(ਸਮਾਜ ਵੀਕਲੀ)
ਸਮਾਜ ਦੇ ਵਿੱਚ ਆਮ ਆਦਮੀ ਦੀ ਹਾਲਤ ਦਿਨੋ ਦਿਨ ਪਾਣੀ ਵਰਗੀ ਹੋ ਰਹੀ ਹੈ।ਆਮ ਆਦਮੀ ਕਰੇ ਤੇ ਕੀ ਨਾ ਕਰੇ? ਇਹ ਉਸਦੇ ਵੱਸ ਨਹੀਂ । ਉਹ ਤੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੋ ਕੇ ਇਕ ਦਿਨ ਆਪ ਹੀ ਮਿੱਟੀ ਵਿੱਚ ਮਿਲ ਜਾਂਦਾ ਹੈ। ਇਹ ਸਿਲਸਿਲਾ ਯੁੱਗਾਂ ਤੋਂ ਜਾਰੀ ਹੈ। ਉਸ ਨੂੰ ਤੇ ਆਪਣੇ ਹੱਕਾਂ ਦੀ ਲੜ੍ਹਾਈ ਦਾ ਨੀ ਪਤਾ ਕਿ ਕਿਵੇਂ ਤੇ ਕਿਸ ਦੇ ਖਿਲਾਫ਼ ਲੜਨੀ ਹੈ? ਉਹ ਤੇ ਆਪਣੀ ਤੀਵੀਂ ਨਾਲ ਲੜ ਕੇ ਹੀ ਗੁੱਸਾ ਕੱਢ ਲੈਂਦਾ ਹੈ। ਜਿਹਨਾਂ ਨੂੰ ਪਤਾ ਕਿ ਮਨੁੱਖ ਦੀ ਮਹੱਤਤਾ ਕੀ ਹੈ, ਉਨ੍ਹਾਂ ਨੇ ਉਸ ਨੂੰ ਵੋਟ ਦੀ ਪਰਚੀ ਬਣਾ ਲਿਆ ਹੈ । ਹੁਣ ਵੋਟਾਂ ਦੀ ਰੁੱਤ ਆ ਗਈ ਹੈ। ਸਿਆਸੀ ਲੋਕ ਪੱਗਾਂ ਬਦਲ ਰਹੇ ਹਨ।
ਚੋਰ, ਕੁੱਤੇ , ਚੌਕੀਦਾਰ ਰੇ ਰਾਜਾ ਸਾਰੇ ਰਲ ਗਏ ਹਨ । ਅਵਾਮ ਖੱਖੜੀਆਂ ਕਰੇਲੇ ਹੋਇਆ ਬੈਠਾ ਹੈ। ਸਿਆਸੀ ਪਾਰਟੀਆਂ ਮੁਫਤ ਦੇ ਲੰਗਰ ਲਗਾਉਣ ਦੀਆਂ ਤੇ ਖਾਣ ਤੇ ਪੀਣ ਦੇਣ ਵਾਲੀਆਂ ਸਹੂਲਤਾਂ ਦੀ ਸੂਚੀ ਜਾਰੀ ਕਰ ਰਹੀਆਂ ਹਨ। ਅਸੀਂ ਮੂੰਹ ਉਤੇ ਜੀਭ ਫੇਰ ਰਹੇ ਹਾਂ ।
ਹੁਣ ਤੇ ਉਸ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਸ ਦਾ ਇਹ ਸਿਆਸੀ ਆਗੂ ਕੀ ਲੱਗਦਾ ਹੈ?
ਜੇ ਤੁਹਾਡਾ ਕੋਈ ਸਿਆਸੀ ਆਗੂ ਕੁੱਝ ਸਕਾ ਸੋਧਰਾ ਲੱਗਦਾ ਤਾਂ ਦੱਸਣਾ ਤੁਹਾਡਾ ਉਸ ਨੇ ਸਵਾਰਿਆ ਹੈ ?
ਖੈਰ ਗੱਲ ਤੇ ਘੁਰਕੀ ਤੇ ਬੁਰਕੀ ਦੀ ਕਰਨੀ ਹੈ। ਕੁਰਸੀ ਆਪੇ ਵਿੱਚ ਆ ਗਈ ਹੈ। ਬਿਨ ਕੁਰਬਾਨੀ ਦੇ ਕੁਰਸੀ ਕਿਵੇਂ ਮਿਲਦੀ ਹੈ ਭਲਾਂ ? …..ਅੱਛਾ ਚਾਪਲੂਸੀ ਦੇ ਨਾਲ। ਤਲੇ ਚੱਟਣ ਨਾਲ। ਝੋਲੀ ਚੁੱਕ ਬਨਣ ਨਾਲ ।
ਇਹਨਾਂ ਤਿੰਨ ਸ਼ਬਦਾਂ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਸੰਬੰਧ ਹੈ.ਜਿਹੜਾ ਕਦੇ ਨਾ ਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਪਰ ਰਾਜਨੀਤੀ ਦੇ ਵਿੱਚ ਇਹ ਤਿੰਨ ਸ਼ਬਦ ਅੱਜਕੱਲ੍ਹ ਬਹੁਤ ਚਰਚਾ ਵਿੱਚ ਹਨ ।
ਉਹ ਇਸ ਕਰਕੇ ਕਿ ਰਾਜਨੀਤੀ ਦੇ ਹੁਣ ਦੋ ਕੋਣ ਨਹੀਂ ਤਿਕੋਣ ਬਣ ਗਈ ਹੈ .ਇਕ ਧਿਰ ਰਾਜ ਕਰ ਰਹੀ..ਇਕ ਧਿਰ ਦੇਖ ਰਹੀ ਤੇ ਇਕ ਆਪਣੇ ਖੁਰਾਂ ਦੇ ਨਾਲ ਮਿੱਟੀ ਪੁੱਟ ਰਹੀ ਹੈ..ਇਹ ਤਿਕੌਣ ਆਮ ਲੋਕਾਂ ਦੇ ਗਲੇ ਦੀ ਹੱਡੀ ਬਣ ਗਈ ਹੈ.ਤੇ ਕਦੇ…ਸਿਰ ਵਿੱਚ ਤੇ ਪਿੱਛੇ ਚੁਭਦੀ ਹੈ..!
.ਕਦੇ ਘੁਰਕੀ ਕਦੇ ਬੁਰਕੀ ਤੋਂ ਅੱਗੇ ਗੱਲ ਕੁਰਸੀ ਤੱਕ ਪੁੱਜ ਗਈ ਹੈ ..ਲੋਕ ਹੁਣ ਉਹਨਾਂ ਦਾ ਕੁਰਸੀਨਾਮਾ ਲੱਭਦੇ ਹਨ ਕਿ..ਘੁਰਕੀ ਤੇ ਬੁਰਕੀ ਤੋਂ ਬਾਅਦ ਕੁਰਸੀ ਤੱਕ ਕਿੰਨੀ ਕੁ ਦੇਰ ਅੱਖਾਂ ਬੱਦ ਕੀਤੀਆਂ ਜਾ ਸਕਦੀਆਂ ਹਨ..?
ਜਿਵੇਂ ਕਹਿੰਦੇ ਪਿਆਰ , ਜੰਗ ਤੇ ਰਾਜਨੀਤੀ ਦੇ ਵਿੱਚ ਸਭ ਕੁੱਝ ਜਾਇਜ਼ ਹੁੰਦਾ ਪਰ ਰਾਜਨੀਤੀ ਦੇ ਵਿੱਚ ਤਾਂ ਸਭ ਕੁੱਝ ਹੀ ਨਜਾਇਜ਼ ਹੋ ਰਿਹਾ ਹੈ! ਕਈ ਵਾਰ ਤੇ ਇੰਝ ਜਾਪਦਾ ਸਭ ਰੱਬ ਆਸਰੇ ਹੀ ਚੱਲ ਰਿਹਾ ਹੈ…ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ ..ਲੋਕ ਮਰ ਰਹੇ ਹਨ , ਲੁੱਟੇ ਜਾ ਰਹੇ ਤੇ ਕੁੱਟੇ ਜਾ ਰਹੇ ਹਨ.। ਸਿਸਟਮ ਬੇਸ਼ਰਮ ਹੋਇਆ ਹੱਸ ਰਿਹਾ ਤੇ ਕਾਨੂੰਨ ਦਾ ਪਾਠ ਪੜ੍ਹਾ ਤੇ ਸੁਣਾ ਰਿਹਾ ਹੈ।
.ਜੇ ਕੋਈ ਲੋਕਾਂ ਦੀ ਬਾਂਹ ਫੜਦਾ ਹੈ, ਉਸ ਦੀ ਬਾਂਹ ਮਰੋੜੀ ਜਾਂਦੀ ਹੈ…ਰਾਜ ਦੀ ਨੌਕਰਸ਼ਾਹੀ ਬੇਲਗਾਮ ਹੋ ਗਈ ਹੈ..ਲੋਕ ਸਰਕਾਰੀ ਦਫਤਰਾਂ ਦੇ ਚੱਕਰ ਮਾਰਦੇ ਹਨ ਤੇ ਸਮਾਂ ਤੇ ਮਾਇਆ ਗਵਾ ਕੇ ਘਰ ਆ ਜਾਂਦੇ ਹਨ..।
ਦੂਜੇ ਪਾਸੇ ਲੋਕਾਂ ਦੇ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ..ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ..ਲੋਕ ਚੁਪ ਦੀ ਗੁਫਾ ਵਿੱਚ ਬੈਠੇ ਹਨ.
.ਲੋਕਾਂ ਨੂੰ ਸਵਰਗ ਦੇ ਰਸਤੇ ਦੱਸਣ ਵਾਲੀ ਚਿੱਟੀ ਸਿਉਕ..ਦੋਵੇਂ ਹੱਥੀਂ ਲੁੱਟ ਰਹੀ ਹੈ..ਲੋਕ ਸਰੀਰਕ ਤੇ ਆਰਥਿਕ ਲੁੱਟ ਕਰਵਾ ਰਹੇ ਹਨ.
.ਸਿਹਤ,ਸਿਖਿਆ ਤੇ ਰੁਜ਼ਗਾਰ ਖੋਹ ਲਿਆ ਹੈ..ਜਨਤਕ ਅਦਾਰਿਆਂ ਨੂੰ ਪਹਿਲਾਂ ਬਦਨਾਮ ਕੀਤਾ ਤੇ ਫੇਰ ਉਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਰੋੜਾਂ ਦਾ ਮਾਲ ਕੌਡੀਆਂ ਦੇ ਭਾਅ ਵੇਚਿਆ ਵੀ ਆਪਣਿਆਂ ਨੂੰ ਜਾ ਰਿਹਾ ਹੈ।
ਆਰਥਿਕ ਮੰਦੀ ਨੇ ਕਰੋੜਾਂ ਲੋਕ ਵਿਹਲੇ ਕਰ ਦਿੱਤੇ ਹਨ..ਪੰਜਾਬ ਦੇ ਵਿੱਚ ਰਾਜ ਸੱਤਾ ਦੀ ਜੰਗ ਲੱਗੀ ਹੋਈ ਹੈ..ਇਸੇ ਜੰਗ ਦੇ ਵਿੱਚ ਘੁਰਕੀ, ਬੁਰਕੀ ਤੇ ਕੁਰਸੀ ਦਾ ਬੋਲਬਾਲਾ ਹੋਇਆ ਹੈ ..ਕਦੋਂ ਲੋਕਰਾਜ ਬਣੂੰ ? ਪੁੱਠਾ ਹੋਇਆ ਸਮਾਜ ਨਾ ਕਰੇ ਲਿਹਾਜ !
ਲੋਕ ਊਠ ਦੇ ਡਿੱਗ ਰਹੇ ਬੁੱਲ੍ਹ ਦੀ ਝਾਕ ਵਿੱਚ ਕੁੱਤੇ ਵਾਂਗ ਤੁਰੇ ਨਹੀ ਰਹੇ ਸਗੋਂ ਆਪਣਿਆਂ ਨੂੰ ਲਤਾੜ ਕੇ ਦੌੜ ਰਹੇ ਹਨ.
ਪਰ ਜਦੋਂ ਲੋਕ ਇੱਕਠੇ ਨੀ ਹੁੰਦੇ ..ਉਦੋਂ ਤੱਕ..ਇਸ ਤਰ੍ਹਾਂ ਹੀ ਲੁੱਟਮਾਰ ਜਾਰੀ ਰਹੇਗੀ। ਹੁਣ ਲੋਕਾਂ ਨੇ ਦੇਖਣਾ ਹੈ ਕਿ ਮਰਨਾ ਹੈ ਜਾ ਫਿਰ ਜਿਉਂਦੇ ਰਹਿਣਾ ਹੈ ?
ਹੁਨ਼ ਦੇਸ਼ ਦੂਸਰੀ ਅਜ਼ਾਦੀ ਦੀ ਜੰਗ ਲੜ ਰਹੇ ਹਾਂ .ਇਸ ਸਮੇ ਬੁੱਕਲ ਦੇ ਯਾਰ ਇਸ ਜਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਹਨ…ਬੇਲਾ ਸਿੰਘ ਤੇ ਕਿਰਪਾਲ ਸਿੰਘ ਵਰਗੇ ਸੂਹੀਏ ਬਣੇ ਹਨ…ਇਹਨਾਂ ਤੋਂ ਬਚਣ ਦੀ ਲੋੜ ਹੈ..!
ਦੇਸ਼ ਦੇ ਅੰਦਰ ਦੂਸਰੀ ਪੂਰਨ ਆਜ਼ਾਦੀ ਦੀ ਜੰਗ ਦੀ ਜਰੂਰਤ ਹੈ, ਪਰ ਲੜੇ ਕੌਣ ?
ਅਜੇ ਕਿਹੜਾ ਭੁੱਖ ਨਾਲ ਮਰੇ ਹਾਂ। ਸਸਤਾ ਤੇ ਮਹਿੰਗਾ ਸਭ ਕੁੱਝ ਮਿਲ ਰਿਹਾ ਹੈ। ਅਸੀਂ ਕਿਹੜਾ ਜਰਮਨੀ ਹਾਂ ਜੋ ਤੇਲ ਦੀਆਂ ਵਧੀਆ ਕੀਮਤਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਵਾਪਸ ਲੈਣ ਮਜ਼ਬੂਰ ਕਰ ਦਵਾਂਗੇ? ਅਸੀਂ ਤੇ ਭਾਰਤੀ ਗੁਲਾਮ ਲੋਕ ਹਾਂ । ਗੁਲਾਮ ਦੀ ਕੋਈ ਸੋਚ ਤੇ ਸਰਕਾਰ ਦੇ ਲੜ੍ਹਾਈ ਨਹੀਂ ਹੁੰਦੀ .ਤੇ ਘੁਰਕੀ, ਬੁਰਕੀ ਤੇ ਕੁਰਸੀ ਦੀ ਖੇਡ ਸਿਆਸੀ ਹੈ। ਆਪਾਂ ਕੀ ਲੈਣਾ ਹੈ? ਕਰੋ ਮੌਜ?
ਲਵੋ ਕਿਸੇ ਸਾਧ ਦੇ ਡੇਰੇ ਜਾ ਕੇ ਸਵਰਗ ਦੀਆਂ ਠਿਕਟਾਂ….ਚਿੱਟੀ ਸਿਉੰਕ ਉਡੀਕ ਦੀ ਹੈ…ਤੁਹਾਨੂੰ । ਕੀ ਲੈਣਾ ਘੁਰਕੀ ਤੇ ਕੁਰਸੀ ਤੋਂ ਤੁਸੀਂ ਬੁਰਕੀ ਛਕੋ!
ਹੁਣ ਕੁਰਸੀ ਘੁਰਕੀ ਦੇ ਨਾਲ ਸਾਰੇ ਹੀ ਚੋਰਾਂ ਤੇ ਡਾਕੂਆਂ ਨੂੰ ਆਪਣੀ ਛੱਤਰੀ ਥੱਲੇ ਪਨਾਹ ਦੇ ਰਹੀ ਹੈ। ਕੁਰਸੀ ਕੋਲ ਅਜਿਹੀ ਗੰਗਾ ਹੈ ਜੋ ਉਸਦੇ ਵਿੱਚ ਡੁੱਬਕੀ ਲਾਉਦਾ ਹੈ ਪਵਿੱਤਰ ਹੋ ਜਾਂਦਾ ਹੈ। ਇਹ ਗੰਗਾ ਜਲ ਹੁਣ ਸਾਰੇ ਹੀ ਡਾਕੂਆਂ ਦੇ ਉਪਰ ਈਡੀ ਦੇ ਰਾਹੀਂ ਛਿੜਕਿਆ ਜਾ ਰਹੀ ਹੈ।
ਕਿਸੇ ਨੂੰ ਬੁਰਕੀ ਨਾਲ ਕਿਸੇ ਨੂੰ ਘੁਰਕੀ ਨਾਲ ਆਪਣਾ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਪਰਾਲੀ ਦਲ,ਕਾਂਗਰਸ ਤੇ ਭਾਜਪਾ ਵਾਲੇ ਹੁਣ ਭੱਜੇ ਹਨ। ਸਾਰੇ ਇਕੱਠੇ ਹੋ ਰਹੇ ਹਨ, ਬੀਨ ਕਿਹੜੀ ਖੁੱਡ ਮੂਹਰੇ ਵੱਜੀ ਐ ਤੇ ਫਨੀਅਰ ਸੱਪ ਸਾਰੇ ਪੰਜਾਬ ਵਿੱਚੋਂ ਨਿਕਲਣ ਲੱਗੇ ਹਨ.
ਘੁਰਕੀ ਦੀ ਕਰਾਮਾਤ ਐ.
ਕੀ ਬਣੇਗਾ ਪੰਜਾਬ ਸਿਆਂ ਤੇਰਾ ? ਬਾਬਾ ਇਲਤੀ ਸਵਾਲ ਪੁੱਛਦਾ ਹੈ ? ਜੇ ਕਿਸੇ ਕੋਲ ਜਵਾਬ ਹੈ ਤਾਂ ਜਰੂਰ ਦੱਸਣਾ !
ਬੁੱਧ ਸਿੰਘ ਨੀਲੋਂ
9464370823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly