ਯੁੱਗ ਪਲਟਾਊ “ਮਹਾਨ ਦਾਰਸ਼ਨਿਕ ਕਾਰਲ ਮਾਰਕਸ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਅੱਜ ਪੂਰੀ ਦੁਨੀਆਂ ਵਿੱਚ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ ਬੇਸ਼ੱਕ ਕਈ ਵਾਰੀ ਉਨ੍ਹਾਂ ਨੂੰ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਕਾਰਲ ਮਾਰਕਸ ਬਹੁਤ ਹੀ ਗਿਆਨਵਾਨ, ਬੁਧੀਜੀਵੀ ਅਤੇ ਦੂਰਅੰਦੇਸ਼ੀ ਦੇ ਮਾਲਕ ਸਨ ਅਤੇ ਉਹ ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ, ਦਾਰਸ਼ਨਿਕ ਅਤੇ ਇਨਕਲਾਬੀ ਕਮਿਊਨਿਸਟ ਵੀ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਸੀ।

ਜਦੋਂ ਉਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਰਕਾਰਾਂ ਅਤੇ ਜਮਹੂਰੀਅਤ ਹੱਥੋ ਅਧਿਕਾਰਾ ਤੋਂ ਵੰਜਿਤ ਅਤੇ ਖੱਜਲ ਖੁਆਰ ਹੁੰਦੇ ਵੇਖਿਆ ਤਾਂ ਉਨ੍ਹਾਂ ਨੇ ਆਪਣੇ ਜੀਵਨ ਨੂੰ ਲੋਕਾਂ ਦੇ ਹਿੱਤਾਂ ਲਈ ਸੰਘਰਸ਼ਮਈ ਬਣਾਉਣ ਦਾ ਫ਼ੈਸਲਾ ਕਰ ਲਿਆ। ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਟਰਾਏਰ ਨਾਂ ਦੇ ਸ਼ਹਿਰ ਵਿੱਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਖ਼ਾਨਦਾਨ ਯਹੂਦੀ ਸੀ‌ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਲਈ ਸੀ। ਕਾਰਲ ਮਾਰਕਸ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਪਰਿਵਾਰ ਦੇ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ। 1819 ਵਿੱਚ ਉਸਦੇ ਵੱਡੇ ਭਾਈ ਮੋਰਿਜ਼ ਦੀ ਮੌਤ ਹੋ ਗਈ ਅਤੇ ਉਹ ਹੁਣ ਸਭ ਤੋਂ ਵੱਡਾ ਪੁੱਤਰ ਬਣ ਗਿਆ। ਮਾਰਕਸ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ‌ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿੱਚ ਕੀਤੀ।

ਆਪਣੀ ਪੜ੍ਹਾਈ ਪੂਰੀ ਕਰਨ ਲਈ‌ ਮਾਰਕਸ ਨੇ ਇੱਕ ਥੀਸਿਸ ਲਿਖੀ ਜਿਸ ਵਿੱਚ ਉਸ ਨੇ ਡੈਮੋਕ੍ਰੀਤਸ ਅਤੇ ਐਪੀਕੀਉਰਸ ਨਾਂ ਦੇ ਯੂਨਾਨੀ ਦਾਰਸ਼ਨਿਕਾਂ ਦੇ ਫ਼ਲਸਫ਼ਿਆਂ ਦੀ ਆਪਸ ਵਿੱਚ ਤੁਲਨਾ ਕੀਤੀ। 1841 ਵਿੱਚ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨੀਵਰਸਿਟੀ ਵਿੱਚ ਨੌਕਰੀ ਦੀ‌ ਤਲਾਸ਼ ਵਿੱਚ ਸਨ ਪਰ ਉਹ ਇਸ ਵਕਤ ਤਕ ਕਈ ਇਨਕਲਾਬੀ ਵਿਚਾਰਾਂ ਵਾਲੇ ਚਿੰਤਕਾਂ ਦੀ ਟੋਲੀਆਂ ਵਿੱਚ ਸ਼ਾਮਿਲ ਹੋ ਚੁੱਕੇ ਸਨ, ਕਿਸੀ ਵੀ ਯੂਨੀਵਰਸਿਟੀ ਵਿੱਚ ਨੌਕਰੀ ਹਾਸਿਲ ਕਰਨਾ ਹੁਣ ਦੂਰ ਦੀ‌ ਗੱਲ ਬਣ ਚੁੱਕਾ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਚਾਹਿਆ ਕਿ ਉਹ ਆਪਣੇ ਆਪ ਨੂੰ ਗਿਆਨ ਖੇਤਰ ਦੇ ਲਈ ਵਕਫ਼ ਕਰ ਦੇਵੇ ਅਤੇ ਬੋਨ ਵਿੱਚ ਪ੍ਰੋਫੈਸਰ ਬਣ ਜਾਵੇ। ਕਾਰਲ ਮਾਰਕਸ ਦੀ ਆਰਥਿਕ ਅਤੇ ਸਮਾਜੀ ਮਸਲਿਆਂ ਪ੍ਰਤੀ ਭਰਪੂਰ ਲਗਨ ਨਾ ਸਿਰਫ਼ ਜਰਮਨੀ ਦੇ ਜਨਤਾ ਦੀ ਤਕਲੀਫ਼, ਬਦਹਾਲੀ ਅਤੇ ਮਹਿਰੂਮੀ ਵੇਖ ਕੇ ਜਾਗੀ ਸੀ ਬਲਕਿ ਨਿਹਾਇਤ ਵਿਕਸਿਤ ਸਰਮਾਏਦਾਰ ਮੁਲਕਾਂ, ਬਰਤਾਨੀਆ ਅਤੇ ਫ਼ਰਾਂਸ ਦੇ ਹਾਲਾਤ ਅਤੇ ਘਟਨਾਵਾਂ ਨਾਲ ਵੀ ਉਭਰੀ ਸੀ।

ਲਿਓਨਜ ਦੇ ਮਜ਼ਦੂਰਾਂ ਦੀਆਂ 1831 ਅਤੇ 1834 ਦੀਆਂ ਹਲਚਲਾਂ, 1830 ਦੇ ਆਖਿਰ ਵਿੱਚ ਬਰਤਾਨੀਆ ਦੇ ਮਿਹਨਤਕਸ਼ਾਂ ਵਿੱਚ ਇਨਕਲਾਬੀ ਲਹਿਰ – ਇਨ੍ਹਾਂ ਸਭ ਨੇ 1842 ਵਿੱਚ ਆਪਣੇ ਸਿਖਰੀ ਨੁਕਤੇ ਤੇ ਪਹੁੰਚ ਕੇ ਸਿਆਸੀ ਚਰਿਤਰ (ਚਾਰਟਰਵਾਦ) ਆਪਣਾ ਲਿਆ। ਇਸ ਤਰ੍ਹਾਂ ਮਜ਼ਦੂਰਾਂ ਦੇ ਕੁੱਝ ਹੋਰ ਅਮਲੀ ਕਦਮ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਦੇ ਧਾਰਨੀ ਸਨ। ਰੀਨਸ਼ੇ ਜੇਤੁੰਗ (Rheinische Zeitung) ਨੇ ਮਾਰਕਸ ਨੂੰ ਸਿਆਸੀ ਰੂੜੀਵਾਦ ਅਤੇ ਜ਼ੁਲਮ ਦੇ ਖਿਲਾਫ ਨਵੇਂ ਖ਼ਿਆਲਾਂ ਦਾ ਪ੍ਰਚਾਰ ਕਰਨ ਦੇ ਲਈ ਇੱਕ ਨਵਾਂ ਪਲੇਟਫ਼ਾਰਮ ਮੁਹਈਆ ਕਰ ਦਿੱਤਾ ਸੀ। ਉਹ ਅਪ੍ਰੈਲ 1842 ਨੂੰ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਉਸੇ ਸਾਲ ਅਕਤੂਬਰ ਵਿੱਚ ਉਸ ਦਾ ਐਡੀਟਰ ਬਣ ਗਿਆ।

ਮਾਰਕਸ ਦੀ ਸੰਪਾਦਕੀ ਹੇਠ ਰੀਨਸ਼ੇ ਜੇਤੁੰਗ ਦਾ ਇਨਕਲਾਬੀ ਜਮਹੂਰੀ ਰੁਝਾਨ ਹੋਰ ਜ਼ਿਆਦਾ ਸਪਸ਼ਟ ਹੋ ਗਿਆ। ਉਸ ਨੇ ਸਮਾਜੀ, ਸਿਆਸੀ ਅਤੇ ਰੂਹਾਨੀ ਹਕੂਮਤ ਦੇ ਹਰ ਜਬਰ ਦੇ ਖਿਲਾਫ ਬੇਬਾਕ ਬਗਾਵਤ ਕਰ ਦਿੱਤੀ ਜੋ ਪਰੂਸ਼ੀਆ ਅਤੇ ਤਮਾਮ ਜਰਮਨੀ ਵਿੱਚ ਫੈਲ ਗਈ। ਮਾਰਕਸ ਨੇ ਇੱਕ ਸੱਚੇ ਜਮਹੂਰੀ ਇਨਕਲਾਬੀ ਦੀ ਤਰ੍ਹਾਂ ਆਪਣੇ ਲੇਖਾਂ ਵਿੱਚ ਜਨਤਾ ਦੀਆਂ ਆਰਥਿਕ ਗ਼ਰਜਾਂ ਦਾ ਪੱਖ ਪੂਰਿਆ। ਅਖ਼ਬਾਰ ਦੇ ਤਜਰਬੇ ਨਾਲ ਮਾਰਕਸ ਨੂੰ ਮਜ਼ਦੂਰਾਂ ਦੀਆਂ ਹਾਲਤਾਂ ਅਤੇ ਜਰਮਨੀ ਦੀ ਸਿਆਸੀ ਜਿੰਦਗੀ ਦਾ ਭਰਪੂਰ ਗਿਆਨ ਹਾਸਲ ਹੋਇਆ। ਲੋਕਾਂ ਦੀਆਂ ਭਖਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਵੀ ਪੂਰੂਸ਼ੀਆ ਦੀ ਹਕੂਮਤ ਅਤੇ ਉਸ ਦੇ ਅਫ਼ਸਰਾਂ ਦੇ ਜਾਲਮ ਰਵਈਏ ਦੇ ਦਰਜਨਾਂ ਤਥ ਵੇਖਦੇ ਹੋਏ ਮਾਰਕਸ ਇਸ ਨਤੀਜੇ ਤੇ ਅੱਪੜਿਆ ਕਿ ਇਹ ਹਕੂਮਤ, ਇਸ ਦੇ ਅਫ਼ਸਰ ਅਤੇ ਉਸ ਦੇ ਕਾਨੂੰਨ, ਲੋਕਾਂ ਦੀਆਂ ਇਛਾਵਾਂ ਦੇ ਰਾਖੇ ਨਹੀਂ ਬਲਕਿ ਹੁਕਮਰਾਨਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਵਿੱਚ ਅਮੀਰ ਅਤੇ ਮੁਲਾਣੇ ਵੀ ਸ਼ਾਮਿਲ ਹਨ।

ਇਹ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦਾ ਨਤੀਜਾ ਸੀ ਕਿ ਉਸ ਨੇ ਆਰਥਿਕਤਾ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਏਂਗਲਜ਼ ਦੇ ਮੁਤਾਬਿਕ ਬਾਅਦ ਵਿੱਚ ਮਾਰਕਸ ਅਕਸਰ ਕਿਹਾ ਕਰਦਾ ਸੀ ਕਿ ਇਹ “ਲੱਕੜ ਚੋਰੀ ਦਾ ਕਾਨੂੰਨ ਪੜ੍ਹਨ ਅਤੇ ਮੋਜ਼ਲੇ ਦੇ ਕਿਸਾਨਾਂ ਦੇ ਹਾਲਾਤ ਦੀ ਘੋਖ ਕਰਨ ਦਾ ਨਤੀਜਾ ਸੀ ਜਿਸ ਨੇ ਉਸਨੂੰ ਖ਼ਾਲਸ ਰਾਜਨੀਤੀ ਨਾਲ ਆਰਥਿਕ ਸੰਬੰਧਾਂ ਦੀ ਤਰਫ਼ ਆਕਰਸ਼ਤ ਕੀਤਾ ਅਤੇ ਇਸ ਤਰ੍ਹਾਂ ਉਸਨੂੰ ਸੋਸ਼ਲਿਜ਼ਮ ਦੀ ਰਾਹ ਦਿਖਾਈ। ਦਰਅਸਲ ਕਾਰਲ ਮਾਰਕਸ ਚਹੁੰਦੇ ਸਨ ਕਿ ਦੁਨੀਆਂ ਦੀ ਕਿਸੇ ਵੀ ਜਮਹੂਰੀਅਤ ਵਿੱਚ ਸਰਮਾਏਦਾਰੀ, ਪੂੰਜੀਵਾਦੀ, ਅਤੇ ਅਫਸਰ ਸ਼ਾਹੀ ਵਲੋਂ ਆਮ ਲੋਕਾਂ ਦੀ ਲੁੱਟ ਖਸੁੱਟ ਨਾ ਹੋਵੇ ਉਹ ਦੱਬੇ ਕੁੱਚਲੇ ਅਤੇ ਮਜ਼ਦੂਰ ਜਮਾਤ ਨੂੰ ਵੀ ਬਰਾਬਰ ਦੇ ਅਧਿਕਾਰ ਅਤੇ ਚੰਗੀ ਸਿੱਖਿਆ ਰਾਹੀਂ ਸਰਮਾਏਦਾਰੀ ਅਤੇ ਪੂੰਜੀਪਤੀਆਂ ਦੀ ਜਮਾਤ ਨਾਲ ਖੜਾ ਕਰਕੇ ਗਰੀਬੀ ਅਤੇ ਅਮੀਰੀ ਦਾ ਪਾੜਾ ਖ਼ਤਮ ਕਰਨਾ ਚਾਹੁੰਦੇ ਸਨ।

ਅੰਤ ਦੁਨੀਆਂ ਦੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਬੇ ਕੁਚਲੇ, ਮਜ਼ਦੂਰ ਅਤੇ ਮਜ਼ਬੂਰ ਲੋਕਾਂ ਦੀ ਲੜਾਈ ਲੜਦੇ ਅਖੀਰ 14 ਮਾਰਚ 1883 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਨਪ੍ਰੀਤ ਹਸਪਤਾਲ ਵੱਲੋਂ ਪਿੰਡ ਤੋਤੀ ‘ਚ ਲਗਾਇਆ ਗਿਆ ਫਰੀ ਮੈਡੀਕਲ ਕੈਂਪ ਦਾ ਲੋੜਵੰਦ ਮਰੀਜਾਂ ਲਿਆ ਲਾਭ
Next articleਗੀਤ