(ਸਮਾਜ ਵੀਕਲੀ)
ਸੀਰਤ ਅਤੇ ਗੁਰਦੀਪ ਪੱਕੀਆਂ ਸਹੇਲੀਆਂ ਸਨ। ਦੋਵੇਂ ਸਕੂਲ ਸਮੇਂ ਤੋਂ ਇਕੱਠੀਆਂ ਪੜ੍ਹਦੀਆਂ ਸਨ। ਦੋਵਾਂ ਵਿੱਚ ਐਨਾ ਪਿਆਰ ਸੀ ਕਿ ਵੇਖਣ ਵਾਲ਼ਾ ਹਰ ਕੋਈ ਉਹਨਾਂ ਨੂੰ ਭੈਣਾਂ ਹੀ ਸਮਝ ਲੈਂਦਾ ਸੀ। ਉਹ ਇਕੱਠੀਆਂ ਜ਼ਰੂਰ ਪੜ੍ਹਦੀਆਂ ਸਨ ਪਰ ਉਹ ਇੱਕ ਦੂਜੇ ਦੇ ਘਰ ਕਦੇ ਨਹੀਂ ਗਈਆਂ ਸਨ। ਦੋਵਾਂ ਦੇ ਪਰਿਵਾਰ ਇੱਕ ਦੂਜੇ ਦੇ ਨਾਵਾਂ ਤੋਂ ਹੀ ਵਾਕਿਫ਼ ਸਨ। ਦੋਨਾਂ ਦੇ ਕਾਲਜ ਦਾ ਅੱਜ ਆਖ਼ਰੀ ਦਿਨ ਸੀ।ਕਾਲਜ ਵਿੱਚ ਵਿਦਾਇਗੀ ਪਾਰਟੀ ਦਾ ਦਿਨ ਹੋਣ ਕਰਕੇ ਦੋਹਾਂ ਨੇ ਸਿਲਕ ਦੇ ਗੁਲਾਬੀ ਸੂਟ ਪਾਏ ਹੋਏ ਸਨ। ਬੁੱਲਾਂ ਉੱਤੇ ਹਲਕੀ ਗੁਲਾਬੀ ਸੁਰਖ਼ੀ ਲੱਗੀ ਹੋਣ ਕਰਕੇ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਸਨ ,ਬਿਲਕੁਲ ਜਿਵੇਂ ਪਰੀਆਂ ਹੋਣ।
ਇਕੱਠੀਆਂ ਨੇ ਕਈ ਫੋਟੋਆਂ ਖਿਚਵਾਈਆਂ ਤਾਂ ਜੋ ਦਸ ਸਾਲ ਦੀ ਦੋਸਤੀ ਨੂੰ ਆਪਣੇ ਨਾਲ ਯਾਦਾਂ ਵਿੱਚ ਕੈਦ ਕਰਕੇ ਰੱਖ ਸਕਣ। ਹੁਣ ਪੜ੍ਹਾਈ ਕਰਨ ਲਈ ਜਾਂ ਇੱਕ ਦੂਜੇ ਤੋਂ ਕੁਝ ਪੁੱਛਣ ਲਈ ਉਹ ਕਦੇ ਕਦੇ ਇੱਕ ਦੂਜੇ ਨੂੰ ਫ਼ੋਨ ਕਰ ਲੈਂਦੀਆਂ।ਰਿਜ਼ਲਟ ਤੋਂ ਬਾਅਦ ਤਾਂ ਉਹਨਾਂ ਦੀ ਗੱਲ ਬਾਤ ਬਹੁਤ ਘਟ ਗਈ ਸੀ। ਹੌਲੀ ਹੌਲੀ ਕਦੇ ਕਦੇ ਵਾਲੀ ਗੱਲ ਬਾਤ ਵੀ ਬੰਦ ਹੋ ਗਈ ਸੀ। ਸੀਰਤ ਦੇ ਵਿਆਹ ਦਾ ਦਿਨ ਤੈਅ ਹੋ ਗਿਆ।ਸੀਰਤ ਨੇ ਗੁਰਦੀਪ ਨੂੰ ਫ਼ੋਨ ਕੀਤਾ ਪਰ ਉਸ ਦਾ ਨੰਬਰ ਉਪਲਬਧ ਨਾ ਹੋਣ ਦਾ ਸੁਨੇਹਾ ਆ ਕੇ ਫੋਨ ਬੰਦ ਹੋ ਜਾਂਦਾ ਸੀ। ਸ਼ਾਇਦ ਗੁਰਦੀਪ ਨੇ ਆਪਣਾ ਇਹ ਨੰਬਰ ਬੰਦ ਕਰ ਦਿੱਤਾ ਸੀ।
ਸੀਰਤ ਦੇ ਵਿਆਹ ਦਾ ਦਿਨ ਵੀ ਆ ਗਿਆ ਜਿਸ ਦੀ ਹਰ ਕੁੜੀ ਨੂੰ ਉਡੀਕ ਹੁੰਦੀ ਹੈ।ਉਹ ਅੱਖਾਂ ਵਿੱਚ ਨਵੇਂ ਸੁਪਨੇ ਸਜਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ।ਉਸ ਦੀ ਮਾਂ ਨੇ ਆਪਣੀ ਧੀ ਨੂੰ ਸਹੁਰੇ ਘਰ ਵਿੱਚ ਸਾਰਿਆਂ ਦਾ ਸਤਿਕਾਰ ਕਰਨ ਦੇ ਨਾਲ ਨਾਲ,ਉਸ ਨੂੰ ਹਰ ਔਖ-ਸੌਖ ਵਿੱਚ ਆਪਣੇ ਘਰ ਨੂੰ ਸੰਭਾਲ ਕੇ ਰੱਖਣ ਦੀ ਸਿੱਖਿਆ ਵੀ ਦਿੱਤੀ।ਉਸ ਦੀ ਮਾਂ ਨੇ ਉਸਨੂੰ ਆਖਿਆ ਕਿ ਕੁੜੀਆਂ ਨੂੰ ਪਹਿਲਾਂ ਪਹਿਲ ਆਪਣੇ ਆਪ ਨੂੰ ਸਹੁਰਿਆਂ ਦੇ ਮਾਹੌਲ ਅਨੁਸਾਰ ਢਾਲਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਕੁੜੀਆਂ ਨਵੇਂ ਘਰ ਵਿੱਚ ਆਪਣੀ ਜਗ੍ਹਾ ਬਣਾ ਸਕਦੀਆਂ ਹਨ।
ਸੀਰਤ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਸੀ ਪਰ ਉਸ ਦੀ ਤਨਖਾਹ ਬਹੁਤ ਚੰਗੀ ਸੀ।ਉਸ ਦਾ ਸਹੁਰਾ ਵੀ ਨੌਕਰੀ ਕਰਦਾ ਸੀ। ਸੀਰਤ ਦੇ ਪਤੀ ਦੀ ਆਪਣੇ ਪਿਤਾ ਨਾਲ ਬਿਲਕੁਲ ਨਹੀਂ ਬਣਦੀ ਸੀ।ਘਰ ਦਾ ਮਾਹੌਲ ਤਣਾਅ ਭਰਪੂਰ ਰਹਿੰਦਾ। ਇੱਕ ਦਿਨ ਜਦ ਰਾਤ ਨੂੰ ਖਾਣਾ ਖਾਣ ਲੱਗੇ ਤਾਂ ਸੀਰਤ ਦੇ ਪਤੀ ਨੇ ਘਰ ਵਿੱਚ ਹੀ ਅਲੱਗ ਰਹਿਣ ਦੀ ਤਜਵੀਜ਼ ਸਾਰਿਆਂ ਅੱਗੇ ਰੱਖ ਦਿੱਤੀ ,ਇਹ ਸਭ ਕੁਝ ਸੁਣ ਕੇ ਸੀਰਤ ਵੀ ਹੈਰਾਨ ਰਹਿ ਗਈ। ਇਸ ਤੋਂ ਪਹਿਲਾਂ ਕਿ ਉਸ ਦਾ ਸਹੁਰਾ ਪਰਿਵਾਰ ਉਸ ਉੱਤੇ ਸ਼ੱਕ ਕਰਦੇ ਤਾਂ ਉਸ ਨੇ ਪਹਿਲਾਂ ਹੀ ਆਖ ਦਿੱਤਾ,” ਸੁਣੋ! ਤੁਸੀਂ ਅੱਡ ਹੋਣਾ ਤਾਂ ਬੇਸ਼ਕ ਹੋ ਜਾਵੋ ਪਰ ਮੈਂ ਤਾਂ ਮੰਮੀ ਡੈਡੀ ਜੀ ਨਾਲ਼ ਹੀ ਰਹਾਂਗੀ… ।”
ਉਸ ਦੇ ਸੱਸ ਸਹੁਰਾ ਤਾਂ ਖ਼ੁਸ਼ ਹੋ ਗਏ ਪਰ ਪਤੀ ਖਿਝ ਗਿਆ। ਉਸ ਨੇ ਬਾਅਦ ਵਿੱਚ ਆਪਣੇ ਪਤੀ ਨੂੰ ਇਕੱਲਿਆਂ ਬੈਠ ਕੇ ਸਮਝਾਇਆ ,” ਇਸ ਤਰ੍ਹਾਂ ਕਰਨ ਨਾਲ ਆਪਣੀ ਦੋਨਾਂ ਦੀ ਅਤੇ ਮੰਮੀ ਡੈਡੀ ਜੀ ਦੀ ਬੇਜ਼ਤੀ ਹੋ ਜਾਵੇਗੀ। ਲੋਕ ਆਪਾਂ ਦੋਹਾਂ ਧਿਰਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਮਜ਼ਾਕ ਉਡਾਉਣਗੇ।ਜੇ ਡੈਡੀ ਜੀ ਨਾਲ਼ ਤੁਹਾਡੇ ਵਿਚਾਰ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਸਾਹਮਣੇ ਇਹੋ ਜਿਹੀ ਕੋਈ ਗੱਲ ਨਾ ਛੇੜੋ ਜੋ ਤੁਹਾਨੂੰ ਬਹਿਸ ਵਿੱਚ ਪਾ ਦੇਵੇ …।”
ਉਸ ਤੋਂ ਬਾਅਦ ਹੌਲੀ ਹੌਲੀ ਉਸ ਦਾ ਪਤੀ ਸਮਝ ਗਿਆ ਤੇ ਉਹਨਾਂ ਦੀ ਪਿਓ- ਪੁੱਤ ਦੀ ਕਦੇ ਲੜਾਈ ਨਾ ਹੋਈ। ਸਾਰਾ ਪਰਿਵਾਰ ਬਹੁਤ ਖੁਸ਼ਹਾਲ ਹੋ ਗਿਆ ਸੀ। ਹੁਣ ਵਿਆਹ ਹੋਏ ਨੂੰ ਪੰਜ ਵਰ੍ਹ ਲੰਘ ਗਏ ਸਨ ਉਸ ਦੇ ਪਤੀ ਨੇ ਕਦੇ ਅਲੱਗ ਹੋਣ ਦੀ ਗੱਲ ਨਾ ਕੀਤੀ। ਉਹਨਾਂ ਦੇ ਦੋ ਬੱਚੇ ਹੋ ਗਏ ਸਨ। ਇੱਕ ਦਿਨ ਸੀਰਤ ਆਪਣੇ ਪਰਿਵਾਰ ਨਾਲ ਸ਼ਾਪਿੰਗ ਮਾਲ ਵਿੱਚ ਗਈ। ਉਹ ਮਾਲ ਵਿੱਚ ਘੁੰਮਦੇ ਘੁੰਮਦੇ ਇੱਕ ਸ਼ਾਪ ਤੇ ਕੁੱਝ ਖ਼ਰੀਦਣ ਲਈ ਰੁਕੇ ਤਾਂ ਇੱਕੋ ਜਿਹੀ ਵਰਦੀ ਵਿੱਚ ਸੋਹਣੀਆਂ ਸੋਹਣੀਆਂ ਕੁੜੀਆਂ ਆਪਣੇ ਆਪਣੇ ਕਾਊਂਟਰ ਤੇ ਗਾਹਕਾਂ ਨੂੰ ਸਮਾਨ ਦਿਖਾ ਰਹੀਆਂ ਸਨ। ਸੀਰਤ ਨੂੰ ਗੁਰਦੀਪ ਦਾ ਭੁਲੇਖਾ ਜਿਹਾ ਪਿਆ।ਜਦ ਉਸ ਨੇ ਕੋਲ਼ ਜਾ ਕੇ ਦੇਖਿਆ ਤਾਂ ਸੱਚ ਮੁੱਚ ਹੀ ਉਹ ਗੁਰਦੀਪ ਸੀ। ਉਹ ਦੋਵੇਂ ਮਿਲ ਕੇ ਬਹੁਤ ਖੁਸ਼ ਹੋਈਆਂ।
ਸੀਰਤ ਨੂੰ ਗੱਲ ਕਰਨ ਤੇ ਪਤਾ ਚੱਲਿਆ ਕਿ ਉਹ ਇੱਕ ਲੜਕੀ ਦੀ ਮਾਂ ਹੈ ਤੇ ਉਸ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਸੀ। ਜਦ ਤੱਕ ਸੀਰਤ ਦਾ ਪਰਿਵਾਰ ਸ਼ਾਪਿੰਗ ਕਰਦਾ ਉਹ ਦੋਵੇਂ ਉਸ ਦੁਕਾਨ ਵਿੱਚ ਗੱਲਾਂ ਬਾਤਾਂ ਸਾਂਝੀਆਂ ਕਰਦੀਆਂ ਰਹੀਆਂ। ਗੁਰਦੀਪ ਨੇ ਦੱਸਿਆ,” ਮੇਰੀ ਫੈਮਿਲੀ ਵਿੱਚ ਮੈਂ ਤੇ ਮੇਰੇ ਹਸਬੈਂਡ ਤੇ ਉਹਨਾਂ ਦੇ ਮੰਮਾ ਪਾਪਾ ਸਨ…. ਵੈਸੇ ਵੀ ਉਹ ਫਾਇਨੈਂਸੀਅਲੀ ਬਹੁਤ ਰਿਚ (ਅਮੀਰ) ਸੀ । ਪਰ ਮੇਰੇ ਮੰਮਾ ਮੇਰੇ ਹਸਬੈਂਡ ਨੂੰ ਕਹਿੰਦੇ ਸਨ ਕਿ ਵੀਕ ਵਿੱਚ ਇੱਕ ਵਾਰ ਮਿਲਾ ਕੇ ਲਿਜਾਇਆ ਕਰ…. ਇਹ ਲੈ ਕੇ ਨਹੀਂ ਜਾਂਦੇ ਸਨ….. ਇਸ ਤਰ੍ਹਾਂ ਸਾਡੀ ਆਪਸ ਵਿੱਚ ਲੜਾਈ ਰਹਿਣ ਲੱਗ ਪਈ…. ਫਿਰ ਮੇਰੇ ਬੇਟਾ ਹੋ ਗਿਆ…. ਮੰਮਾ ਕਹਿੰਦੇ ਤੂੰ ਡਾਈਵੋਰਸ ਲੈ ਲੈ….. ਜੇ ਉਹ ਤੇਰੀ ਗੱਲ ਨਹੀਂ ਮੰਨਦੇ….. ਇੱਕ ਸਾਲ ਪਹਿਲਾਂ ਹੀ ਸਾਡਾ ਡਾਈਵੋਰਸ ਹੋਇਆ…. ਮੈਂ ਆਪਣੇ ਬੇਟੇ ਨਾਲ ਆਪਣੇ ਮੰਮਾ ਕੋਲ਼ ਰਹਿੰਦੀ ਆਂ…..!”
“…..’ਤੇ ਤੇਰੇ ਬਰਦਰ ਦਾ ਵਿਆਹ ਹੋ ਗਿਆ…?” ਸੀਰਤ ਨੇ ਉਸ ਨੂੰ ਪੁੱਛਿਆ।
“ਹਾਂ….. ਉਹ ਤਾਂ ਅਲੱਗ ਫਲੈਟ ਲੈ ਕੇ ਰਹਿ ਰਹੇ ਨੇ….. ਉਸ ਦੀ ਵਾਈਫ਼ ਬਹੁਤ ਤੇਜ਼ ਆ….. ਉਹਦੀ ਮਦਰ ਦੀ ਬਹੁਤ ਇੰਟਰਫੀਅਰੈਂਸ (ਦਖ਼ਲ ਅੰਦਾਜ਼ੀ) ਸੀ…. ਮੰਮਾ ਨੂੰ ਪਸੰਦ ਨਹੀਂ ਸੀ….ਘਰ ਵਿੱਚ ਟੈਂਸ਼ਨ ਰਹਿਣ ਲੱਗ ਪਈ….ਫੇਰ ਉਹਦੀ ਮਾਂ ਦੇ ਕਹਿਣ ਤੇ ਉਹ ਅਲੱਗ ਫਲੈਟ ਲੈ ਕੇ ਰਹਿਣ ਲੱਗ ਪਏ…..।” ਗੁਰਦੀਪ ਬੋਲੀ।
(ਐਨੇ ਨੂੰ ਸੀਰਤ ਦਾ ਪਰਿਵਾਰ ਸ਼ਾਪਿੰਗ ਕਰਕੇ ਆ ਗਿਆ ਤੇ ਸੀਰਤ ਨੇ ਗੁਰਦੀਪ ਤੋਂ ਫ਼ਿਰ ਮਿਲ਼ਣ ਦਾ ਵਾਅਦਾ ਕਰਕੇ ਇਜਾਜ਼ਤ ਲਈ ਤੇ ਦੋਵੇਂ ਗਲ਼ੇ ਲੱਗ ਕੇ ਮਿਲੀਆਂ।)
ਸੀਰਤ ਵਾਪਸੀ ਵਿੱਚ ਸਾਰੇ ਰਸਤੇ ਇਹੀ ਸੋਚਦੀ ਆਈ ਕਿ ਧੀ ਦਾ ਘਰ ਵਸਾਉਣ ਵਿੱਚ ਮਾਂ ਦੀ ਦਿੱਤੀ ਅਕਲ ਕਿੰਨੀ ਕੰਮ ਆਉਂਦੀ ਹੈ ।ਉਸ ਨੂੰ ਆਪਣੀ ਮਾਂ ਬਹੁਤ ਪਿਆਰੀ ਲੱਗ ਰਹੀ ਸੀ ਤੇ ਸੋਚ ਰਹੀ ਸੀ ਕਿ ਉਸ ਦੀ ਦਿੱਤੀ ਮੱਤ ਕਿੰਨੀ ਸਹੀ ਸੀ ਜੋ ਉਸ ਨੇ ਘਰ ਵਸਾਉਣ ਦੀ ਗੱਲ ਆਖੀ ਸੀ ਤੇ ਸੋਚਦੀ ਹੈ ਕਿ ਅਸਲ ਵਿੱਚ ਤਾਂ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly