ਰੂਹ ਦੇ ਕਾਣੇ

ਦੀਪ ਸੈਂਪਲਾਂ

(ਸਮਾਜ ਵੀਕਲੀ)

ਦਿਲਾ ਯਾਦ ਨਾ ਕਰ ਪੁਰਾਣਿਆਂ ਨੂੰ ਮਰਜਾਣਿਆਂ ਨੂੰ ਖੇਹ ਖਾਣਿਆਂ ਨੂੰ।
ਨਾਂ ਪਿਆਸ ਬੁਝਾਉਣ ਖਾਤਿਰ ਸੱਦ ਉਹਨਾਂ ਖਾਲੀ ਹੋ‌ਏ ਹਦਵਾਣਿਆ ਨੂੰ।

ਉਹਨਾਂ ਗੈਰ ਬਣਾ ਲ‌ਏ ਕਜਲਾ ਨੇ ਦਿਨ ਰਾਤ ਨੈਣਾਂ ਵਿੱਚ ਪਾਉਂਦੇ ਨੇ
ਤੇਰੀ ਹਾਲਤ ਨਜ਼ਰ ਨਹੀਂ ਆਉਣੀ ਉਹਨਾਂ ਰੂਹ ਦੇ ਹੋਏ ਕਾਣਿਆਂ ਨੂੰ।

ਗਲ ਵਿੱਚ ਲਟਕਾ‌ਈ ਫਿਰਦੇ ਨੇ ਉਹ ਤਗਮੇ ਬੇਵਫ਼ਾਈ ਦੇ
ਉਹਨਾਂ ਲਾਹਕੇ ਸੁੱਟਤੇ ਦੂਰ ਕਿਤੇ ਪਾਏ ਵਫਾਦਾਰੀ ਦੇ ਬਾਣਿਆਂ ਨੂੰ।

ਸ਼ੋਹਰਤ ਤੇ ਰੁਤਬਾ ਪਾਵਣ ਲ‌ਈ ਹੁਣ ਕਰਨ ਸਲਾਹਾਂ ਨਿੱਤ ਨਵੀਆਂ
ਤੂੰ ਬੇਅਕਲੀ ਦਾ ਬੁੱਤ ਲੱਗੇਂ ਉਹਨਾਂ ਅਕਲ ਦੇ ਬੜੇ ਸਿਆਣਿਆਂ ਨੂੰ।

ਨਾ ਚੰਦਰੇ ਜੱਗ ਦੀ ਨਜ਼ਰ ਲੱਗੇ ਇਸ ਡਰ ਤੋਂ ਪਰਦੇ ਕਰਦੇ ਰਹੇ
ਜਿੱਥੇ ਲੁੱਕ ਲੁੱਕ ਕੇ ਮਿਲਦੇ ਸੀ ਲਾ ਜ਼ਿੰਦਰੇ ਗ‌ਏ ਟਿਕਾਣਿਆਂ ਨੂੰ।

ਕੁਝ ਦੀਪ ਸੈਂਪਲਿਆ ਲਿਖ ਐਸਾ ਜੀਹਨੂੰ ਪੜ੍ਹ ਲਿਖ ਕਰਨ ਪਛਤਾਵੇ ਉਹ
ਹੁਣ ਗਵਾਈ ਚੱਲ ਛਪਵਾਈ ਚੱਲ ਤੂੰ ਨਜ਼ਮਾਂ, ਗ਼ਜ਼ਲਾਂ, ਗਾਣਿਆਂ ਨੂੰ।

ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

 

Previous articleਜੀਅ ਕਰਦਾ ਪਿੰਡ ਮੇਰਿਆ
Next articleਅੱਖੀਂ ਦੇਖਿਆ ਬਜਟ ਸੈਸ਼ਨ-