(ਸਮਾਜ ਵੀਕਲੀ)
ਅੱਜ ਐਤਵਾਰ ਵਾਲੇ ਦਿਨ ਮੇਰੇ ਘਰੋਂ ਅਖ਼ਬਾਰਾਂ ਦੀ ਰੱਦੀ ਤੇ ਹੋਰ ਨਿੱਕ ਸੁੱਕ ਚੱਕਣ ਆਇਆ “ਕਰਮਾ” ਮੈਨੂੰ ਜ਼ਿਆਦਾ ਹੀ ਖੁਸ਼ ਦਿਖਾਈ ਦਿੱਤਾ।
ਮੈਂ ਪੁੱਛਿਆ,” ਕੀ ਗੱਲ, ਬਹੁਤ ਖੁਸ਼ ਹੈਂ ਕਰਮਿਆ?”
ਖੁਸ਼ ਨਾ ਹੋਈਏ ਜੀ।
ਮਾਨ ਸਾਹਿਬ ਨੇ ਸਾਡੇ ਸਕੂਟਰ,ਮੋਟਰਸਾਈਕਲ ਜੁਗਾੜ ਰੇਹੜਿਆਂ ‘ਤੇ ਲਾਈ ਪਾਬੰਦੀ ਵਾਪਸ ਲੈ ਲਈ।
ਕੇਰਾਂ ਤਾਂ ਜਾਣ ਈ ਕੱਢ ਲੀ ਸੀ ਬਾਈ ਨੇ। ਅਸੀਂ ਸਾਰਿਆਂ ਨੇ ‘ਕੱਠੇ ਹੋ ਕੇ ਸੋਚਿਆ, ਬਾਈ ਮਾਨ ਨਹੀਂ ਕਰ ਸਕਦਾ ਇਹ ਕੰਮ। ਇਹ ਤਾਂ ਕਿਸੇ ਅਫਸਰ ਦੀ ਕਾਰਸਤਾਨੀ ਹੋਊ।
ਐਂ ਵੀ ਹੋ ਸਕਦੈ, ਬਾਈ ਨੂੰ ਪਤਾ ਲੱਗ ਗਿਆ ਹੋਣੈ ਵੀ ਮੈਨੂੰ ਵੀ ਕੱਲ੍ਹ ਨੂੰ ਖੇਤੋਂ ਪੱਠੇ ਚੀਰਾ ਲਿਆਉਣ ਲਈ ਇਹ ਹੀ ਜੁਗਾੜ ਵਰਤਨਾ ਪੈਣੈ।
ਨਾਲੇ ਬਾਈ ! ਅਸੀਂ ਕਿਹੜਾ ਇਸ ‘ਤੇ ਚੋਰੀਆਂ ਕਰਦੇ ਆਂ। ਕਿਸੇ ਦਾ ਘਿਉ ਦਾ ਪੀਪਾ ਛੱਡ ਆਏ, ਕਿਸੇ ਦੀਆਂ ਦੋ ਸੀਮਿੰਟ ਦੀਆਂ ਬੋਰੀਆਂ। ਰੱਦੀ ਕੱਠੀ ਕਰ ਲੀ। ਹੋਰ ਅਸੀਂ ਕਿਹੜਾ ਏਸ ‘ਤੇ ਤੋਪ ਬੀੜ ਰੱਖੀ ਐ।
ਬਾਕੀ ਜੱਸੀ ਬਾਈ ! ਮੈਂ ਸੁਣਿਐ ਤੂੰ ਤਾਂ ਚਿੱਠੀਆਂ ਵੀ ਲਿਖਦੈਂ ਸਰਕਾਰੇ ਦਰਬਾਰੇ।
ਫੇਰ ਕੇਰਾਂ ਲਿਖ ਦੇ ਬਾਈ ਮਾਨ ਨੂੰ ਵੀ, ਸਾਡੇ ਵੱਲੋਂ ਚਿੱਠੀ ਚੀਰਾ।
ਐਂ ਜ਼ਰੂਰ ਲਿਖ ਦੀ,” ਸਾਨੂੰ ਕਿਤੇ ਗੱਡ ਲੀਂ। ਅਸੀਂ ਤਾਂ ਸਾਲਾ, ਕਾਂ ਘੜੀਸਿਆਂ ਤੋਂ ਪੈਸੇ ਲੈ ਕੇ ਵੋਟ ਨਹੀਂ ਪਾਈ। ਬਾਈ ਨੇ ਕਿਹਾ ਸੀ,” ਜੇ ਕੋਈ ਕਾਂ ਘੜੀਸੀਆਂ, ਵੋਟਾਂ ਦੇ ਪੈਸੇ ਦੇਣ ਆਵੇ, ਚੁੱਪ ਕਰ ਕੇ ਜੇਬ ਚ ਪਾ ਲਇਓ ਥੋਡੇ ਈ ਨੇ।
ਚੱਲ ਜੱਸੀ ਬਾਈ ! ਗਲਤੀਆਂ ਹੋ ਜਾਂਦੀਆਂ ਨੇ। ਭਗਵੰਤ ਬਾਈ ਨੂੰ ਮਾਫ਼। ਪਰ ਸਾਡੀ ਚਿੱਠੀ ਬਾਈ ਨੂੰ ਜ਼ਰੂਰ ਘੱਲ ਦੀਂ, ਵੀ ਅੱਗੇ ਤੋਂ ਜੇ ਕੋਈ ਦਿਹੜੀ ਦੱਪੇ ਆਲੇ ਲਈ ਕੋਈ ਫੈਸਲਾ ਕਰਨਾ ਹੋਵੇ ਤਾਂ ਬਾਈ, ਪੁੱਛ ਲਿਆ ਕਰ। ਚੋਰਾਂ ਨੂੰ ਨਾ ਕਿਹਾ ਕਰ, ਫੈਸਲਾ ਲਾਗੂ ਕਰ ਦਿਓ। ਬਾਈ ਚੋਰ ਤਾਂ ਮਾਨ ਬਾਈ ਨੂੰ ਸੁੱਟਣ ਨੁੰ ਫਿਰਦੇ ਆ।
ਚੰਗਾ ਬਾਈ ਜੱਸੀ !
ਸਾਸਰੀ ਕਾਲ ਬਾਈ।
ਮੈਨੂੰ ਲੱਗਿਆ “ਕਰਮਾ” ਉਹ ਕੁਝ ਵੀ ਕਹਿ ਗਿਆ ਜੋ ਪੜ੍ਹਿਆ ਲਿਖਿਆ ਬੰਦਾ ਵੀ ਨਹੀਂ ਕਹਿ ਸਕਦਾ।
ਜਸਪਾਲ ਜੱਸੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly