(ਸਮਾਜ ਵੀਕਲੀ)
ਸਦੀਆਂ ਤੋਂ ਸਾਡਾ ਪੰਜਾਬ ਹਾਕਮਾਂ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਆਇਆ, ਪਤਾ ਨੀ ਕਿਉਂ ? ਇਸ ਡੂੰਘੇ ਰਹੱਸ ਬਾਰੇ ਕਿਸੇ ਨੂੰ ਕੋਈ ਭੇਦ ਨਹੀਂ ਜਾਂ ਸਾਡੇ ਸਰਬ ਸਾਂਝੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ ਮਾਸੂਮ ਲੋਕਾਂ ਦੀ ਬੁਰੀ ਹਾਲਤ ਵੇਖ ਕੇ ਹਾਅ ਦਾ ਨਾਅਰਾ ਮਾਰਿਆ ਸੀ।
“ਏਤੀਂ ਮਾਰ ਪਈ ਕੁਰਲਾਣੈਂ, ਤੈਂ ਕੀ ਦਰਦ ਨਾ ਆਇਆ “ਕੋਈ ਸਮਾਂ ਸੀ ਜਦੋਂ ਪੰਜਾਬ ਸੋਨੇ ਦੀ ਚਿੜੀ ਹੋਇਆ ਕਰਦਾ ਸੀ।
ਕਿੰਨੇ ਵਾਰੀ ਇਹ ਮੁਗਲ ਹਕੂਮਤ ਦੀਆਂ ਬਾਜ਼ ਵਰਗੀਆਂ ਬੁਰੀਆਂ ਨਜ਼ਰਾਂ ਦਾ ਸ਼ਿਕਾਰ ਹੁੰਦਾ ਰਿਹਾ। ਕੁਝ ਲਾਈਨਾਂ ਉੱਤੇ ਚਿੜੀ ਦੇ ਟੁੱਟ ਕੇ ਬਾਜ਼ ਪੈ ਗਏ, ਠੂੰਗਾਂ ਮਾਰ ਕੇ ਲਹੂ ਲੁਹਾਣ ਕੀਤਾ। ਅੱਜ ਵੇਖਲੋ ਚਿੜੀ ਚੂਕਦੀ ਦੀ ਨੂੰ, ਕੌਣ ਭਰੂ ਇਹਦਾ ਨੁਕਸਾਨ ਕੀਤਾ। ਅਬਦਾਲੀ, ਦੁਰਾਨੀ, ਜ਼ਕਰੀਏ ਵਰਗਿਆਂ ਦੀ ਹਕੂਮਤ ਨੇ ਇਸ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ, ਧਨ ਪਦਾਰਥ ਲੁੱਟਿਆ ਪੰਜਾਬੀਆਂ ਭਾਵ ਇੱਥੋਂ ਦੇ ਵਸਿੰਦਿਆਂ ਨੂੰ ਘਰ ਘਾਟ ਛੱਡਣ ਲਈ ਮਜਬੂਰ ਕੀਤਾ। ਹਰ ਇੱਕ ਤਰਾਂ ਦਾ ਧੱਕਾ ਕਰਕੇ ਅੰਦਰੋਂ ਖੋਖਲਾ ਕੀਤਾ। ਪੰਜਾਬੀਆਂ ਨੇ ਕੁਰਬਾਨੀਆਂ ਕਰਕੇ ਦੁਸ਼ਮਣਾਂ ਦੇ ਪੰਜੇ ਵਿਚੋਂ ਇਸ ਨੂੰ ਬਚਾਇਆ। ਫਿਰ ਸਾਡਾ ਰੰਗਲਾ ਪੰਜਾਬ ਅੰਗਰੇਜ਼ੀ ਹਕੂਮਤ ਭਾਵ ਫਿਰੰਗੀਆਂ ਦੇ ਗੁਲਾਮ ਰਿਹਾ। ਦੋ ਸੌ ਸਾਲ ਅੰਗਰੇਜਾਂ ਨੇ ਖੂਬ ਆਹੂ ਲਾਹੇ, ਕਿੰਨੀਆਂ ਕੁਰਬਾਨੀਆਂ ਕਰਕੇ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਵਾਇਆ, ਤੇ ਉਸ ਗੋਰੀ ਸਰਕਾਰ ਨੇ ਸਾਡਾ ਪੰਜਾਬ ਜੋ ਕਦੇ ਲਾਹੌਰ ਕਾਬਲ ਕੰਧਾਰ ਦੀਆਂ ਕੰਧਾਂ ਨਾਲ ਲੱਗਦਾ ਸੀ।
ਉਹਨਾਂ ਦੀ ਹੀ ਚਾਲ ਕਰਕੇ ਇਹ ਇਸ ਤੋਂ ਵੱਖ ਹੋ ਗਏ। ਪਾਕਿਸਤਾਨ ਬਣਿਆ ਪਿਆਰ ਵੰਡੇ ਗਏ, ਭਾਈਆਂ ਦੇ ਭਾਈਆਂ ਨੂੰ ਵੈਰੀ ਬਣਾਇਆ ਗਿਆ। ਖੂਨੀ ਲਕੀਰਾਂ ਖਿੱਚੀਆਂ ਗਈਆਂ। ਜੋ ਅੱਜ ਤੱਕ ਦੋਵੇਂ ਦੇਸ਼ਾਂ ਨੂੰ ਡਰਾਉਂਦੀਆਂ। ਲੋਕ ਚਾਹੁੰਦੇ ਆ, ਕੇ ਅਸੀਂ ਸਭ ਕੁਝ ਭੁਲਾ ਕੇ ਇੱਕ ਹੋਈਏ,ਪਰ ਹਾਕਮਾਂ ਨੇ ਲੋਹੇ ਦੀਆਂ ਤਾਰਾਂ ਦੀ ਵਾੜ ਕਰਕੇ ਦੁੱਖ ਸੁੱਖ ਤੋਂ ਵੀ ਕੋਹਾਂ ਦੂਰ ਕਰ ਦਿੱਤਾ। ਉਹ ਜ਼ਖ਼ਮ ਅਜੇ ਰਿਸ ਰਿਹੇ ਸੀ। ਫਿਰ ਉੱਨੀਂ ਸੌ ਛਿਆਹਟ ਵਿੱਚ ਪੰਜਾਬ ਤੋਂ ਹਰਿਆਣੇ ਨੂੰ ਵੱਖ ਕਰ ਦਿੱਤਾ। ਜਿੰਨਾਂ ਪੰਜਾਬ ਨੇ ਬਾਹਰਲੇ ਤੇ ਅੰਦਰਲੇ ਹਮਲਾਵਾਰਾਂ ਦਾ ਤਸ਼ੱਤਦ ਝੱਲਿਆ, ਸ਼ਾਇਦ ਦੇਸ਼ ਦੇ ਹੋਰ ਕਿਸੇ ਸੂਬੇ ਨੇ ਨਹੀਂ ਝੱਲਿਆ ਜੋ ਅੱਜ ਤੱਕ ਜਾਰੀ ਹੈ।
ਹੁਣ ਕਦੇ ਚੰਡੀਗੜ੍ਹ ਰਾਜਧਾਨੀ ਦਾ ਰੌਲਾ, ਕਦੇ ਪਾਣੀਆਂ ਦਾ ਮਸਲਾ, ਕਦੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਮੁੱਦਾ ਪਤਾ ਨੀਂ ਅਜੇ ਹੋਰ ਕਿੰਨੇ ਹੀ ਮਸਲੇ ਹੋਣਗੇ। ਪਹਿਲਾਂ ਹੀ ਨਸ਼ੇ ਵਰਗੀਆਂ ਅਲਾਮਤਾਂ, ਬੇਰੁਜ਼ਗਾਰੀ ਦਾ ਝੰਬਿਆ ਸੂਬਾ ਸੰਤਾਪ ਹੰਢਾ ਰਿਹਾ। ਜਦੋਂ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੀ ਅੱਸੀ ਪ੍ਰਤੀਸ਼ਤ ਕੁਰਬਾਨੀਆਂ ਪੰਜਾਬ ਦੀਆਂ, ਅੱਜ ਧਾਰਮਿਕ ਮਸਲੇ ਖੜ੍ਹੇ ਕਰਕੇ ਹੋਰ ਜ਼ਲੀਲ ਕੀਤਾ ਜਾ ਰਿਹਾ, ਪੰਜਾਬ ਨੂੰ, ਦੱਸੋ ? ਇੱਕ ਪਾਸੇ ਦਿੱਲੀ ਦੀ ਹਕੂਮਤ ਤੇ ਦੂਜੇ ਪਾਸੇ ਸਰਹੱਦੀ ਖ਼ੇਤਰ ਹੋਣ ਕਰਕੇ ਪਾਕਿਸਤਾਨ, ਦੋਵਾਂ ਪੁੜਾਂ ਵਿਚਾਲੇ ਪਿਸਿਆ ਜਾ ਰਿਹਾ।
ਛੋਟਾ ਜਿਹਾ ਸੂਬਾ ਪੰਜਾਬ, ਜੇ ਅੱਜ ਇਸ ਦੀ ਹੋਂਦ ਹੈ ਤਾਂ ਗੁਰੂ ਪੀਰਾਂ ਦੀ ਰਹਿਮਤ ਕਰਕੇ, ਜਾਂ ਆਪਣੀ ਮਿਹਨਤ ਦੇ ਬਲਬੂਤੇ ਤੇ, ਨਹੀਂ ਤਾਂ ਸ਼ਾਇਦ ਸਾਡਾ ਪੰਜਾਬ ਸਿਰਫ਼ ਕਿਤਾਬਾਂ ਦੇ ਵਰਕਿਆਂ ਤੱਕ ਹੀ ਸੀਮਿਤ ਰਹਿ ਜਾਣਾ ਸੀ। ਸਾਡੇ ਹਾਕਮਾਂ ਨੂੰ ਚਾਹੀਦਾ ਹੈ ਇਸ ਦੇ ਸਬਰ ਨੂੰ ਨਾ ਪਰਖਿਆ ਜਾਵੇ ਦੂਜੇ ਸੂਬਿਆਂ ਦੀ ਤਰਾਂ ਇਸ ਨੂੰ ਵੀ ਬਣਦੇ ਹੱਕ ਦਿੱਤੇ ਜਾਣ, ਤਾਂ ਕਿ ਮੁਸੀਬਤਾਂ ਦੇ ਝੰਬੇ, ਸੂਬੇ ਦੇ ਦਰਦ ਨੂੰ ਪਛਾਣਿਆ ਜਾਵੇ। ਸਮੇਂ ਦੇ ਹਾਕਮ ਪੰਜਾਬ ਨੂੰ ਤਰਸ ਦਾ ਪਾਤਰ ਨਾ ਬਣਾਉਣ, ਇਸ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਕੇ ਮੁੜ ਖੁਸ਼ਹਾਲ ਕੀਤਾ ਜਾਵੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417