ਏਹੁ ਹਮਾਰਾ ਜੀਵਣਾ ਹੈ -193

ਬਰਜਿੰਦਰ ਕੌਰ ਬਿਸਰਾਓ..

(ਸਮਾਜ ਵੀਕਲੀ)

ਮਨੁੱਖੀ ਜੀਵਨ ਦੇ ਤਿੰਨ ਮੁੱਖ ਪੜਾਵਾਂ ਬਾਰੇ ਤਾਂ ਆਪਾਂ ਸਭ ਨੇ ਪੜ੍ਹਿਆ ਅਤੇ ਜਾਣਿਆ ਹੋਇਆ ਹੈ, ਉਹ ਹਨ – ਬਚਪਨ,ਜਵਾਨੀ ਅਤੇ ਬੁਢਾਪਾ। ਪਰ ਇਹ ਤਿੰਨੇ ਪੜਾਵਾਂ ਦੇ ਵੀ ਆਪਣੇ ਅੱਡ ਅੱਡ ਪੜਾਅ ਹੁੰਦੇ ਹਨ। ਇਹਨ੍ਹਾਂ ਵਿੱਚੋਂ ਅੱਜ ਆਪਾਂ ਬੁਢਾਪੇ ਦੀ ਅਵਸਥਾ ਦੇ ਵੱਖ ਵੱਖ ਪੜਾਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੁਢਾਪੇ ਦੀ ਅਵਸਥਾ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਅਵਸਥਾ ਹੁੰਦੀ ਹੈ।ਇਸ ਸਮੇਂ ਵਿੱਚ ਉਸ ਕੋਲ ਦੁਨੀਆਂ ਨੂੰ ਦੱਸਣ ਲਈ ਬਹੁਤ ਕੁਝ ਹੁੰਦਾ ਹੈ ਪਰ ਕੋਈ ਸੁਣਨ ਵਾਲ਼ਾ ਨਹੀਂ ਹੁੰਦਾ। ਉਹ ਤਜ਼ਰਬਿਆਂ ਦੀ ਖਾਨ ਹੁੰਦਾ ਹੈ ਪਰ ਉਸ ਖਾਨ ਵਿੱਚੋਂ ਕੋਈ ਵੀ ਕੁਝ ਲੱਭਣਾ ਨਹੀਂ ਚਾਹੁੰਦਾ। ਹਰ ਵਿਅਕਤੀ ਨੂੰ ਆਪਣੇ ਬੁਢਾਪੇ ਦੇ ਅੱਡ ਅੱਡ ਪੜਾਵਾਂ ਨੂੰ ਸਮਝਦੇ ਹੋਏ ਆਪਣੇ ਬੁਢਾਪੇ ਦੀ ਕਦਰ ਕਰਨੀ ਚਾਹੀਦੀ ਹੈ ।

ਹਰ ਕਿਸੇ ਦਾ ਬੁਢਾਪੇ ਬਾਰੇ ਆਪਣਾ ਹੀ ਇੱਕ ਨਿੱਜੀ ਵਿਚਾਰ ਹੁੰਦਾ ਹੈ। ਕਿਸੇ ਅਨੁਸਾਰ “ਬੁਢਾਪਾ ਤਾਂ ਆਪਣੇ ਆਪ ਵਿੱਚ ਇੱਕ ਰੋਗ ਹੁੰਦਾ ਹੈ” ਤੇ ਕਿਸੇ ਵੱਲੋਂ ਬੁਢਾਪੇ ਨੂੰ”ਅਭੀ ਤੋ ਮੈਂ ਜਵਾਨ ਹੂੰ” ਕਹਿਕੇ ਠੁਕਰਾ ਦਿੱਤਾ ਜਾਂਦਾ ਹੈ। ਚਾਹੇ ਜੋ ਮਰਜ਼ੀ ਆਖ ਲਓ, ਸਾਡੇ ਸਮਾਜ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਇਹ ਪੜਾਅ ਸਭ ਤੋਂ ਵੱਧ ਚੁਣੌਤੀਆਂ ਭਰਪੂਰ ਹੁੰਦਾ ਹੈ। ਇਸ ਵਿੱਚ ਇਕੱਲਪੁਣਾ, ਬੀਮਾਰੀਆਂ, ਸਰੀਰ ਉੱਤੇ ਰੋਗਾਂ ਦਾ ਭਾਰੂ ਹੋਣਾ ,ਸਰੀਰਕ ਸ਼ਕਤੀਆਂ ਦੀ ਸਮਰਥਾ ਦਾ ਘਟਣਾ ਅਤੇ ਹੋਰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਭ ਤੋਂ ਬਚਣ ਲਈ ਮਨੁੱਖ ਨੂੰ ਬੁਢਾਪੇ ਦੇ ਪਹਿਲੇ ਪੜਾਅ ਵਿੱਚ ਹੀ ਤਿਆਰ ਹੋਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਬੁਢਾਪੇ ਨੂੰ ਅਗਰ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਜਾਵੇ ਤਾਂ ਮਨੁੱਖ ਨੂੰ ਬੁਢਾਪਾ ਇੱਕ ਬੋਝ ਨਹੀਂ ਲੱਗੇਗਾ। ਜੇ ਦੇਖਿਆ ਜਾਏ ਤਾਂ ਬੁਢਾਪੇ ਦਾ ਪਹਿਲਾ ਪੜਾਅ ਚਾਲ਼ੀ ਟੱਪਦੇ ਜਾਂ ਪੰਤਾਲੀ ਸਾਲ ਦੀ ਉਮਰ ਤੋਂ ਲੈਕੇ ਕੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਲਗਭਗ ਸੱਠ ਸਾਲ ਦੀ ਉਮਰ ਤੱਕ ਸਮਝ ਲੈਣਾ ਚਾਹੀਦਾ ਹੈ।ਦੂਜਾ ਪੜਾਅ ਸੱਠ ਤੋਂ ਪੰਝੱਤਰਾਂ ਤੱਕ ਦਾ ਅਤੇ ਅੰਤਿਮ ਪੜਾਅ।ਇਸ ਦੇ ਸ਼ੁਰੂਆਤੀ ਸਾਲਾਂ ਵਿੱਚ ਛੋਟੀਆਂ ਮੋਟੀਆਂ ਬੀਮਾਰੀਆਂ ਦਾ ਆਉਣਾ ਅਤੇ ਆ ਕੇ ਚਲੇ ਜਾਣਾ ਮਾਮੂਲੀ ਜਿਹੀ ਗੱਲ ਲੱਗਦੀ ਹੈ ਕਿਉਂਕਿ ਹਰ ਵਿਅਕਤੀ ਵਿੱਚ ਇਸ ਸਮੇਂ ਦੌਰਾਨ ਜਵਾਨੀ ਵਾਲ਼ਾ ਜੋਸ਼ ਜਿਊਂਦਾ ਹੁੰਦਾ ਹੈ। ਉਹ ਆਪਣੇ ਆਪ ਨੂੰ ਬੁਢਾਪੇ ਦੇ ਨੇੜੇ ਤੇੜੇ ਵੀ ਨਹੀਂ ਸਮਝਦਾ ਤੇ ਆਪਣੇ ਆਪ ਨੂੰ ਜਵਾਨ ਹੋਣ ਦਾ ਭਰਮ ਹੀ ਪਾਈ ਰੱਖਦਾ ਹੈ। ਪਰ ਜੇ ਇਸੇ ਸਮੇਂ ਥੋੜ੍ਹੀ ਜਿਹੀ ਸਮਝਦਾਰੀ ਵਰਤ ਕੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨਾ ਸ਼ੁਰੂ ਕਰ ਦੇਵੇ ਤਾਂ ਬੁਢਾਪੇ ਦਾ ਆਨੰਦ ਮਾਣ ਸਕਦਾ ਹੈ।

ਬੁਢਾਪੇ ਦਾ ਇਹ ਸ਼ੁਰੂਆਤੀ ਦੌਰ ਬੁਢਾਪੇ ਨੂੰ ਸੰਵਾਰਨ ਜਾਂ ਵਿਗਾੜਨ ਵਿੱਚ ਬਹੁਤ ਸਹਾਈ ਸਿੱਧ ਹੋ ਸਕਦਾ ਹੈ। ਇਸ ਸਮੇਂ ਲੱਗ ਭੱਗ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਕਿਨਾਰੇ ਲੱਗਣ ਵਾਲੀਆਂ ਹੁੰਦੀਆਂ ਹਨ, ਔਲਾਦ ਦੇ ਰਵੱਈਏ ਤੋਂ ਵੀ ਭਲੀਭਾਂਤ ਜਾਣੂ ਹੋ ਜਾਂਦਾ ਹੈ ਅਤੇ ਆਪਣੇ ਪੈਸੇ ਧੇਲੇ ਨੂੰ ਸਹੀ ਤਰੀਕੇ ਨਾਲ ਵਰਤ ਸਕਦਾ ਹੁੰਦਾ ਹੈ। ਜੇ ਇਸੇ ਸਮੇਂ ਤੋਂ ਆਪਣੀ ਨਿਰਭਰਤਾ ਦੂਜਿਆਂ ਉੱਤੇ ਸੁੱਟਣ ਦੀ ਬਿਜਾਏ ਸਵੈ ਨਿਰਭਰ ਹੋ ਕੇ ਅੰਦਰ ਸਵੈ ਸ਼ਕਤੀ ਦਾ ਅਹਿਸਾਸ ਪੈਦਾ ਕਰਨ ਲੱਗ ਜਾਵੇ ਤਾਂ ਅੰਤਿਮ ਅਵਸਥਾ ਵਾਲ਼ੇ ਬੁਢਾਪੇ ਨੂੰ ਵੀ ਸੰਵਾਰ ਸਕਦਾ ਹੈ। ਪੰਜਾਹ ਤੋਂ ਸੱਠ ਸਾਲ ਦਾ ਸਮਾਂ ਅਜਿਹਾ ਹੁੰਦਾ ਹੈ ਜਿਸ ਵਿੱਚ ਜਿਹੜਾ ਮਨੁੱਖ ਆਪਣੇ ਆਪ ਨੂੰ ਕੰਮਾਂ ਕਾਰਾਂ ਤੋਂ ਮੁਕਤ ਕਰਕੇ ਔਲਾਦ ਤੇ ਨਿਰਭਰ ਹੋ ਕੇ ਬੁਢਾਪੇ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰੇਗਾ ਤਾਂ ਸਮਝੋ ਉਸ ਦਾ ਬੁਢਾਪਾ ਅੱਗੋਂ ਬਿਮਾਰੀਆਂ ਨਾਲ ਭਰਪੂਰ ਹੋ ਜਾਵੇਗਾ ਕਿਉਂਕਿ ਉਸ ਨੂੰ ਕੰਮਾਂ ਵਿੱਚ ਰੁੱਝੇ ਰਹਿਕੇ ਜਿਹੜਾ ਆਨੰਦ ਮਹਿਸੂਸ ਹੁੰਦਾ ਹੈ ਅਤੇ ਸਰੀਰਕ ਰੋਗ ਘੱਟ ਮਹਿਸੂਸ ਹੁੰਦਾ ਹੈ, ਵਿਹਲੇ ਰਹਿ ਕੇ ਧਿਆਨ ਰੋਗਾਂ ਵੱਲ ਹੀ ਲੱਗ ਜਾਂਦਾ ਹੈ, ਅਤੇ ਸੋਚਾਂ ਵਿੱਚ ਨਕਾਰਾਤਮਕਤਾ ਭਰ ਜਾਂਦੀ ਹੈ,ਉਹੀ ਨਾਂਹ ਪੱਖੀ ਰਵੱਈਆ ਦੂਜਿਆਂ ਪ੍ਰਤੀ ਖਿਝਿਆ ਵਰਤਾਓ ਪੈਦਾ ਕਰਦਾ ਹੈ।

ਇਸ ਤਰ੍ਹਾਂ ਦੇ ਵਿਅਕਤੀ ਨੂੰ ਔਲਾਦ ਵੱਲੋਂ ਥੋੜ੍ਹਾ ਜਿਹਾ ਅਣਦੇਖਿਆ ਅਤੇ ਅਣਗੌਲਿਆ ਕਰਨ ਵਾਲ਼ਾ ਰਵੱਈਆ ਉਸ ਨੂੰ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਿਸ ਨਾਲ ਉਹ ਕੋਈ ਨਾ ਕੋਈ ਇਹੋ ਜਿਹਾ ਰੋਗ ਸਹੇੜ ਬੈਠਦਾ ਹੈ ਜੋ ਉਸ ਨੂੰ ਲੰਮੇ ਸਮੇਂ ਲਈ ਮੰਜੇ ਤੇ ਪਾ ਦਿੰਦਾ ਹੈ। ਇਹੋ ਜਿਹੀਆਂ ਗੱਲਾਂ ਤੋਂ ਬਚਣ ਲਈ ਹਰ ਮਨੁੱਖ ਨੂੰ ਆਪਣੇ ਬੁਢਾਪੇ ਦੀ ਤਿਆਰੀ ਬਹੁਤ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।

ਬੁਢਾਪੇ ਦੇ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰਦਿਆਂ ਹੀ ਮਨੁੱਖ ਦੀ ਔਲਾਦ ਦਾ ਆਪਣੇ ਪਰਿਵਾਰਾਂ ਵੱਲ ਧਿਆਨ ਵਧ ਜਾਣਾ, ਉਹਨਾਂ ਦਾ ਸਮਾਜਿਕ ਅਤੇ ਆਰਥਿਕ ਜ਼ਿੰਮੇਵਾਰੀਆਂ ਵੱਲ ਧਿਆਨ ਵਧ ਕੇ ਬਜ਼ੁਰਗਾਂ ਵੱਲ ਧਿਆਨ ਘਟਣਾ ਸੁਭਾਵਿਕ ਹੀ ਹੋ ਜਾਂਦਾ ਹੈ ਜਦ ਕਿ ਇਸ ਅਵਸਥਾ ਵਿੱਚ ਬਜ਼ੁਰਗ ਦੀਆਂ ਸਰੀਰਕ ਸ਼ਕਤੀਆਂ ਅਤੇ ਸਮਰਥਾਵਾਂ ਹੋਰ ਘਟ ਰਹੀਆਂ ਹੁੰਦੀਆਂ ਹਨ। ਜੇ ਇਸ ਸਮੇਂ ਦੌਰਾਨ ਬਜ਼ੁਰਗ ਆਪਣੇ ਇਸ ਸਮੇਂ ਨੂੰ ਸਾਰਥਕ ਬਣਾਉਣ ਲਈ ਘਰ ਦੇ ਬਾਕੀ ਜੀਆਂ ਦੀ ਹਰ ਗੱਲ ਵੱਲ ਧਿਆਨ ਦੇ ਕੇ ਆਪਣੇ ਦਿਮਾਗ਼ ਉੱਪਰ ਉਹਨਾਂ ਦਾ ਬੋਝ ਲੈਣ ਦੀ ਬਜਾਏ, ਉਹਨਾਂ ਤੋਂ ਬੇਖ਼ਬਰ ਆਪਣੀ ਸਵੇਰ ਦੀ ਸੈਰ, ਆਪਣੇ ਵਰਗੇ ਸਾਥੀਆਂ ਨਾਲ਼ ਸਮਾਂ ਗੁਜ਼ਾਰਨਾ,ਨੇੜੇ ਤੇੜੇ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੀ ਸ਼ਰਧਾ ਮੁਤਾਬਕ ਧਾਰਮਿਕ ਗਤੀਵਿਧੀਆਂ ਵਿੱਚ ਯੋਗਦਾਨ ਪਾਉਣਾ,ਹਲਕੀ ਫੁਲਕੀ ਕਸਰਤ ਕਰਨਾ, ਸਮਾਂ ਮਿਲਣ ਤੇ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਕਲਮ ਬੱਧ ਕਰਨਾ ਆਦਿ ਲਈ ਸਮਾਂ ਕੱਢ ਕੇ ਨਿਰੋਲ਼ ਆਪਣੇ ਆਪ ਨੂੰ ਸਮਾਂ ਦੇਣ ਲੱਗ ਪਵੇ ਤਾਂ ਉਸ ਦਾ ਬੁਢਾਪਾ ਬਹੁਤ ਸ਼ਾਨਦਾਰ ਬੁਢਾਪਾ ਬਣ ਸਕਦਾ ਹੈ ।

ਬੁਢਾਪੇ ਦੇ ਅੰਤਿਮ ਪੜਾਅ ਵਿੱਚ ਕੋਈ ਵਿਰਲੇ ਹੀ ਪੁੱਜਦੇ ਹਨ,ਜੋ ਪੁੱਜਦੇ ਵੀ ਹਨ ਉਹਨਾਂ ਦੇ ਬੁਢਾਪੇ ਦਾ ਇਹ ਪੜਾਅ ਕੋਈ ਬਹੁਤਾ ਸੁਖਦਾਈ ਨਹੀਂ ਹੁੰਦਾ। ਇਸ ਸਮੇਂ ਵਿੱਚ ਸਰੀਰਕ ਸ਼ਕਤੀ ਬਿਲਕੁਲ ਸਾਥ ਛੱਡ ਰਹੀ ਹੁੰਦੀ ਹੈ, ਦੂਜਿਆਂ ਤੇ ਨਿਰਭਰਤਾ ਵਧ ਰਹੀ ਹੁੰਦੀ ਹੈ,ਪਰ ਜੇ ਬੁਢਾਪੇ ਦੇ ਪਹਿਲੇ ਦੋ ਪੜਾਵਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਹੋਵੇ ਤਾਂ ਇਹ ਅੰਤਮ ਪੜਾਅ ਥੋੜ੍ਹਾ ਸੌਖਾ ਬਤੀਤ ਹੋ ਸਕਦਾ ਹੈ। ਚਾਹੇ ਭਾਰਤੀ ਸਮਾਜ ਵਿੱਚ ਬਜ਼ੁਰਗਾਂ ਦੀ ਸੰਭਾਲ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਹੀ ਕੀਤੀ ਜਾਂਦੀ ਹੈ।

ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਜਾਂ ਹੋਰ ਕਈ ਕਾਰਨਾਂ ਕਰਕੇ ਬਜ਼ੁਰਗਾਂ ਦੀ ਸੰਭਾਲ ਨਹੀਂ ਸਗੋਂ ਉਲਟਾ ਬਜ਼ੁਰਗਾਂ ਨਾਲ ਦੁਰਵਿਵਹਾਰ ਜਾਂ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ। ਇਸੇ ਕਰਕੇ ਤਾਂ ਸਾਡੇ ਦੇਸ਼ ਵਿੱਚ ਬਿਰਧ ਆਸ਼ਰਮ ਵਧਦੇ ਜਾ ਰਹੇ ਹਨ। ਪ੍ਰਸਥਿਤੀਆਂ ਤੋਂ ਬਚਣ ਲਈ ਸਮੇਂ ਸਿਰ ਆਪਣੇ ਬੁਢਾਪੇ ਨੂੰ ਆਪ ਸੰਵਾਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦੇ ਕਿਸੇ ਵੀ ਪੜਾਅ ਵਿੱਚ ਹਿੰਮਤ ਨਾ ਹਾਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ‌ । ਇਸੇ ਲਈ ਤਾਂ ਕਿਹਾ ਜਾਂਦਾ ਹੈ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਂ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਤੈਂ ਕੀ ਦਰਦ ਨਾ ਆਇਆ
Next articleSikhs call for probe after N Carolina gurdwara vandalised