(ਸਮਾਜ ਵੀਕਲੀ)
ਤੂੰ ਮੇਰੇ ਤੋਂ ਮੈਂ ਤੇਰੇ ਤੋਂ,
ਸਭ ਸਿੱਖਣ ਚਾਰ ਚੁਫੇਰੇ ਤੋਂ।
ਤੂੰ ਉਂਝ ਤਾਂ ਉਸ ਨੂੰ ਜਾਣੇ ਬਈ
ਪਰ ਵਾਕਿਫ਼ ਨਹੀਂ ਉਸ ਚੇਹਰੇ ਤੋਂ।
ਜਦ ਬਿਨ ਸ਼ਕਲੋਂ ਹੀ ਅੰਦਰੋਂ ਤੱਕਕੇ ਹੱਸਣ ਲਗ ਜਾਏਂਗਾ।
ਨੱਚਣ ਲੱਗ ਜਾਏਂਗਾ ਮਸਤੀ ਵਿੱਚ ਨੱਚਣ ਲਗ ਜਾਏਂਗਾ।
ਬਈ ਉਹ ਬੁਰਾ ਉਹ ਚੰਗਾ ਏ,
ਬਸ ਏਥੇ ਈ ਤਾਂ ਪੰਗਾ ਏ।
ਇਹ ਝੇੜੇ ਸਭ ਖਿਆਲਾਂ ਦੇ,
ਮਨ ਚੰਚਲ ਤੇ ਬਹੁਰੰਗਾ ਏ।
ਜੇ ਉਸ ਦੀ ਰਜ਼ਾ ਚ ਰਹਿਕੇ ਓਹਲਾ ਰੱਖਣ ਲਗ ਜਾਏਂਗਾ।
ਨੱਚਣ ਲਗ ਜਾਏਂਗਾ ਮਸਤੀ ਵਿੱਚ ਨੱਚਣ ਲਗ ਜਾਏਂਗਾ।
ਕਿਉਂ ਅੰਦਰੋਂ ਜੋਤ ਜਗਾਈ ਨਾ,
ਕਿਉਂ ਸਮਝ ਮਨਾ ਵੇ ਆਈ ਨਾ।
ਤੂੰ ਖੁਸ਼ੀਆਂ ਦੇ ਸੰਗ ਰਹਿੰਦਾ ਏਂ,
ਪਰ ਜਾਣੀ ਤੂੰ ਤਨਹਾਈ ਨਾ।
ਜੇ ਸਮਝ ਕਹਾਣੀ ਆ ਗਈ ਕਹਿਣੋਂ ਬੱਚਣ ਲਗ ਜਾਏਂਗਾ।
ਨੱਚਣ ਲਗ ਜਾਏਂਗਾ ਮਸਤੀ ਵਿੱਚ ਨੱਚਣ ਲਗ ਜਾਏਂਗਾ।
ਕੋਈ ਮੱਥੇ ਦੀਆਂ ਲਕੀਰਾਂ ਨੂੰ,
ਨਾ ਲੈ ਗਿਆ ਨਾਲ ਜਗੀਰਾਂ ਨੂੰ।
ਇੱਕੋ ਜਿਹਾ ਦਿਨ ਤੇ ਰਾਤ ਬਈ
ਓਏ ਧੰਨਿਆਂ ਮਸਤ ਫਕੀਰਾਂ ਨੂੰ।
ਤੂੰ ਮਸਤਾਂ ਦੇ ਸੰਗ ਮਸਤੀ ਦੇ ਵਿੱਚ ਰੱਚਣ ਲਗ ਜਾਏਂਗਾ।
ਨੱਚਣ ਲਗ ਜਾਏਂਗਾ ਮਸਤੀ ਵਿੱਚ ਨੱਚਣ ਲਗ ਜਾਏਂਗਾ।
ਧੰਨਾ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly