(ਸਮਾਜ ਵੀਕਲੀ)
ਪੋਤੇ ਪੋਤੀਆਂ ਦੀ ਇਹ ਖੈਰ ਮੰਗਣ,
ਜਿੰਦਰੇ ਘਰਾਂ ਦੇ, ਜਗ ਮਹਿਮਾਨ ਬਾਬੇ।
ਤਜ਼ਰਬੇ, ਗੁਣਾਂ ਦੀ, ਹੁੰਦੇ ਇਹ ਖਾਣ ਵੱਡੀ,
ਹੱਸਦੇ ਵੱਸਦੇ ਹੀ ਜੱਗ ਤੋਂ ਜਾਣ ਬਾਬੇ।
ਦਰਵਾਜੇ ਸੱਥਾਂ ‘ਚ ਬੈਠੇ ਹੋਏ ਮਿਲ ਜਾਂਦੇ,
ਪਿੰਡਾਂ ,ਘਰਾਂ ਦੀ, ਹੁੰਦੇ ਇਹ ਸ਼ਾਨ ਬਾਬੇ।
ਗੱਲ ਛੋਟੀ ‘ਚ ਵੱਡਾ ਇਤਿਹਾਸ ਦੱਸਣ,
ਜਾਣਕਾਰੀ ਦੀ ਹੁੰਦੇ ਇਹ ਖਾਣ ਬਾਬੇ।
ਗੁਰੂ ਵਾਲੇ ਨੇ, ਦਾੜ੍ਹੇ ਪ੍ਰਕਾਸ਼ ਰੱਖਣ,
ਖੋਲ ਦੱਸਣ,ਇਹ ਸਾਡਾ ਇਤਿਹਾਸ ਬਾਬੇ।
ਖੂੰਡਾ, ਚਾਦਰਾਂ, ਪੱਗੜ੍ਹੀ,ਪੈਰ ਜੁੱਤੀ,
ਪਹਿਣ,ਤੁਰਦੇ ਇਹ ਮੜ੍ਹਕ ਦੇ ਨਾਲ ਬਾਬੇ।
ਵੀਰ-ਭਾਈ ਤੇ ਪੁੱਤਰ ਜੀ ਆਖ ਬੋਲਣ,
ਮਿੱਠੜੇ ਬੋਲ ਇਹ,ਕੰਨਾਂ ਵਿੱਚ ਪਾਉਣ ਬਾਬੇ।
ਉਮਰਾਂ ਵੱਡੀਆਂ ,ਵਾਂਗ ਨੇ ਸਬਰ ਵੱਡੇ,
ਦੁੱਖ ਅੰਦਰ ਹੀ ਆਪਣੇ, ਪੀ ਜਾਣ ਬਾਬੇ।
ਨੂੰਹ-ਪੁੱਤਾਂ ਨੇ ,ਕਈਆਂ ਨੂੰ ਰੱਬ ਕੀਤਾ,
ਦਰ-ਦਰ ਦੀਆਂ, ਕਈ, ਠੋਕਰਾਂ ਖਾਣ ਬਾਬੇ।
ਕੁੜਤੇ-ਚਾਦਰੇ ਕਈਆਂ ਨੂੰ ਮਿਲਣ ਧੋਤੇ,
ਮੈਲ ਮਿੱਟੀ ਨਾਲ਼ ,ਕਈ ਵਕਤ ਲੰਘਾਉਣ ਬਾਬੇ।
ਰਾਜਿਆਂ ਵਾਂਗ ਨੇ, ਕਈ ਤਾਂ ਐਸ਼ ਕਰਦੇ,
ਬਿਰਧ ਆਸ਼ਰਮਾਂ ਵਿੱਚ ਹੀ ਕਈਂ, ਮਰ ਜਾਣ ਬਾਬੇ।
ਕਈ ਹੁਕਮੁ ਚਲਾਉਣ ਤੇ ਖਾਣ ਰੋਟੀ,
ਕਈ ਘਰਾਂ ਵਿੱਚ ਨੇ, ਨੌਕਰ,ਗੁਲਾਮ ਬਾਬੇ।
ਪੁੱਤ-ਪੋਤਿਆਂ ,ਲੁੱਟ ਕੇ ਖਾ ਲਏ ਕਈ,
ਨਰਕ ਭਰੀ, ਕਈ ਉਮਰ ਲੰਘਾਉਣ ਬਾਬੇ।
ਦੁੱਧ-ਪਾਣੀ ਤੇ ਢੋਹਣ ਕਈ ਕੱਖ ਪੱਠੇ,
ਉਮਰ ਬੁੱਢੀ ‘ਚ, ਠੋਕਰਾਂ ਕਈ, ਖਾਣ ਬਾਬੇ।
ਭੋਲੇ-ਭਾਲੇ ਇਹ ਰੱਬ ਦਾ ਰੂਪ ਹੁੰਦੇ,
ਕਿਸਮਤ ਵਾਲਿਆਂ ਤੋਂ,ਸੇਵਾ ਕਰਵਾਉਣ ਬਾਬੇ।
ਸਾਡੇ ਵਾਸਤੇ ਝੋਕਦੇ ਉਮਰ ਸਾਰੀ,
ਇੱਥੋਂ ਨਾਲ ਕੀ ਦੱਸੋ, ਲਿਜਾਣ ਬਾਬੇ।
ਸਾਰੀ ਉਮਰ, ਉਦਾਸੀਆਂ ਨਾਲ ਕੱਢੀ ,
ਕਿਸਮਤ ਨਾਲ ਹੀ, ਹੱਸਣ ਹਸਾਉਣ ਬਾਬੇ।
ਅੱਖਾਂ, ਝੁਰੜੀਆਂ , ਪਿਆ ਹੋਇਆ ਕੁੱਬ ਦੱਸੇ,
ਕਿੰਨਾ ਔਖਾ ,ਇਹ ਵਕਤ ਲੰਘਾਉਣ ਬਾਬੇ।
ਪਿੱਛਲੀ ਉਮਰ ,ਨਾ ਸਾਥੀ ,ਕੋਈ ਸਾਥ ਦਿੰਦਾ,
ਬੈਠ, ਕਿੰਨਾਂ ਨੂੰ ਦਰਦ, ਸੁਣਾਉਣ ਬਾਬੇ।
ਭਾਣਾ ਮੰਨ ਕੇ ਗੁਰੂ ਦਾ ,ਵਕਤ ਕੱਢਣ,
ਉੱਤੋਂ-ਉੱਤੋਂ ,ਇਹ ਪਏ ,ਮੁਸ਼ਕਾਉਣ ਬਾਬੇ।
ਕੋਈ ਪੁੱਛੇ ਨਾ, ਰੱਬ ਦੇ ਬੰਦਿਆਂ ਨੂੰ,
ਬੀਤੇ ਵੇਲੇ ਨੂੰ ,ਪਏ ਪਛਤਾਉਣ ਬਾਬੇ।
ਸੰਦੀਪ ਇਹਨਾਂ ਦੀ ਸੇਵਾ ਨੇ ਨਰਕ ਤੇ ਸੁਰਗ ਦੇਣਾ,
ਸੇਵਾ ਬਾਜ ਨਾ ਜੱਗ ਤੋਂ ਜਾਣ ਬਾਬੇ।
ਜਿੰਨਾਂ ਘਰਾਂ ਚੁ ਇਹਨਾਂ ਦੀ ਪੁੱਛ ਹੁੰਦੀ
ਉੱਥੇ, ਦੇਕੇ, ਰੌਣਕਾਂ-ਖੇੜੇ ਇਹ ਜਾਣ ਬਾਬੇ।
ਸੰਦੀਪ ਸਿੰਘ” ਬੋਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly