(ਸਮਾਜ ਵੀਕਲੀ)
ਉਮਰਾਂ ਦੇ ਪਰਛਾਵੇਂ ਢਲ਼ਦੇ ਜਾਂਦੇ ਨੇ,
ਆਹਲਣਿਆਂ ਦੇ ਪੰਛੀ ਰਿੜ੍ਹਦੇ ਖੁੜ੍ਹਦੇ ਨੇ,
ਜਿਸ ਰਸਤਿਉਂ/ਡੰਡੀਓਂ ਡੰਡੀ ਰੱਖੇ ਕਦਮ ਨੇ,
ਮੰਜ਼ਲਾਂ ਦਾ ਸਿਰਾ,
ਇਕਰਾਰ ਉਮੀਦਾਂ ਕਰਦਾ ਹੈ!
ਅੱਡੀਆਂ ਚੁੱਕ ਚੁੱਕਕੇ,
ਸੰਗਰਾਮੀ-ਧਾਰਾ ਉਡੀਕਦੀਆਂ,
ਲੰਘ ਆਉਂਦੈ ਚਾਨਣ ਦੇ ਕੇ ਹਨੇਰੀ ਭੀੜ ਥੀਂ,
ਤੈਨੂੰ ਤਾਂ ਬੱਸ,
ਜੇਰਾ ਕਰਕੇ ਉੱਡਣ ਦੀ,
ਲੋੜ ਹੈ ਅੱਜ ਬਣੀ !
ਅਜਿਹੀਆਂ ਨਿਆਸਰਿਆਂ ਆਸਾਂ ਜੋ,
ਤਲ਼ੀ ਟਿਕਾ ਕੇ ਰੱਖੀਆਂ ਨੇ!
ਜਦ ਵੀ ਅਬਲਾ ਔਰਤ ਦਾ ਸੁਹਾਗ,
ਝੱਪਟ ਕੇ ਮਾਰ ਜਾਂਦਾ,
ਤਾਂ ਨਜ਼ਾਮ ਦਾ ਡੂੰਘੀ ਨੀਂਦ ਭਰਦਿਆਂ,
ਵਿਚਲੇ ਘੁਰਾੜਿਆਂ ਵਿੱਚ,
ਗੂੰਗਾ ਬੋਲ਼ਾ,
ਆਰਾਮ ਹੁੰਦਾ ਰਹਿੰਦੈ !
ਸੀਨੇ ਵਿੱਚ ਕਿੰਨੇ ਦਰਦ,
ਛੁਪਾ ਕੇ ਰੱਖੇ ਹੋਏ ਨੇ,
ਸ਼ਮਸ਼ੀਰ ਬਣਨ ਤੋਂ ਪਹਿਲਾਂ,
ਕੈਨਵਸ ਦਿਸਣ ਤੋਂ ਪਹਿਲਾਂ,
ਹਥਿਆਰ ਦੀ,
ਨਿਸ਼ਾਨਾਂ ਚੋਟ ਲਾਉਣ ਤੋਂ ਪਹਿਲਾਂ,
ਚੰਡੀ ਪਾਠ ਅਧਿਐਨ/ਪੜ੍ਹਨ ਦੇ ਵੇਲ਼ੇ
ਫੈਸਲਾਕੁੰਨ ਲਕੀਰ ਵਾਹ ਦੇਵੀਂ,
ਕਦੇ ਕਿਰਤੀ ਮਰਦਾ ਭੁੱਖ ਬਹਾਨੇ,
ਕਦੇ ਗੁੰਮਸ਼ੁਦਾ ਹੋ ਜਾਂਦਾ,
ਗਰਮੀ ਸਰਦੀ ਵਿੱਚ ਢਿੱਡ ਦੀ ਭੁੱਖ,
ਨਾਲ ਸਹਿਮਤੀ ਕਰਦਿਆਂ ,
ਉੱਤੋ ਦੁਸ਼ਮਣੀ ਪਰੇਡ ਵਿੱਚ,
ਹਕੂਮਤਾਂ ਦੇ ਨੱਕ ਹੇਠਾਂ,
ਹਕੂਮਤਾਂ ਦੇ ਨਾਟਕੀ ਪੱਖ ਹੇਠਾਂ,
ਹੜਦੁੰਗੀਆਂ ਦਾ ਹੱਥ,
ਅਜੇ ਬੜਾ ਡੂੰਘੇਰਾ ਡਾਢਾ ਰਹਿਣਾ ..!
ਉਹ ਤੇਰੇ ਹੱਕ ਨੂੰ ਹਲ਼ਕ ਕੇ ਚੱਕ ਵੱਢਦੈ,
ਉਹ ਬੀਤੇ ਦਿਨੀਂ, ਹਰਿਆਣਾ ਦੇ
ਕੱਟੜ ਖੱਟੜ ਅੰਦਰਲੀ ਦਨਦਨਾਉਂਦੀ,
ਮਨ ਦੀ ਕਾਲੀ ਮੈਲ਼,
ਹਿੰਦੂਤਵ ਜ਼ਾਗਲੀ ਦੇ ਨਾਮ ਬਨਾਮ,
ਕਮਜ਼ੋਰ ਘੱਟ ਗਿਣਤੀ,
ਮੁਸਲਿਮ ਭਾਈਚਾਰੇ ਵੱਲ,
ਸ਼ਰਮਨਾਕ ਵਾਰਦਾਤਾਂ ਕਰ ਗਿਆ !
ਜਦੋਂ ਦਰਦਨਾਕ ਦੁਰਘਟਨਾ ਬਾਅਦ,
ਨਿਆਂ ਲੈਣ ਲਈ,
ਹਕੂਮਤ ਦੀਆਂ ਲੇਲੜੀਆਂ ਕੱਢਦੈਂ,
ਤੇਰਾ ਮਸਲ਼ਿਆ ਜਿਸਮ !
ਕਹਾਣੀ ਕਥਾ,ਬਿਰਤਾਂਤਿਕ ਦਸ਼ਾ,
ਸਦੀਆਂ ਭਰ ਅਸੀਂ,
ਲਾਈਲੱਗਾਂ ਨੇ,
ਲਾਰੇ ਹੀ ਝੋਲੀ ਪੁਆਏ ਨੇ,
ਤਾਂਹੀਓਂ ਤਾਂ ਅਸੀਂ,
ਇਕੱਲੇ ਇਕੱਲਿਆਂ ਡੂੰਘੇ ਪ੍ਰਸ਼ਨ-ਚਿੰਨ੍ਹ ਲਗਾਏ ਨੇ !
ਮਨੀਪੁਰ ਕੁਕੀ ਕਬਾਇਲੀ ਦੇ,
ਤਰਾਸਦੀ ਦੇ ਪਰਦੇ ਹੌਲੀ ਹੌਲੀ ਖੋਲ੍ਹ ਰਿਹੈ,
ਮਨੀਪੁਰ ਸਦਮਾ,
ਅਣਖੀ ਤਸਵੀਰ ਲੱਭਣ ਲਈ,
ਨਿਡਰ,ਨਿਰਭੌਅ,ਹੋ ਕੇ,
ਮਹਾਂ ਨਾਇਕ ਫੂਲਨ/ ਫੂਲਾਂ ਦੇਵੀ,
ਹੋਣ ਵੱਲ ਵਧ ਰਿਹੈ!
ਸੁਖਦੇਵ ਸਿੱਧੂ.
ਸੰਪਰਕ ਨੰਬਰ : 9888633481 .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly