ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

(ਸਮਾਜ ਵੀਕਲੀ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੂਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਗੁਰਦੂਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਪੂਰਬ ਦੇ ਸੰਬੰਧ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ, ਨਗਰ ਕੀਰਤਨ ਸਜਾਏ ਗਏ ਅਤੇ ਰੱਖੇ ਗੲੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਦੂਆਰਾ ਸਾਹਿਬ ਦੇ ਕੀਰਤਨੀ ਜੱਥੇ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਅਤੇ ਵਿਸ਼ੇਸ਼ ਤੌਰ ‘ਤੇ ਪੂਰਾ ਹਫਤੇ ਚੱਲੇ ਵਿਸ਼ੇਸ਼ ਕੀਰਤਨ ਸਮਾਗਮਾਂ ਲਈ ਪਹੁੰਚੇ ਪੰਥ ਦੇ ਮਹਾਨ ਕੀਰਤਨੀਏ ਬੀਬੀ ਬਲਜੀਤ ਕੌਰ ਖਾਲਸਾ ਦੇ ਜੱਥੇ ਨੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਉਹਨਾਂ ਗੁਰੁ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਅਤੇ ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ’ਤੇ ਸੰਗਤਾਂ ਨੂੰ ਵਧਾਈ ਦਿੱਤੀ। ਗੁਰਦੂਆਰਾ ਸਾਹਿਬ ਵਿਖੇ ਜੱਦ ਦਾ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਇਸ ਦੀ ਸਫਲਤਾ ਲਈ ਅਰਦਾਸ ਕੀਤੀ ਜਾ ਰਹੀ ਹੈ ਤੇ ਹੁਣ ਕਿਸਾਨ ਮੋਰਚੇ ਦੀ ਸਫਲਤਾ ਲਈ ਅਰਦਾਸ ਪੂਰੀ ਹੋਣ ’ਤੇ ਸ਼ੁਕਰਾਨਾਂ ਕੀਤਾ ਗਿਆ। ਬੀਬੀ ਬਲਜੀਤ ਕੌਰ ਖਾਲਸਾ ਜੀ ਦੇ ਜਥੇ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।

ਇਸ ਦੋਰਾਨ ਗੁਰਦੂਆਰਾ ਸਾਹਿਬ ਵਿਖੇ ਇਕ ਵਿਸ਼ੇਸ਼ ਮੁਫਤ ਮੈਡੀਕਲ ਕੈੰਪ ਵੀ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਦਿਲ ਦੇ ਰੋਗਾਂ ਦੇ ਟੈਸਟ (ਈਕੇਜੀ, ਈਸੀਜੀ) ਕੀਤੇ ਗਏ। ਡਾ. ਸਤਿੰਦਰ ਸਿੰਘ ਭਾਰਜ ਅਨੁਸਾਰ ਇਸ ਕੈਂਪ ਵਿੱਚ 56 ਸੰਗਤ ਮੈਂਬਰਾਂ ਦੇ ਟੈਸਟ ਕੀਤੇ ਗਏ। ਕਰਾਈਸਟ ਹਸਪਤਾਲ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਮੈਡੀਕਲ ਡਾਇਰੈਕਟਰ ਡਾ. ਸੰਤੋਸ਼ ਮੈਨਨ ਨੇ ਮੈਡੀਕਲ ਜਾਂਚ ਕੀਤੀ ਅਤੇ ਹਰੇਕ ਵਿਅਕਤੀ ਨੂੰ ਜਾਂਚ ਰਿਪੋਰਟ ਵੀ ਦਿੱਤੀਆਂ ਗਈਆਂ।

ਇਹਨਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ ਤੋਂ ਇਲਾਵਾ ਨਾਲ ਲੱਗਦੇ ਸੂਬੇ ਕੈਨਟੱਕੀ, ਇੰਡੀਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੋਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਨੇ ਪੂਰਾ ਹਫਤਾ ਚੱਲੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼-ਜਬਰ ਉੱਤੇ ਸਬਰ ਦੀ ਜਿੱਤ
Next articleਸਭ ਲਾਂਘੇ ਖੁੱਲਣਗੇ , ਚੇਤਨ ਹੋਵੋ