ਇਨਸਾਨ ਕੌਣ

ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

ਬੱਸ ਸਟੈਂਡ ਦੇ ਕਾਫ਼ੀ ਗਹਿਮਾ – ਗਹਿਮੀ ਹੈ । ਉਹ ਅਪਾਹਜ ਬੁੱਢੀ ਭਿਖਾਰਨ ਔਰਤ ਹੌਲੇ -ਹੌਲੇ ਘੜੀਸਦੀ ਹੋਈ ਹਰ ਇਕ ਅੱਗੇ ਝੋਲੀ ਅੱਡ ਰਹੀ ਹੈ। ਕੋਈ ਇੱਕ- ਦੋ ਤੇ ਕੋਈ ਪੰਜ -ਦਸ ਰੁਪਏ ਉਸਦੀ ਝੋਲੀ ਵਿਚ ਪਾ ਰਿਹਾ ਹੈ। ਪਰ ਬਹੁਤੇ ਉਸਨੂੰ ਝਿੜਕ ਕੇ ਅੱਗੇ ਤੋਰ ਰਹੇ ਹਨ।

ਉਹ ਇਸ ਤੋਂ ਬੇਪਰਵਾਹ ਫਿਰ ਵੀ ਸਭ ਅੱਗੇ ਝੋਲੀ ਅੱਡ ਰਹੀ ਹੈ। ਇੰਨੇ ਨੂੰ ਉਹ ਇੱਕ ਨਸ਼ੇੜੀ ਵਿਗੜੀ ਹੋਈ ਮੰਡੀਰ ਲਾਗੇ ਪਹੁੰਚ ਜਾਂਦੀ ਹੈ।
ਉੱਥੇ ਝੱਟ ਹੀ ਕੇਲਾ ਖਾ ਰਹੇ ਮੁੰਡੇ ਦੰਦੀਆਂ ਕੱਢਦੇ ਉਸਦੀ ਝੋਲੀ ਛਿਲਕਿਆਂ ਨਾਲ ਭਰ ਦਿੰਦੇ ਹਨ। ਤੇ ਇੱਕ ਸਿਰ ਫਿਰਿਆ ਤਾਂ ਉਸ ਦੀ ਝੋਲ਼ੀ ਵਿੱਚ ਥੁੱਕ ਵੀ ਦਿੰਦਾ ਹੈ। ਬੁੱਢੀ ਔਰਤ ਗੁੱਸੇ ਵਿੱਚ ਉਨ੍ਹਾਂ ਵੱਲ ਦੇਖਦੀ ਹੋਈ ਆਪਣੀ ਝੋਲੀ ਸਾਫ ਕਰਨ ਲਗਦੀ ਹੈ।

ਥੁੱਕ ਸੁੱਟਣ ਵਾਲਾ ਮੁੰਡਾ ਭੜਕਦਾ ਹੋਇਆ ਉਸ ਨੂੰ ਧੱਕਾ ਮਾਰ ਉਸ ਦੀਆਂ ਫੋੜੀਆਂ ਖੋਹ ਲੈਂਦਾ ਹੈ, ” ਸਾਲੀ ਬੁੱਢੀ , ਅੱਖਾਂ ਕਿੱਦਾਂ ਕੱਢਦੀ । ਤੇ ਦੂਜਾ ਮੁੰਡਾ ਝੱਟ ਭਿਖਾਰਨ ਅੱਗੇ ਆ ਉਸਦੀ ਪੈਸਿਆ ਵਾਲੀ ਪੋਟਲੀ ਖੋਹ ਲੈਂਦਾ ਹੈ । ਹੁਣ ਬੁੱਢੀ ਰੋਣ ਲੱਗੀ । ਤੇ ਮੁੰਡੇ ਤਾੜੀਆਂ ਮਾਰ- ਮਾਰ ਉੱਚੀ-ਉੱਚੀ ਹੱਸਣ ਲੱਗੇ।

ਬੱਸ ਸਟੈਂਡ ਦੇ ਲੋਕਾਂ ਦੀ ਭੀੜ ਇਹ ਸਭ ਤਮਾਸ਼ਾ ਦੇਖ ਰਹੀ ਹੈ। ਕੁਝ ਤਾਂ ਵੱਧ ਚੜ੍ਹ ਕੇ ਵੀਡੀਓ ਵੀ ਬਣਾ ਰਹੇ ਹਨ। ਬੁੱਢੀ ਨੇ ਰੋਂਦੇ ਹੋਏ ਮਦਦ ਦੀ ਗੁਹਾਰ ਲਗਾਈ। ਪਰ ਮੁੰਡਿਆਂ ਨੂੰ ਰੋਕ ਕੋਈ ਵੀ ਨਹੀਂ ਸੀ ਰਿਹਾ।

“ਲੈ ਬੁੱਢੀਏ ਆਪਣੀਆਂ ਫੋੜੀਆਂ ” ਥੋੜ੍ਹਾ ਪਰ੍ਹਾਂ ਖਲੋ ਕੇ ਇਕ ਮੁੰਡਾ ਦੰਦੀਆਂ ਕੱਢਦਾ ਬੁੱਢੀ ਔਰਤ ਨੂੰ ਬੁਲਾਉਂਦਾ ਹੈ । ਔਰਤ ਘੜੀਸਦੀ ਹੋਈ ਮੁਸ਼ਕਲ ਨਾਲ ਉਥੇ ਪਹੁੰਚਦੀ ਹੈ । ਤਾਂ ਉਹ ਉਸ ਨੂੰ ਫਿਰ ਥੱਕਾ ਮਾਰਦਾ ਹੈ। ਇਸ ਵਾਰ ਜ਼ਮੀਨ ਤੇ ਮੁੱਧੇ ਮੂੰਹ ਡਿੱਗੀ ਔਰਤ ਉੱਚੀ -ਉੱਚੀ ਚੀਕ-ਚੀਕ ਕੇ ਰੋਣ ਲੱਗਦੀ ਹੈ।

ਅਚਾਨਕ ਹੀ ਉਥੇ ਬੈਠੇ ਅਵਾਰਾ ਕੁੱਤੇ ਉੱਚੀ ਉੱਚੀ ਭੌਂਕਦੇ ਹੋਏ ਉਨ੍ਹਾਂ ਮੁੰਡਿਆਂ ਤੇ ਹਮਲਾ ਕਰ ਦਿੰਦੇ ਹਨ। ਮੁੰਡੇ ਡਰਕੇ ਦੌੜਦੇ ਹਨ । ਤੇ ਕੁੱਤੇ ਚੀਕ ਚਿਹਾੜਾ ਪਾਈ ਉਨ੍ਹਾਂ ਦੇ ਮਗਰ- ਮਗਰ ਦੌੜਦੇ ਹਨ। ਬੌਂਦਲੇ ਹੋਏ ਮੁੰਡੇ ਮਿੰਟਾਂ ‘ਚ ਹੀ ਉਥੋਂ ਗਾਇਬ ਹੋ ਜਾਂਦੇ ਹਨ।

ਇਹ ਸਭ ਦੇਖਦੀ ਹੈਰਾਨ ਹੋਈ ਬੁੱਢੀ ਔਰਤ ਹੰਝੂ ਪੂੰਝਦੀ ਹੋਈ ਆਪਣਾ ਸਮਾਨ ਇਕੱਠਾ ਕਰਦੀ ਹੈ ਤੇ ਦੋਵੇਂ ਹੱਥ ਜੋੜ ਪਰਮਾਤਮਾ ਦਾ ਸ਼ੁਕਰ ਕਰਦੀ ਹੈ।ਸ਼ੁਕਰ ਹੈ ਮਾਲਕਾ!ਜਾਨਵਰਾਂ ਵਿਚ ਤਾਂ ਇਨਸਾਨੀਅਤ ਹੈ। ਨਈਂ ਤੇ ਇਨਸਾਨ ਤਾਂ ਕਦੋਂ ਦੇ ਜਾਨਵਰ ਬਣ ਗਏ।

ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ।

 

Previous articleMilwaukee Police’s first India-born officer retires after 21 yrs
Next articleਵਿਸ਼ੇਸ਼ ਟੀਕਾਕਰਨ ਹਫਤੇ ਸੰਬੰਧੀ ਹਦਾਇਤਾਂ ਜਾਰੀ