਠ ਕੇ ਕੱਢਦੀ ਸੀ ਧਾਰਾਂ, ਪੱਠੇ ਪਾ ਕੇ ਪਾਉਂਦੀ ਸੀ ਚਾਟੀ ‘ਚ ਮਧਾਣੀ l ਕਿਉਂ ਭੁੱਲ ਬੈਠੀ ਮੈਂ ਵਿਰਸੇ ਦੀ ਝਾਤ ਪੁਰਾਣੀ?
ਆਲ਼ੇ ਵਿੱਚ ਰੱਖਦੀ ਸੀ ਦੁੱਧ ਕਾੜ੍ਹਨਾ ਪਾਥੀਆਂ ਬਾਲ਼, ਗੁੱਲਾਂ ਦੇ ਸੇਕ
ਨਾਲ਼ ਬਣਦੀ ਸੀ ਸੰਘਣੀ ਮਲ਼ਾਈ, ਕਾੜ੍ਹ ਕਾੜ੍ਹ ਦੁੱਗਣੀ ਦਿਵਾਉਣੀ l
ਚੁੱਲ੍ਹੇ, ਭੱਠੀਆਂ, ਭੜੋਲੀ ਦੀ ਅੱਗ ਦੇ ਸੇਕ ਦੀ ਗੱਲ ਹੈ ਬੜੀ ਨਿਰਾਲੀ l ਹੌਲ਼ੀ ਹੌਲ਼ੀ ਪਤੀਲੇ ‘ਚ ਚਾਹ ਰਿੱਝਦੀ ਗੁੜ ਮਿੱਠੇ ਵਾਲ਼ੀ l
ਤੌੜੀ ਵਿੱਚ ਬਣਾਉਂਦੀ ਸੀ ਕਾਲ਼ੇ ਮੋਠਾਂ ਛੋਲਿਆਂ ਦੀ ਦਾਲ਼ ਬੜੀ ਕਰਾਰੀ l
ਪੋੜਲੀ ਵਿੱਚ ਅੱਗ ਪਾ ਕੇ ਕੱਚੇ ਕੋਠੇ ਨੂੰ ਨਿੱਘਾ ਕਰ ਦਿੰਦੀ ਸੀ ਬਾਹਲ਼ਾ l
ਮਾਂ ਮੇਰੀ ਨੇ ਹੱਥਾਂ ਨਾਲ਼ ਸਾਰੇ ਘਰ ਦੀ ਜੂਨ ਸਵਾਰੀ ਹਾਰ ਸ਼ਿੰਗਾਰ ਲਾ ਕੇ l
ਆਪਣੀਆਂ ਰੀਝਾਂ ਸੁਪਨਿਆਂ ਦੀ ਸਾਰੀ ਉੱਮਰ ਵਿਸਾਰੀ l
ਮਾਂ ਮੈਂ ਤੇਰੇ ਤੋਂ ਜਾਵਾਂ ਬਲਿਹਾਰੀ, ਮਾਂ ਮੈਂ ਜਾਵਾਂ ਤੇਰੇ ਤੋਂ ਬਲਿਹਾਰੀ l

ਗੁਰਬਿੰਦਰ ਕੌਰ ਠੱਟਾ

ਟਿੱਬਾ (ਸਪੇਨ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleगरीबों’ का आरक्षण  
Next articleਸਿਆਸੀ ਠੇਕੇਦਾਰਾਂ ਨੇ…..