ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਹਮਲੇ ਤੇਜ਼

ਲਵੀਵ (ਸਮਾਜ ਵੀਕਲੀ):  ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕਬਜ਼ੇ ਲਈ ਰੂਸੀ ਫੌਜ ਵੱਲੋਂ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਘੇਰਾਬੰਦੀ ਨਾਲ ਜੂਝ ਰਹੇ ਹੋਰ ਸ਼ਹਿਰਾਂ ਦੇ ਲੋਕਾਂ ਨੇ ਅੱਜ ਉਮੀਦ ਪ੍ਰਗਟਾਈ ਹੈ ਕਿ ਰੂਸ ਨਾਲ ਨਵੇਂ ਸਿਰੇ ਤੋਂ ਕੂਟਨੀਤਕ ਗੱਲਬਾਤ ਨਾਲ ਹੋਰ ਜ਼ਿਆਦਾ ਨਾਗਰਿਕਾਂ ਨੂੰ ਬਚਾਇਆ ਸਕਦਾ ਹੈ ਅਤੇ ਲੋੜੀਂਦੀਆਂ ਵਸਤਾਂ ਉਨ੍ਹਾਂ ਤੱਕ ਪਹੁੰਚ ਸਕਦੀਆਂ ਹਨ। ਇੱਕ ਦਿਨ ਪਹਿਲਾਂ ਰੂਸ ਵੱਲੋਂ ਪੋਲੈਂਡ ਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਸੀ ਗਈ ਅਤੇ ਕੀਵ ਦੇ ਆਲੇ-ਦੁਆਲੇ ਲੜਾਈ ਜਾਰੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਰੂਸੀ ਬਲਾਂ ਨੇ ਰਾਜਧਾਨੀ ਦੇ ਉਪਨਗਰਾਂ ਵਿੱਚ ਤੋਪਾਂ ਨਾਲ ਹਮਲਾ ਕੀਤਾ ਹੈ। ਇਸੇ ਦੌਰਾਨ ਅੱਜ ਰੂਸ ਅਤੇ ਯੂਕਰੇਨ ਦੇ ਆਗੂਆਂ ਵਿਚਾਲੇ ਯੂਕਰੇਨ ਸੰਕਟ ਸਬੰਧੀ ਗੱਲਬਾਤ ਹੋਈ ਹੈ। ਯੂਕਰੇਨ ਦੇ ਆਗੂ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਰੂਸ ਨਾਲ ਅੱਜ ਸ਼ਾਂਤੀ ਸਬੰਧੀ ਗੱਲਬਾਤ ਖਤਮ ਹੋਈ ਅਤੇ ਮੰਗਲਵਾਰ ਨੂੰ ਫਿਰ ਸ਼ੁਰੂ ਹੋਵੇਗੀ।

ਅਧਿਕਾਰੀਆਂ ਮੁਤਾਬਕ ਕੀਵ ਦੇ ਪੂਰਬ ਬਰੋਵਰੀ ਕਸਬੇ ਦਾ ਕੌਂਸਲਰ ਮਾਰਿਆ ਗਿਆ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਇੱਕ ਸਲਾਹਕਾਰ ਐਂਟੋਨ ਗੈਰਾਸ਼ਚੈਂਕੋ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਜ਼ਿਲ੍ਹੇ ਵਿੱਚ ਨੌਂ ਮੰਜ਼ਿਲਾ ਇਮਾਰਤ ’ਤੇ ਹਮਲੇ ਵਿੱਚ ਦੋ ਜਣੇ ਮਾਰੇ ਗਏ ਹਨ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੈਕਸੀ ਕੁਲੇਬਾ ਨੇ ਯੂਕਰੇਨ ਦੇ ਟੈਲੀਵਿਜ਼ਨ ’ਤੇ ਦੱਸਿਆ ਕਿ ਕੀਵ ਦੇ ਉਪਨਗਰਾਂ ਇਰਪਿਨ, ਬੁਚਾ ਅਤੇ ਹੋਸਤੋਮੇਲ ’ਤੇ ਗੋਲਾਬਾਰੀ ਹੋਈ। ਯੂਕਰੇਨੀ ਰਾਸ਼ਟਰਪਤੀ ਦੇ ਸਹਾਇਕ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਵਿਚਾਲੇ ਘੇਰਾਬੰਦੀ ਦਾ ਸ਼ਿਕਾਰ ਸ਼ਹਿਰਾਂ, ਕਸਬਿਆਂ ਵਿੱਚ ਖਾਣਾ, ਪਾਣੀ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਣ ਲਈ ਸੋਮਵਾਰ ਨੂੰ ਚੌਥੇ ਗੇੜ ਦੀ ਚਰਚਾ ਹੋ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੋਈ ਗੱਲਬਾਤ ਦੇ ਬਾਵਜੂਦ ਮਾਰਿਉਪੋਲ ਸ਼ਹਿਰ ਹੋਰ ਹਿੱਸਿਆਂ ਤੋਂ ਕੱਟਿਆ ਹੋਇਆ ਹੈ। ਐਤਵਾਰ ਨੂੰ ਪੱਛਮੀ ਯੂਕਰੇਨ ਵਿੱਚ ਇੱਕ ਸੈਨਿਕ ਅੱਡੇ ’ਤੇ ਰੂਸੀ ਮਿਜ਼ਾਈਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ 35 ਜਣੇ ਮਾਰੇ ਗਏ ਸਨ। ਇਹ ਅੱਡਾ ਯੂਕਰੇਨ ਅਤੇ ਨਾਟੋ ਦੇਸ਼ਾਂ ਵਿਚਾਲੇ ਸਹਿਯੋਗ ਦਾ ਅਹਿਮ ਕੇਂਦਰ ਸੀ। ਇਸ ਤੋਂ ਖਦਸ਼ਾ ਪੈਦਾ ਹੋ ਗਿਆ ਹੈ ਕਿ ਨਾਟੋ ਦੇਸ਼ ਵੀ ਜੰਗ ਵਿੱਚ ਸ਼ਾਮਲ ਹੋ ਸਕਦੇ ਹਨ। ਰਾਸ਼ਟਰਪਤੀ ਦਫ਼ਤਰ ਵੱਲੋਂ ਅੱਜ ਦੱਸਿਆ ਗਿਆ ਕਿ ਦੱਖਣੀ ਮਾਈਕਲੋਵ ਅਤੇ ਖਾਰਕੀਵ ਨੇੜੇ ਰਿਹਾਇਸ਼ੀ ਇਮਾਰਤਾਂ ’ਤੇ ਹਮਲੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਕਾਂਗਰਸ ਦੀ ਹਾਰ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ: ਕੈਪਟਨ
Next articleਟੂਰਨਾਮੈਂਟ ਮਗਰੋਂ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ