ਜਿੰਦਗੀ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

*ਜ਼ਿੰਦਗੀ, ਐਡੀ ਸੌਖੀ ਵੀ ਨਹੀਂ, ਜਿੰਨੀ ਅਸੀਂ ਸਮਝ ਲੈਨੇ ਆਂ…
**ਜ਼ਿੰਦਗੀ, ਐਡੀ ਔਖੀ ਵੀ ਨਹੀਂ, ਜਿੰਨੀ ਅਸੀਂ ਬਣਾ ਲੈਨੇ ਆਂ….

*ਜ਼ਿੰਦਗੀ, ਐਡੀ ਸੌਖੀ ਵੀ ਨਹੀਂ, ਜਿੰਨੀ ਅਸੀਂ ਸਮਝ ਲੈਨੇ ਆਂ…ਕਿਵੇਂ ? ਜਦੋਂ ਅਸੀਂ ਵਿਅਕਤੀ, ਵਸਤਾਂ, ਵਰਤਾਰਿਆਂ ਨੂੰ ਕੈਜ਼ੂਅਲੀ ਲੈਣ ਲੱਗ ਪੈਂਦੇ ਹਾਂ. ਜਦੋਂ ਜ਼ਿੰਦਗੀ ਦੀ ਸਾਰਥਕਤਾ ਅਤੇ ਮਹੱਤਤਾ ਸਾਡੇ ਲਈ ਅਰਥ ਗਵਾ ਬਹਿੰਦੀ ਹੈ. ਉਦਾਹਰਨ ਵਜੋਂ ਅਸੀਂ ਘਰੋਂ ਲੇਟ ਤੁਰਦੇ ਹਾਂ, ਫੇਰ ਪਹੁੰਚਣ ਦੀ ਕਾਹਲ਼ੀ ਹੁੰਦੀ ਹੈ. ਕਾਹਲ਼ੀ ਵਿੱਚ ਅਸੀਂ ਆਪਣੇ ਵਹੀਕਲ ਨੂੰ ਖ਼ੂਬ ਦਬੱਲਦੇ ਹਾਂ. ਦਿਮਾਗ਼ ਵਿੱਚ ਕਾਹਲ਼ੀ ਹੁੰਦੀ ਹੈ. ਅਸੀਂ ਆਪਣੀ ਸਮਰੱਥਾ ਅਤੇ ਮਸ਼ੀਨ ਦੀ ਸਮਰੱਥਾ ਦੋਹਾਂ ਨੂੰ ਉਲੰਘਣ ਦੀ ਕੋਸ਼ਿਸ਼ ਕਰਦੇ ਹਾਂ. ਯਾਦ ਰੱਖਣਾ ਮਸ਼ੀਨ, ਮਸ਼ੀਨ ਹੈ, ਉਸ ਵਿੱਚ ਕਦੇ ਵੀ, ਕਿਤੇ ਵੀ, ਕਿਸੇ ਵੀ ਤਰ੍ਹਾਂ ਦਾ ਫ਼ਾਲਟ ਪੈ ਸਕਦਾ ਹੈ, ਜਿਹੜਾ ਸਾਡੀ ਜ਼ਿੰਦਗੀ ਵਿੱਚ ਅਜਿਹਾ ਫ਼ਾੱਲਟ ਪਾ ਸਕਦਾ ਹੈ, ਜਿਹੜਾ ਸ਼ਾਇਦ ਕਦੇ ਵੀ ਨਾ ਠੀਕ ਹੋਵੇ।

ਬਿਲਕੁਲ ਇਸੇ ਤਰ੍ਹਾਂ ਹੈ ਜਦੋਂ ਅਸੀਂ ਵਹੀਕਲ ਚਲਾਉਂਦਿਆਂ ਮੋਬਾਇਲ ਫ਼ੋਨ ਦੀ ਵਰਤੋਂ ਕਰਦੇ ਹਾਂ. ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਭੱਜਿਆ ਜਾਂਦਾ ਬੰਦਾ ਸੂਈ ਵਿੱਚ ਧਾਗਾ ਪਾਵੇ। ਸਾਡੀ ਸ਼ੇਖ਼ੀ, ਸਾਡੀ ਕਾਹਲ਼, ਸਾਡੀ ਲਾਲਸਾ ਸਾਨੂੰ ਉਹ ਦਿਨ ਦਿਖਾ ਸਕਦੀ ਹੈ, ਜਿਹੜੇ ਰੱਬ ਕਿਸੇ ਨੂੰ ਨਾ ਦਿਖਾਵੇ।

**ਜ਼ਿੰਦਗੀ, ਐਡੀ ਔਖੀ ਵੀ ਨਹੀਂ, ਜਿੰਨੀ ਅਸੀਂ ਬਣਾ ਲੈਨੇ ਆਂ…. ਕਿਵੇਂ ? ਜਦੋਂ ਅਸੀਂ ਜ਼ਿੰਦਗੀ ਨੂੰ ਤਰ੍ਹਾਂ–ਤਰ੍ਹਾਂ ਦੀਆਂ ਬੰਦਸ਼ਾਂ ਦੇ ਸੰਗਲ਼ਾਂ ਨਾਲ਼ ਨੂੜ ਦਿੰਦੇ ਹਾਂ. ਇਹ ਸੰਗਲ਼ ਅਦ੍ਰਿਸ਼ ਹੁੰਦੇ ਹਨ ਪਰ ਇਨ੍ਹਾਂ ਦੇ ਨਤੀਜੇ ਦਿੱਖਤ ਰੂਪ ਵਿੱਚ ਦਿਖਾਈ ਦਿੰਦੇ ਹਨ. ਉਦਾਹਰਨ ਵਜੋਂ : ਤੁਸੀਂ ਨੋਟ ਕਰਨਾ (ਸਮੇਤ ਆਪਣੇ) ਜਿਹੜਾ ਵਹਿਮੀ ਬੰਦਾ ਹੋਵੇਗਾ, ਉਹ ਆਪਣੇ ਆਪ ਜਾਣਬੁੱਝ ਕੇ ਜ਼ਿੰਦਗੀ ਨੂੰ ਔਖਿਆਂ ਬਣਾ ਲੈਂਦਾ ਹੈ. ਇਸੇ ਤਰ੍ਹਾਂ ਜਦੋਂ ਅਸੀਂ ਕਈ ਬੰਦਸ਼ਾਂ ਨੂੰ ਐਵੇਂ–ਕੈਵੇਂ ਹੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਾਂ, ਉਦੋਂ ਵੀ ਜ਼ਿੰਦਗੀ ਔਖੀ ਹੋ ਜਾਂਦੀ ਹੈ. ਜਿਵੇਂ ਕਿ ਸਬਜੀਆਂ ਵਿੱਚ ਚੋਣ ਕਰਨੀ ਕਿ ਮੈਂ ਫ਼ਲਾਂ–ਫ਼ਲਾਂ ਸਬਜੀ ਨਹੀਂ ਖਾਂਦਾ. ਮੈਂ ਸਬਜੀ ਵਿੱਚ ਜੀਰਾ ਨਹੀਂ ਖਾਂਦਾ. ਮੈਂ ਦਹੀ ਨਹੀਂ ਖਾਂਦਾ. ਮੈਂ ਮਿੱਠੇ ਤੋਂ ਬਿਨਾਂ ਦਹੀ ਨਹੀਂ ਖਾ ਸਕਦਾ. ਮੈਂ ਲੂਣ ਤੋਂ ਬਿਨਾਂ ਦਹੀ ਨਹੀਂ ਖਾ ਸਕਦਾ. ਮੈਨੂੰ ਦਹੀ ਵਿੱਚ ਬੂੰਦੀ ਪਸੰਦ ਨਹੀਂ. ਮੈਨੂੰ ਰਾਇਤਾ ਪਸੰਦ ਨਹੀਂ. ਮੈਨੂੰ ਇਹ ਪਸੰਦ ਨਹੀਂ, ਉਹ ਪਸੰਦ ਨਹੀਂ…।

ਅਸੀਂ ਬੱਚਿਆਂ ਨੂੰ ਉਨ੍ਹਾਂ ਦੀ ਖਾਣ–ਪੀਣ ਦੀ ਚੋਣ ਪੁੱਛ–ਪੁੱਛ ਕੇ ਆਪਣੇ ਬੱਚਿਆਂ ਦੀਆਂ ਆਦਤਾਂ ਵਿਗਾੜਦੇ ਹਾਂ, ਜਿਵੇਂ ਸਾਡੇ ਮਾਪਿਆਂ ਨੇ ਸਾਡੀਆਂ ਵਿਗਾੜੀਆਂ ਸਨ.

ਸੋ ਦੋਸਤੋ, ਜ਼ਿੰਦਗੀ ਨੂੰ ਭਰਪੂਰ ਜੀਓ, ਰੱਜ ਕੇ ਮਾਣੋ, ਖ਼ੂਬ ਆਨੰਦ ਲਓ…।
ਜ਼ਿੰਦਗੀ ਨੂੰ ਨਾ ਔਖੀ ਬਣਾਓ, ਨਾ ਸੌਖੀ ਬਣਾਓ…. ਹਾਂ, ਰਸਮਿਸੀ ਜਿਹੀ ਬਣਾ ਲਓ।

– ਜੈ ਹੋ
ਡਾ. ਸਵਾਮੀ ਸਰਬਜੀਤ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀ ਮੈਂ ਤੇਰੇ ਉਤੇ ਮਰ ਮਿਟੀ! ਤੂੰ ਰੰਗਮੰਚ ਦਾ ਯਾਰ!!
Next articleਪੰਜਾਬ ਦਾ ਦਰਦ