ਵਿਸ਼ਵਾਸ

ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)-ਦੋਸਤੋ ਜ਼ਿੰਦਗੀ ਵਿਚ ਤੁਸੀਂ ਆਪਣੇ ਬੱਚੇ ਨੂੰ ਜੋ ਵੀ ਕਹਿੰਦੇ ਹੋ ਉਹ ਉਸ ਦੇ ਮਨ ਤੇ ਬਹੁਤ ਅਸਰ ਪਾਉਂਦਾ ਹੈ। ਆਪਣੀ ਜ਼ਿੰਦਗੀ ਦੀ ਇੱਕ ਘਟਨਾ ਸਾਂਝੀ ਕਰ ਰਹੀ ਹਾਂ।
ਦਸਵੀਂ ਤੋਂ ਬਾਦ ਮੈਂ ਮੌਡਰਨ ਸਕੂਲ ਵਿਖੇ ਪਲੱਸ ਵਨ ਵਿੱਚ ਦਾਖਿਲਾ ਲੈ ਲਿਆ। ਦਸਵੀਂ ਜਮਾਤ ਤਕ ਦੇ ਦੋਸਤ ਵਿਛੜ ਗਏ। ਪਰ ਨਵੀਂ ਜਮਾਤ ਵਿੱਚ ਨਵੇਂ ਸਾਥੀ ਮਿਲ ਗਏ। ਉਹਨਾਂ ਦਿਨਾਂ ਵਿੱਚ ਫੋਨ ਕਿਸੇ ਕਿਸੇ ਘਰ ਵਿੱਚ ਹੁੰਦਾ ਸੀ। ਸਾਡੇ ਘਰ ਫੋਨ ਨਹੀਂ ਸੀ। ਮੇਰੇ ਪਿਤਾ ਖਿਡਾਰੀ ਹੋਣ ਕਰਕੇ ਖੁੱਲ੍ਹੇ ਵਿਚਾਰਾਂ ਦੇ ਸਨ।
ਇੱਕ ਦਿਨ ਮੈਂ ਸਕੂਲ ਤੋਂ ਵਾਪਿਸ ਆਈ ਤਾਂ ਘਰ ਦਾ ਮਾਹੌਲ ਕੁਝ ਬਦਲਿਆ ਲੱਗਾ। ਪਿਤਾ ਘਰ ਨਹੀਂ ਸਨ। ਮੰਮੀ ਤੇ ਵੱਡਾ ਭਰਾ ਕੁਝ ਚੰਗੀ ਤਰਾਂ ਗੱਲ ਨਹੀਂ ਕਰ ਰਹੇ ਸਨ। ਅਚਾਨਕ ਦੋਵਾਂ ਨੇ ਮੈਨੂੰ ਕਮਰੇ ਵਿੱਚ ਬਿਠਾ ਕੇ ਗੱਲ ਕਰਨੀ ਸ਼ੁਰੂ ਕੀਤੀ। ਗੱਲ ਕੀ ਕੀਤੀ ਸਿੱਧਾ ਸਵਾਲ ਦਾਗਿਆ ਮੰਮੀ ਨੇ,
“ਲਵਲੀ ਕੌਣ ਹੈ?”
 ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਜਵਾਬ ਦਿੱਤਾ
” ਕੌਣ ਲਵਲੀ?”
ਭਰਾ ਨੇ ਕਿਹਾ,
” ਅਸੀਂ ਤੈਨੂੰ ਪੁੱਛ ਰਹੇ।”
“ਪਰ ਮੈਨੂੰ ਨਹੀਂ ਪਤਾ।”
ਮੇਰੇ ਸਾਮ੍ਹਣੇ ਇੱਕ ਨੌਜਵਾਨ ਮੁੰਡੇ ਦੀ ਤਸਵੀਰ ਦੀਆਂ ਤਿੰਨ ਕਾਪੀਆਂ ਰੱਖ ਦਿੱਤੀਆਂ। ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਹੈ।
ਦੇਖਣ ਨੂੰ ਖਾੜਕੂ ਜਿਹਾ ਲੱਗਦਾ ਸੀ ਖੁੱਲੀ ਦਾਹੜੀ ਕਰਕੇ।
(ਉਸ ਉਮਰ ਦੀ ਮੇਰੀ ਸੋਚ ਮੁਤਾਬਿਕ)
ਮੰਮੀ ਨੇ ਕਿਹਾ ਕਿ ਤੇਰੇ ਨਾਂ ਤੇ ਚਿੱਠੀ ਆਈ ਹੈ। ਤੇਰਾ ਹਾਲ ਚਾਲ ਪੁੱਛਿਆ ਹੈ। ਚਿੱਠੀ ਕਿਸੇ ਲਵਲੀ ਦੀ ਹੈ ਤੇ ਨਾਲ ਇਹ ਤਿੰਨ ਤਸਵੀਰਾਂ ਹਨ। ਮੈਨੂੰ ਸੱਚੀ ਨਹੀਂ ਪਤਾ ਸੀ ਕਿ ਉਹ ਕੌਣ ਹੈ। ਪਰ ਆਪਣੀ ਮਾਂ ਤੇ ਭਰਾ ਦੀਆਂ ਨਜ਼ਰਾਂ ਤੋਂ ਮੈਨੂੰ ਲਗ ਰਿਹਾ ਸੀ ਕਿ ਮੈਂ ਅਪਰਾਧੀ ਹਾਂ। ਮੈਂ ਵਾਰ ਵਾਰ ਕਿਹਾ ਕਿ ਮੈਂ ਇਸ ਨੂੰ ਨਹੀਂ ਜਾਣਦੀ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਹ ਮੇਰਾ ਯਕੀਨ ਕਿਉਂ ਨਹੀਂ ਕਰ ਰਹੇ। ਇਨ੍ਹੇ ਵਿੱਚ ਮੇਰੇ ਪਿਤਾ ਆ ਗਏ। ਉਹਨਾਂ ਮੇਰੇ ਸਿਰ ਤੇ ਹੱਥ ਰੱਖ ਕਿਹਾ ਕਿ ਜਦ ਉਹ ਕਹਿ ਰਹਿ ਹੈ ਨਹੀਂ ਜਾਣਦੀ ਤਾਂ ਨਹੀਂ ਜਾਣਦੀ। ਇਸ ਗੱਲ ਨੂੰ ਇੱਥੇ ਹੀ ਖਤਮ ਕਰੋ। ਉਹਨਾਂ ਉਹ ਚਿੱਠੀ ਤੇ ਤਸਵੀਰਾਂ ਪਾੜ ਕੇ ਸੁੱਟ ਦਿੱਤੀਆਂ।
ਇਸ ਘਟਨਾ ਤੋਂ ਬਾਦ ਇਸ ਵਿਸ਼ੇ ਤੇ ਕੋਈ ਗੱਲ ਨਾ ਹੋਈ।ਮੈਂ ਜੋ ਬਹੁਤ ਬੋਲਦੀ ਸੀ ਚੁੱਪ ਰਹਿਣ ਲੱਗੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਆਪਣਾ ਸੱਚ ਕਿਵੇਂ ਸਾਬਤ ਕਰਾਂ।
ਕੁਝ ਦਿਨ ਬੀਤ ਗਏ। ਗੱਲ ਸਭ ਲਈ ਆਈ ਗਈ ਹੋ ਗਈ ਪਰ ਮੇਰੇ ਲਈ ਨਹੀਂ। ਇਸ ਗੱਲ ਨੇ ਭਾਵਨਾਤਮਕ ਤੌਰ ਤੇ ਮੈਨੂੰ ਤੋੜ ਸੁੱਟਿਆ।
ਕੁਝ ਦਿਨ ਬਾਦ ਮੇਰੀ ਇਹ ਦਸਵੀਂ ਦੀ ਸਹੇਲੀ ਮੇਰੇ ਘਰ ਆਈ ਆਪਣੀ ਮੰਮੀ ਨਾਲ। ਉਹਨਾਂ ਦੱਸਿਆ ਕਿ ਮੇਰੀ ਸਹੇਲੀ ਜਤਿੰਦਰ ਜਿਸਦਾ ਘਰ ਦਾ ਨਾਂ ਲਵਲੀ ਸੀ ਨੇ ਮੈਨੂੰ ਕੁਝ ਦਿਨ ਪਹਿਲਾਂ ਇੱਕ ਚਿੱਠੀ ਲਿਖੀ ਸੀ। ਉਸ ਲਿਫਾਫੇ ਵਿੱਚ ਗਲਤੀ ਨਾਲ ਉਹ ਮੁੰਡੇ ਦੀਆਂ ਤਸਵੀਰਾਂ ਪੈ ਗਈਆ ਜਿਸ ਦਾ ਰਿਸ਼ਤਾ ਉਹਨਾਂ ਦੀ ਵੱਡੀ ਕੁੜੀ ਲਈ ਆਇਆ ਸੀ। ਉਹ ਤਸਵੀਰਾਂ ਵਾਪਿਸ ਲੈਣ ਆਏ ਸਨ।
ਸਾਰੀ ਗੱਲ ਸਾਫ ਹੋ ਚੁੱਕੀ ਸੀ। ਮੈਂ ਉਸ ਸਮੇਂ ਘਬਰਾਹਟ ਵਿੱਚ ਆਪਣੀ ਸਹੇਲੀ ਲਵਲੀ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਮੰਮੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਚਿੱਠੀ ਨਹੀਂ ਮਿਲੀ। ਸ਼ਾਇਦ ਪਤਾ ਗਲਤ ਲਿਖ ਦਿੱਤਾ ਹੋਵੇ।
ਸਾਰੀ ਗੱਲ ਸਾਫ ਹੋ ਗਈ ਸੀ। ਪਰ ਮੈਂ ਇਸ ਤੱਥ ਨੂੰ ਸਮਝ ਚੁੱਕੀ ਸੀ ਕਿ ਸੱਚੇ ਹੁੰਦਿਆ ਵੀ ਬਹੁਤ ਵਾਰ ਤੁਸੀਂ ਆਪਣਾ ਸੱਚ ਸਾਬਿਤ ਨਾ ਕਰ ਸਕਣ ਕਰਕੇ ਦੋਸ਼ੀ ਗਰਦਾਨ ਦਿੱਤੇ ਜਾਂਦੇ ਹੋ।
ਇਹ ਬਹੁਤੀਆਂ ਕੁੜੀਆਂ ਦੀ ਹੋਣੀ ਹੈ। ਮਾਂ ਦੇ ਪੇਟ ਚੋਂ ਕੋਈ ਮਜ਼ਬੂਤ ਜਾਂ ਕਮਜ਼ੋਰ ਪੈਦਾ ਨਹੀਂ ਹੁੰਦਾ। ਵਕਤ ਔਤ ਹਾਲਾਤ ਉਸਨੂੰ ਚੰਗਾ ਜਾਂ ਬੁਰਾ ਬਣਾਉਂਦੇ ਹਨ।
ਮੇਰੀ ਖੁਸ਼ਕਿਸਮਤੀ ਸੀ ਕਿ ਮੇਰੇ ਪਿਤਾ ਨੇ ਮੇਰਾ ਸਾਥ ਦਿੱਤਾ। ਮੇਰੇ ਮੰਮੀ ਤੇ ਭਰਾ ਨੇ ਆਪਣੀ ਗਲਤੀ ਸਮਝ ਲਈ ਤੇ ਮੈਂ ਮਜ਼ਬੂਤੀ ਨਾਲ ਹਾਲਾਤ ਦਾ ਸਾਮ੍ਹਣਾ ਕਰਨਾ ਸਿੱਖ ਗਈ । ਮੈਂ ਉਦੋਂ ਹੀ ਸਮਝ ਲਿਆ ਸੀ ਕਿ ਮੁਸ਼ਕਿਲਾਂ ਬਹੁਤ ਆਉਣਗੀਆਂ ਪਰ ਆਪਣੇ ਆਪ ਤੇ ਭਰੋਸਾ ਰੱਖ ਹਿੰਮਤ ਨਾਲ ਸਭ ਤਰਾਂ ਦੇ ਹਾਲਾਤ ਦਾ ਸਾਮ੍ਹਣਾ ਕਰਨਾ ਹੈ।
ਪਰ ਇਹ ਸਭ ਨਾਲ ਨਹੀਂ ਹੁੰਦਾ। ਬਹੁਤ ਕੁੜੀਆਂ ਇਸ ਬੇਭਰੋਸਗੀ ਨਾਲ ਟੁੱਟ ਜਾਂਦੀਆ ਹਨ। ਉਹ ਫਿਰ ਹਾਲਾਤ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਲੋੜ ਹੈ ਅਸੀਂ ਆਪਣੇ ਬੱਚੇ ਤੇ ਵਿਸ਼ਵਾਸ ਕਰੀਏ। ਉਸਦੀ ਗੱਲ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਗਲਤੀ ਹੋ ਜਾਵੇ ਤਾਂ ਵੀ ਉਸ ਨੂੰ ਹੋਰ ਮੌਕਾ ਦੇਈਏ ਆਪਣੇ ਆਪ ਨੂੰ ਸਾਬਤ ਕਰਨ ਦਾ। ਕੇ ਇਹ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ।
ਰੱਖੜੀ ਤੇ ਸਾਰੇ ਭਰਾ ਆਪਣੀਆਂ ਭੈਣਾਂ ਤੇ ਭਰੋਸਾ ਕਰਨ ਤੇ ਉਹਨਾਂ ਦਾ ਸਾਥ ਦੇਣ ਦਾ ਅਹਿਦ ਕਰੋ। ਗੱਲ ਕੁਝ ਵੀ ਨਹੀਂ ਹੁੰਦੀ ਪਰ ਅਸਰ ਬਹੁਤ ਵੱਡਾ ਪਾਉਂਦੀ ਹੈ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articlePak man commits suicide after failing to pay high electricity bill
Next articleਕਵਿਤਾ “ਸੁਪਨਾ”