(ਸਮਾਜ ਵੀਕਲੀ)
ਚੇਤ ਮਹੀਨਾ ਕਣਕਾਂ ਉੱਤੇ ਸੋਨਾ ਮੜਿ੍ਆ ਦਿਸਦਾ ਹੈ ,,
ਕੁਦਰਤ ਦੀ ਦੇਵੀ ਦਾ ਜੋਬਨ ਜਾਂਦਾ ਪਲ-ਪਲ ਘਿਸਦਾ ਹੈ।।
ਵੈਸਾਖ ਮਹੀਨਾ ਦਾਣਿਆਂ ਦੇ ਨਾਲ ਸਾਰਾ ਵਿਹੜਾ ਭਰ ਦਿੰਦਾ,,
ਬਨਸਪਤੀ ਨੂੰ ਖੇਤਾਂ ਵਿੱਚੋ ਬਿਲਕੁਲ ਖਾਲੀ ਕਰ ਦਿੰਦਾ।।
ਜੇਠ ਮਹੀਨੇ ਸਿਖਰ ਦੁਪਹਿਰੇ ਲੂੰਆਂ ਬਣ-ਬਣ ਚਲਦੀਆਂ ਨੇ,,
ਅੰਦਰ-ਬਾਹਰ ਗਰਮ ਹਵਾਵਾਂ ਅੱਗ ਵਾਂਗਰਾਂ ਵਰਦੀਆਂ ਨੇ।।
ਹਾੜ ਮਹੀਨਾ ਜੀਅ-ਜੰਤ ਸਭ ਘਰ ਦੇ ਅੰਦਰ ਤਾੜ ਦਿੰਦਾ,,
ਤਪਦੀ ਹੋਈ ਰੇਤ ਨਾਲ ਇਹ ਪੈਰਾਂ ਨੂੰ ਵੀ ਸਾੜ ਦਿੰਦਾ।।
ਸਾਵਣ ਮਹੀਨੇ ਸਾਰੀ ਧਰਤੀ ਜਲਥਲ ਜਲਥਲ ਹੋ ਜਾਂਦੀ,,
ਵਰਖਾ ਦੇਵੀ ਰੂਪ ਧਾਰ ਕੇ ਹਰ ਇੱਕ ਸ਼ੈਅ ਨੂੰ ਛੋ ਜਾਂਦੀ ।।
ਭਾਦੋਂ ਜਲਥਲ ਹੋਈ ਧਰਤੀ ,ਮਿੱਟੀ ਖੁਸ਼ਬੂ ਛੱਡਦੀ ਹੈ ,
ਤਿੱਖੀ ਧੁੱਪ ਦੁਪਹਿਰਾਂ ਵਾਲ਼ੀ , ਪਿੰਡੇ ਨੂੰ ਵੀ ਵੱਡਦੀ ਹੈ
ਅੱਸੂ ਦੇ ਵਿੱਚ ਗਰਮੀ ਜਾਂਦੀ ਸਰਦੀ ਦੀ ਸ਼ੁਰੂਆਤ ਹੁੰਦੀ,,
ਅੰਮ੍ਰਿਤ ਵੇਲੇ ਸੋਹਣੀ ਸੱਜਰੀ ਖੁਸ਼ੀਆਂ ਦੀ ਪ੍ਰਭਾਤ ਹੁੰਦੀ।।
ਤਿਉਹਾਰਾਂ ਦੇ ਨਾਲ ਭਰਿਆ ਕੱਤਕ ਖੁਸ਼ੀਆਂ ਲੈ ਕੇ ਆਉਂਦਾ ਹੈ,,
ਬਿਨਾ ਤਿਉਹਾਰਾਂ ਤੋਂ ਹੀ ਆਸ਼ਕ ਤਾਰੇ ਦੇਖ ਕੇ ਗਾਉਂਦਾ ਹੈ।।
ਮੱਘਰ ਦੇ ਵਿੱਚ ਸਰਦੀ ਕੋਟ ਸਵੈਟਰ ਪਾਉਂਦੇ ਹਾਂ,,
ਸ੍ਰੀ ਗੁਰੂ ਤੇਗ ਬਹਾਦਰ ਦੇ ਚਰਨਾਂ ਨੂੰ ਧਿਆਉਂਦੇ ਹਾਂ।।
ਪੋਹ ਦਾ ਪਾਲਾ ਕੋਰ੍ਹਾ ਅੱਤ ਦੀ ਠੰਡ ਵਰਤਾਉਂਦਾ ਹੈ,,
ਸੱਥ ਚ ਲੱਗਿਆ ਧੂੰਣਾ ਪਿੰਡ ਦੀ ਠੰਡ ਭਜਾਉਂਦਾ ਹੈ।।
ਮਾਘ ‘ਚ ਪੱਤੇ ਝੜਦੇ ਧੁੱਪਾਂ ਸੋਹਣੀਆਂ ਪੈਂਦੀਆਂ ਨੇ,,
ਮਿੱਠੀਆਂ ਮਿੱਠੀਆਂ ਧੁੱਪਾਂ ਸੇਕ ਕੇ ਠੰਡਾਂ ਲਹਿਦੀਆਂ ਨੇ।।
ਫੱਗਣ ਲੁੱਟੀਆਂ ਬਹਾਰਾਂ ਲੈ ਕੇ ਵਾਪਸ ਆ ਜਾਂਦਾ,,
ਬਾਗਾਂ ਅਤੇ ਕਿਆਰੀਆਂ ਉੱਤੇ ਜੋਬਨ ਛਾ ਜਾਂਦਾ।।
ਬਾ ਕਮਾਲ ਸਮੇਂ ਦੀ ਇਹ ਵੰਡ, ਧੁਰੋਂ ਸੁਅਰਗਾਂ ਦੀ,,
ਕਦੋਂ ਕਰਾਂਗੇ ਮਾਣ ਇਹ ਸਾਡੀ ਕਮਾਈ ਬਜ਼ੁਰਗਾਂ ਦੀ।।
ਮੰਗਤ ਸਿੰਘ ਲੌਂਗੋਵਾਲ ਬਾਬਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly