(ਸਮਾਜ ਵੀਕਲੀ)
ਲਛਮੀ ਦੇ ਪੈਰੋਕਾਰ ਸਾਧ ਜੀ,
ਕਿੱਥੇ ਏ ਖੱਪਰੀ ਨਾਦ ਸਾਧ ਜੀ।
ਮਣ ਕੁ ਸੋਨਾ ਓ ਚੁੱਕੀ ਫਿਰਦੇ,
ਮਾਇਆ ਨਾਲ ਪਿਆਰ ਸਾਧ ਜੀ।
ਵੱਡੀਆਂ ਗੱਡੀਆਂ, ਵੱਡੇ ਡੇਰੇ,
ਕਾਹਦਾ ਕਰੋ ਵਪਾਰ ਸਾਧ ਜੀ।
ਸ਼ਰਮ,ਹਯਾ ਸਭ ਵੇਚ ਕੇ ਖਾਧੀ,
ਕੂੜ ਦੇ ਪਹਿਰੇਦਾਰ ਸਾਧ ਜੀ।
ਮਨ ਦੇ ਰੋਗੀ ਚੌਂਕੀਆਂ ਭਰਦੇ,
ਗਲ ਵਿੱਚ ਖਿਲਰੇ ਵਾਲ ਸਾਧ ਜੀ।
ਧਰਮ ਦੇ ਵਿੱਚ ਪਖੰਡ ਰਲਾਇਆ,
ਭਰਮ ਦੇ ਮੱਕੜ ਜਾਲ ਸਾਧ ਜੀ।
ਲਾਲ ਬੱਤੀਆਂ ਪਾਉਂਦੀਆਂ ਫੇਰੀ,
ਵੋਟਾਂ ਦੇ ਕਮਾਲ ਸਾਧ ਜੀ।
ਧਰਮ ਦੀ ਰਾਹ ਤਾਂ ਖੰਨਿਅਹੁ ਤਿੱਖੀ,
ਉਮਰਾਂ ਦੇਵੇ ਗਾਲ ਸਾਧ ਜੀ।
ਆਪਾ ਵਾਰਿਆ ਧੁਰ ਨਾਲ ਨਿਭਦੀ,
ਸਣੇ ਸਾਰਾ ਪਰਿਵਾਰ ਸਾਧ ਜੀ।
ਸਤਨਾਮ ਕੌਰ ਤੁਗਲਵਾਲਾ