ਟੂਰਨਾਮੈਂਟ ਮਗਰੋਂ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਸ਼ਾਹਕੋਟ (ਸਮਾਜ ਵੀਕਲੀ):  ਇੱਥੋਂ ਨੇੜਲੇ ਪਿੰਡ ਮੱਲ੍ਹੀਆਂ ਖੁਰਦ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੰਦੀਪ ਨੰਗਲ ਅੰਬੀਆਂ ਵਜੋਂ ਹੋਈ ਹੈ, ਜੋ ਕਿ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ। ਇਸ ਘਟਨਾ ਵਿੱਚ ਹੋਰ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਵੇਲੇ ਉਦੋਂ ਵਾਪਰੀ, ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਟੇਜ ਤੋਂ ਸਨਮਾਨ ਲੈ ਕੇ ਵਾਪਸ ਜਾਣ ਲਈ ਸੜਕ ਕਿਨਾਰੇ ਪੁੱਜਿਆ ਹੀ ਸੀ ਕਿ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ।

ਗੰਭੀਰ ਜ਼ਖ਼ਮੀ ਹੋਏ ਸੰਦੀਪ ਨੂੰ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮੱਲ੍ਹੀਆਂ ਖੁਰਦ ਵਾਸੀ ਜਤਿਨ ਦੇ ਲੱਕ ਵਿੱਚ ਜਦਕਿ ਹੁੰਦਲ ਢੱਡਾ ਪਿੰਡ ਦੇ ਨੌਜਵਾਨ ਪ੍ਰਤਾਪ ਸਿੰਘ ਦੀ ਛਾਤੀ ’ਚ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਨਕੋਦਰ ਦੇ ਥਾਣਾ ਸਦਰ ਦੇ ਐੱਸਐੱਚਓ ਪਰਮਿੰਦਰ ਸਿੰਘ ਤੇ ਡੀਐੱਸਪੀ ਨਕੋਦਰ ਲਖਵਿੰਦਰ ਸਿੰਘ ਮੱਲ੍ਹ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਗਏ। ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ 8 ਤੋਂ 10 ਗੋਲੀਆਂ ਦੇ ਖੋਲ ਮਿਲੇ ਹਨ। ਉਨ੍ਹਾਂ ਕਿਹਾ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਹਮਲੇ ਤੇਜ਼
Next articleਜਹਾਜ਼ ਬਣਾਉਣ ਵਾਲੀ ਫੈਕਟਰੀ ’ਤੇ ਹਮਲੇ ਵਿੱਚ ਦੋ ਹਲਾਕ