ਰਾਜ ਮੁਹੱਬਤ ਦੇ

ਐੱਸ .ਪੀ . ਸਿੰਘ

(ਸਮਾਜ ਵੀਕਲੀ)

ਜਦ ਖੁੱਲਣੇ ਰਾਜ਼ ਮੁਹੱਬਤ ਦੇ,
ਤੇਰੀ ਅੱਖ  ਚੋਂ ਅੱਥਰੂ ਰੁਕਣੇ ਨੀ।
ਜਦ ਆਊ ਪਲ ਪਲ ਯਾਦ ਤੈਨੂੰ,
ਤੇਰੇ ਹੌਂਕੇ ਦਿਲ ਚੋਂ ਮੁੱਕਣੇ ਨੀ।

ਮੇਰੇ ਮੋਢੇ ਤੇ ਸਿਰ ਰੱਖ ਤੇਰਾ ਸੌਂ ਜਾਣਾ,
ਤੈਨੂੰ ਕਿੰਨਾ ਚੰਗਾ ਲਗਦਾ ਸੀ,
ਓਹ ਵਕਤ ਰੁਕੇ ਨਾ ਰੁਕਦਾ ਸੀ,
ਜਦ ਹੱਥ ਤੇਰਾ ਮੈਂ ਫੜਦਾ ਸੀ,
ਕਿੰਨਾ ਵਕਤ ਸੁਨਹਿਰਾ ਹੁੰਦਾ ਸੀ,
ਜਦ ਵੇਟ ਤੂੰ ਮੇਰੀ ਕਰਦੀ ਸੀ।
ਓਹ ਮੇਰਾ ਹੈ, ਓਹ ਮੇਰਾ ਹੈ,
ਤੂੰ ਨਾਲ ਸਹੇਲੀਆਂ ਲੜਦੀ ਸੀ।

ਕਿਵੇਂ ਭੁੱਲਾਂ ਕੰਟੀਨ ਦੀ ਚਾਹ ਚੰਨੋ ,
ਜਦ ਮਿੱਠਾ ਤੇਜ਼ ਪਵਾਉਂਦੀ ਸੀ,
ਪੀਣੀਆਂ ਹੁੰਦੀਆਂ ਸੀ ਦੋ ਘੁੱਟਾਂ,
ਬਾਕੀ ਸਬ  ਤੂੰ  ਮੈਨੂੰ ਪਿਲਾਉਂਦੀ ਸੀ।
ਚਾਹ ਦੇ ਕੱਪ ਚ ਹੀ ਪਰਖਦੀ ਸੀ ਪਿਆਰ ਮੇਰਾ,
ਫਿਰ  ਮਨ ਹੀ ਮਨ ਮੁਸਕਰਾਉਂਦੀ ਸੀ।
ਵੰਗਾਂ ਤੋੜ ਤੋੜ ਪਰਖਦੀ ਸੀ ਪਿਆਰ ਮੇਰਾ,
ਤੂੰ ਹੱਥ ‘ ਚ ਵੰਗ ਮਰਵਾਉਂਦੀ ਸੀ।
ਜਦ ਇੱਕ ਵੰਗ ਦਿੰਦੀ ਸੀ ਧੋਖਾ ਤੈਨੂੰ,
ਫਿਰ ਦੂਜੀ ਵੰਗ ਅਜ਼ਮਾਉਂਦੀ ਸੀ।
ਰੱਖ ਮੇਰੇ ਲਈ  ਵਰਤ ਸੋਮਵਾਰ ਦੇ,
ਤੂੰ ਆਪਣਾ ਰੱਬ ਮਨਾਉਂਦੀ ਸੀ।
ਤੇਰੀ ਜਿੰਦਗੀ ਚ ਨਾ ਕੋਈ ਹੋਰ ਆ ਜਾਵੇ,
ਹਰ ਵਕਤ ਤੂੰ ਰੱਬ ਨੂੰ ਧਿਆਉਂਦੀ ਸੀ।
ਰੱਖ ਕਰਵਾਚੌਥ ਦੇ  ਵਰਤ ਰਾਣੀ,
ਤੂੰ ਮੇਰੀ ਲੰਮੀ ਉਮਰ ਸਲਾਉਂਦੀ  ਸੀ।
ਬਿਨ ਦੇਖੇ ਵਰਤ ਨਾ ਤੋੜਦੀ ਸੀ,
ਮੈਨੂੰ ਸਾਹਮਣੇ ਆਣ ਬਿਠਾਉਂਦੀ ਸੀ।

ਯਾਦ ਆਈ ਲਾਇਬ੍ਰੇਰੀ ਦੀ ਤੀਜੀ ਮੰਜ਼ਿਲ ਚੰਨੋ,
ਤੇਰੀ ਝਾਂਜਰ ਹੀ ਇੱਕ ਸ਼ੌਰ ਮਚਾਉਂਦੀ ਸੀ।
ਮੈਂ ਮਸ਼ਰੂਫ ਹੋਣਾ ਮਿਡ ਟਰਮ ਦੀ ਤਿਆਰੀ ਵਿੱਚ,
ਤੂੰ ਜਾਣ ਜਾਣ ਛਣਕਾਉਂਦੀ ਸੀ।
ਮੈਂ ਕੋਸ਼ਿਸ਼ ਕਰ ਕਰ ਥੱਕਦਾ ਸੀ,
ਪਰ ਸਪਲੀ ਫਿਰ ਵੀ ਆਉਂਦੀ ਸੀ।
ਤੂੰ ਪੜੵਦੀ  ਪਤਾ ਨੀ ਸੀ ਕਿਸ ਵੇਲੇ,
ਸਭ ਪਹਿਲੀਆਂ ਦੇ ਵਿੱਚ ਆਉਂਦੀ ਸੀ।
ਜਦ  ਟੁੱਟ ਜਾਂਦਾ ਸੀ ਦਿਲ ਮੇਰਾ,
ਤੂੰ ਬੈਠ ਮੈਨੂੰ ਪੜਾਉਂਦੀ ਸੀ।
ਸਭ ਪੇਪਰ ਕਲੀਅਰ ਹੋ ਜਾਂਦੇ ਸੀ,
ਪਤਾ ਨੀ ਕੀ ਤੂੰ ਘੋਲ ਪਿਲਾਉਂਦੀ ਸੀ।

ਇੱਕ ਯਾਦ ਤਾਜ਼ਾ ਹੋਈ ਫੈਸਟੀਵਲ ਦੀ,
ਜਦ ਗਿਣ ਗਿਣ ਬੋਲੀਆਂ ਪਾਉਂਦੀ ਸੀ।
ਮੈਂ ਗਾਉਂਦਾ ਹੁੰਦਾ ਸੀ ਲੋਕ ਗੀਤ ਜਦੋਂ,
ਤੂੰ ਰੱਜ ਰੱਜ ਤਾਲੀਆਂ ਵਜਾਉਂਦੀ ਸੀ।

ਇੱਕ ਸੁਨਹਿਰੀ ਯੁੱਗ ਦਾ ਅੰਤ ਹੋਇਆ
ਵਰ ਲੱਭਿਆ ਜਦ ਅਮਰੀਕਾ ਸੀ,
ਤੂੰ ਵਾਰ ਵਾਰ  ਪਿਓ ਮਨਾਉਂਦੀ ਰਹੀ,
ਪਰ ਇੱਕ ਵੀ ਵਾਹ ਨਾ ਚੱਲਦੀ ਸੀ।
ਹਰ ਵਾਰ ਮੇਰੀ ਚੰਦਰੀ ਗਰੀਬੀ,
ਤੇਰਾ ਹਰ ਰਾਹ ਆ ਕੇ  ਮੱਲਦੀ ਸੀ।
ਅੱਜ ਯਾਦ ਪਤਾ ਨੀ ਕਿਉਂ ਆਈ ਤੇਰੀ,
ਕਿਸੇ ਦਿਲ ਦੇ ਕੋਨੇ  ਵਿੱਚ ਤੂੰ  ਬੈਠੀ ਏਂ।
ਲੱਖ ਕੋਸ਼ਿਸ਼ ਕਰ ਲਵਾਂ  ਭੁੱਲਣ ਦੀ,
ਤੂੰ ਓਨਾ ਹੀ ਚੇਤੇ ਆਉਂਦੀ ਏਂ।
ਲੱਖ ਹੋਇਆ ਸ਼ਾਹੂਕਾਰ ਮੈਂ ਚੰਨੋ,
ਪਰ ਤੇਰੇ ਤੋਂ ਮੈਂ ਹਾਰ ਗਿਆ,
ਬੈਠ ਤੂੰ ਵੀ ਤਾਂ ਪਛਤਾਉਂਦੀ ਹੋਵੇਂਗੀ,
ਸੋਨੇ ਵਰਗਾ ਐੱਸ ਪੀ ਤੂੰ ਵਿਸਾਰ ਲਿਆ
ਸੋਨੇ ਵਰਗਾ ਐੱਸ ਪੀ ਤੂੰ ਵਿਸਾਰ ਲਿਆ।

ਐੱਸ .ਪੀ . ਸਿੰਘ
ਲੈਕਚਰਾਰ ਫਿਜ਼ਿਕਸ
6239559522

Previous articleIndian students pursuing Masters in France to get 5-year work visa: PM Modi
Next articleਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿਵਾਉਣ ਲਈ ਵਫਦ ਦੇ ਰੂਪ ਵਿੱਚ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ