(ਸਮਾਜ ਵੀਕਲੀ)- ਭੂਰੋ ਆਪਣੇ ਨਿੱਕੇ ਨਿੱਕੇ ਚਾਰ ਬੱਚੇ ਲੈਕੇ ਗਲ਼ੀ ਦੇ ਇੱਕ ਮੋੜ ਤੇ ਰਹਿਣ ਲੱਗ ਪਈ ਸੀ ਕਿਉਂਕਿ ਜਿਹੜੇ ਪਲਾਟ ਵਿੱਚ ਉਸ ਨੇ ਛੇ ਬੱਚਿਆਂ ਨੂੰ ਜਨਮ ਦਿੱਤਾ ਸੀ ਉੱਥੇ ਘਰ ਬਣਨ ਲੱਗ ਗਿਆ ਸੀ।ਦੋ ਬੱਚੇ ਰਾਹਗੀਰਾਂ ਦੇ ਤੇਜ਼ ਵਾਹਨਾਂ ਦੇ ਥੱਲੇ ਆ ਕੇ ਪਹਿਲਾਂ ਹੀ ਮਰ ਗਏ ਸਨ।ਠੰਡ ਵੀ ਕਾਫ਼ੀ ਹੋ ਗਈ ਸੀ। ਕਿਸੇ ਨੇ ਤਰਸ ਖਾ ਕੇ ਪਾਟੇ ਪੁਰਾਣੇ ਕੰਬਲ ਦੇ ਦਿੱਤੇ ਸਨ। ਉਹਨਾਂ ਤੇ ਭੂਰੋ ਆਪਣੇ ਬੱਚਿਆਂ ਨੂੰ ਲੈਕੇ ਦਿਨ ਭਰ ਬੈਠੀ ਰਹਿੰਦੀ ਸੀ। ਕੋਈ ਨਾ ਕੋਈ ਤਰਸ ਖਾ ਕੇ ਉਸ ਨੂੰ ਕੋਈ ਡਬਲਰੋਟੀ ਜਾਂ ਰੋਟੀ ਖਾਣ ਲਈ ਪਾ ਜਾਂਦਾ । ਕਈ ਲੋਕ ਕਦੇ ਕਦੇ ਦੁੱਧ ਵੀ ਪਾ ਜਾਂਦੇ ਸਨ। ਉਸ ਦੇ ਬੱਚੇ ਦਿਨ-ਬ-ਦਿਨ ਉਡਾਰ ਹੋ ਰਹੇ ਸਨ। ਉਹ ਦੋ ਕੁ ਮਹੀਨੇ ਦੇ ਹੋ ਗਏ ਸਨ। ਹੁਣ ਉਹ ਨਿੱਕੇ ਨਿੱਕੇ ਕਦੇ ਕਿਸੇ ਦੇ ਘਰ ਜਾ ਵੜਦੇ , ਕਿਸੇ ਦੀ ਜੁੱਤੀ ਜਾਂ ਕੁਝ ਹੋਰ ਨਿੱਕਾ-ਨੰਨਾ ਸਮਾਨ ਚੁੱਕ ਲਿਆਉਂਦੇ, ਕਦੇ ਕਿਸੇ ਦੇ ਦਰਵਾਜ਼ੇ ਅੱਗੇ ਟੱਟੀ ਕਰ ਦਿੰਦੇ ਤਾਂ ਲੋਕ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਦੇ। ਉਹਨਾਂ ਦੀਆਂ ਚੀਕਾਂ ਨਾਲ ਭੂਰੋ ਦਾ ਹਿਰਦਾ ਵਲੂੰਦਰਿਆ ਜਾਂਦਾ।ਉਸ ਦੀ ਮਮਤਾ ਉਸ ਦੀਆਂ ਅੱਖਾਂ ਵਿੱਚੋਂ ਬੇਬਸ ਝਲਕਦੀ ਤੇ ਉਸ ਬੇਜ਼ੁਬਾਨ ਦੀਆਂ ਅੱਖਾਂ ਵਿੱਚ ਪਾਣੀ ਭਰ ਆਉਂਦਾ ਪਰ ਜਾਨਵਰ ਤਾਂ ਜਾਨਵਰ ਹੀ ਹੈ, ਉਹਨਾਂ ਦਾ ਕਿਹੜਾ ਇਨਸਾਨ ਅੱਗੇ ਜ਼ੋਰ ਚੱਲਦਾ ਹੈ,ਕਰ ਵੀ ਕੀ ਸਕਦੀ ਸੀ ਉਹ? ਇੱਕ ਦੋ ਘਰਾਂ ਨੂੰ ਛੱਡ ਕੇ ਸਾਰੇ ਲੋਕ ਉਹਨਾਂ ਨੂੰ ਦੁਰਪਰੇ-ਦੁਰਪਰੇ ਕਰਦੇ ਸਨ।
ਭੂਰੋ ਆਪਣੇ ਬੱਚਿਆਂ ਨੂੰ ਸੁਵਾ ਕੇ ਕਈ ਵਾਰ ਭੋਜਨ ਦੀ ਭਾਲ਼ ਵਿੱਚ ਦੂਜੀਆਂ ਗਲੀਆਂ ਵਿੱਚ ਨਿਕਲ਼ ਜਾਂਦੀ ਤਾਂ ਕੋਈ ਕਾਗਜ਼ ਚੁੱਕਣ ਵਾਲੇ ਬੱਚੇ ਜਾਂ ਹੋਰ ਰਾਹਗੀਰ ਉਹਨਾਂ ਦੇ ਸੁੱਤਿਆਂ ਪਇਆਂ ਨੂੰ ਕੋਈ ਸੋਟੀ ਜਾਂ ਇੱਟ-ਪੱਥਰ ਮਾਰ ਜਾਂਦਾ ਤਾਂ ਭੂਰੋ ਦੇ ਆਉਂਦੀ ਨੂੰ ਉਹ ਦਰਦ ਨਾਲ ਤੜਫ਼ ਰਹੇ ਹੁੰਦੇ।ਉਹ ਕਿੰਨਾ ਕਿੰਨਾ ਚਿਰ ਆਪਣੇ ਢਿੱਡ ਨਾਲ਼ ਲਾ ਕੇ ਉਹਨਾਂ ਦੇ ਜ਼ਖ਼ਮਾਂ ਨੂੰ ਜੀਭ ਨਾਲ ਚੱਟਦੀ ਰਹਿੰਦੀ ਤੇ ਢਿੱਡ ਦਾ ਸੇਕ ਦੇ ਦੇ ਕੇ ਦਰਦ ਮਿਟਾਉਣ ਵਿੱਚ ਲੱਗੀ ਰਹਿੰਦੀ। ਗਲ਼ੀ ਦੇ ਲੋਕ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਸਨ।ਬਸ ਉਹ ਤਾਂ ਉਹਨਾਂ ਦੀਆਂ ਚੀਕਾਂ ਦੀਆਂ ਅਵਾਜ਼ਾਂ ਨਾਲ਼ ਪ੍ਰੇਸ਼ਾਨ ਹੁੰਦੇ ਰਹਿੰਦੇ ਤੇ ਉਹਨਾਂ ਨੂੰ ਚੁੱਪ ਕਰਾਉਣ ਲਈ ਦੂਰੋਂ ਹੀ ਵਗਾਹ ਕੇ ਕੋਈ ਇੱਟ-ਪੱਥਰ ਜਾਂ ਸੋਟੀ ਮਾਰ ਦਿੰਦੇ ਉਹ ਸਾਰੇ ਚੀਕਾਂ ਮਾਰਦੇ ਇੱਧਰ ਉੱਧਰ ਭੱਜਦੇ ਤੇ ਕਿਤੇ ਲੁਕ ਜਾਂਦੇ। ਜਦ ਸਾਰੇ ਲੋਕ ਅੰਦਰੀਂ ਵੜ ਜਾਂਦੇ ਤਾਂ ਭੂਰੋ ਆ ਕੇ ਆਪਣੇ ਟਿਕਾਣੇ ਤੇ ਪੈ ਜਾਂਦੀ ਇੱਕ ਇੱਕ ਕਰਕੇ ਚਾਰੇ ਸੁੰਡੀਆਂ ਵਾਂਗੂੰ ਗੋਲ ਗਲੋਟੇ ਬਣ ਕੇ ਮਾਂ ਦੇ ਢਿੱਡ ਨਾਲ਼ ਜੁੜ ਕੇ ਪੈ ਜਾਂਦੇ। ਇਸ ਤਰ੍ਹਾਂ ਉਹਨਾਂ ਦਾ ਦਿਨ ਨਿਕਲ਼ ਜਾਂਦਾ।ਰਾਤ ਨੂੰ ਗਲੀ ਵਿੱਚ ਕੋਈ ਚੋਰ ਉਚੱਕਾ ਆ ਵੜਦਾ ਤਾਂ ਉਹ ਭੌਂਕ ਭੌਂਕ ਕੇ ਅਸਮਾਨ ਸਿਰ ਤੇ ਚੁੱਕ ਲੈਂਦੇ। ਪਰ ਗਲ਼ੀ ਦੇ ਲੋਕਾਂ ਲਈ ਹੁਣ ਉਹਨਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਸੀ ਕਿਉਂਕਿ ਉਹ ਇਸ ਗੱਲੋਂ ਅਣਜਾਣ ਸਨ ਕਿ ਉਹ ਉਹਨਾਂ ਦੇ ਭਲੇ ਲਈ ਹੀ ਭੌਂਕਦੇ ਹਨ।
ਇੱਕ ਦਿਨ ਗਲ਼ੀ ਵਿੱਚ ਰਹਿਣ ਵਾਲੇ ਸ਼ਾਮ ਸੁੰਦਰ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਨੂੰ ਚੁਕਵਾ ਕੇ ਕਿਤੇ ਦੂਰ ਛੁਡਵਾ ਦੇਵੇਗਾ ਕਿਉਂ ਕਿ ਉਸ ਨੂੰ ਜਾਨਵਰਾਂ ਨਾਲ ਬਹੁਤ ਨਫ਼ਰਤ ਸੀ। ਜਿੰਨਾ ਉਸ ਦਾ ਨਾਮ ਸੋਹਣਾ ਸੀ ਦਿਲ ਦਾ ਓਨਾ ਹੀ ਉਹ ਜ਼ਾਲਮ ਸੀ। ਅਸਲ ਵਿੱਚ ਇਨਸਾਨ ਵੀ ਤਾਂ ਆਪਣੇ ਆਪ ਨੂੰ ਧਰਤੀ ਉਪਰਲਾ ਰੱਬ ਸਮਝ ਬੈਠਾ ਹੈ, ਇਸ ਲਈ ਉਹ ਪ੍ਰਕਿਰਤੀ ਅਤੇ ਉਸ ਦੇ ਜੀਵਾਂ ਉੱਤੇ ਜ਼ੁਲਮ ਕਰਦਾ ਹੈ ਜਦ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਭੁਗਤਾਨ ਵੀ ਉਸੇ ਨੂੰ ਹੀ ਕਰਨਾ ਪੈਂਦਾ ਹੈ।
ਇੱਕ ਸਵੇਰ ਸ਼ਾਮ ਸੁੰਦਰ ਨੇ ਕਿਸੇ ਕੁੱਤੇ ਚੁੱਕਣ ਵਾਲਿਆਂ ਨੂੰ ਭੂਰੋ ਅਤੇ ਉਸ ਦੇ ਚਾਰੇ ਬੱਚਿਆਂ ਨੂੰ ਚੁਕਵਾਉਣ ਲਈ ਪੈਸੇ ਦਿੱਤੇ ਤੇ ਕਿਹਾ ਕਿ ਉਹ ਸ਼ਹਿਰੋਂ ਦੂਰ ਬਾਹਰ ਕਿਤੇ ਉਜਾੜਾਂ ਵਿੱਚ ਛੱਡ ਆਏ। ਜਿੱਥੇ ਦੂਰ ਦੂਰ ਤੱਕ ਕੋਈ ਘਰ ਨਾ ਦਿਸਦਾ ਹੋਵੇ। ਸ਼ਾਮ ਤੱਕ ਉਸ ਨੇ ਉਵੇਂ ਕੀਤਾ ਜਿਵੇਂ ਸ਼ਾਮ ਸੁੰਦਰ ਨੇ ਕਿਹਾ ਸੀ ਅਤੇ ਉਹਨਾਂ ਨੂੰ ਚੁੱਕ ਕੇ ਦੂਰ ਉਜਾੜਾਂ ਵਿੱਚ ਛੱਡ ਆਇਆ।ਭੂਰੋ ਆਪਣੇ ਚਾਰੇ ਬੱਚਿਆਂ ਨਾਲ ਭੁੱਖੀ ਪਿਆਸੀ ਇੱਧਰ ਉੱਧਰ ਭਟਕਦੀ ਰਹੀ ਪਰ ਕਿਤੇ ਉਸ ਨੂੰ ਖਾਣ ਲਈ ਕੁਝ ਨਾ ਲੱਭਿਆ। ਦੋ ਤਿੰਨ ਦਿਨ ਦੀ ਭੁੱਖ ਨਾ ਸਹਾਰਦੇ ਹੋਏ ਉਸ ਦੇ ਸਾਰੇ ਬੱਚੇ ਇੱਕ ਇੱਕ ਕਰਕੇ ਦਮ ਤੋੜ ਗਏ ।ਆਖਰ ਪੰਜ ਛੇ ਦਿਨ ਬਾਅਦ ਭੂਰੋ ਨੇ ਵੀ ਭੁੱਖੀ ਪਿਆਸੀ ਨੇ ਭਟਕਦੇ ਹੋਏ ਆਪਣੇ ਬੱਚਿਆਂ ਦੇ ਗਮ ਵਿੱਚ ਪ੍ਰਾਣ ਤਿਆਗ ਦਿੱਤੇ।
ਸਾਰੇ ਮੁਹੱਲੇ ਵਿੱਚ ਹੁਣ ਸ਼ਾਂਤੀ ਸੀ। ਸ਼ਾਮ ਸੁੰਦਰ ਅਤੇ ਉਸ ਵਰਗੀ ਸੋਚ ਰੱਖਣ ਵਾਲੇ ਲੋਕ ਬਹੁਤ ਖੁਸ਼ ਸਨ। ਮਹੀਨੇ ਕੁ ਬਾਅਦ ਮੁਹੱਲੇ ਵਿੱਚ ਦੋ ਚੋਰੀਆਂ ਹੋ ਗਈਆਂ। ਜੂਨ ਮਹੀਨੇ ਦੀਆਂ ਛੁੱਟੀਆਂ ਹੋਈਆਂ ਤਾਂ ਸ਼ਾਮ ਸੁੰਦਰ ਆਪਣੀ ਪਤਨੀ ਅਤੇ ਇਕਲੌਤੇ ਪੁੱਤ ਜੋ ਉਸ ਨੇ ਮਸਾਂ ਰੱਬ ਤੋਂ ਮੰਗ ਕੇ ਕਈ ਸਾਲਾਂ ਬਾਅਦ ਲਿਆ ਸੀ,ਨਾਲ ਪਹਾੜਾਂ ਵਿੱਚ ਘੁੰਮਣ ਗਿਆ।ਰੱਬ ਦੀ ਕਰਨੀ ਦੇਖੋ, ਰਸਤੇ ਵਿੱਚ ਜਾਂਦੇ ਹੋਏ ਬੱਦਲ ਫਟ ਗਿਆ। ਬੱਦਲ਼ ਫ਼ਟਣ ਕਾਰਨ ਇੱਕ ਦਮ ਪਾਣੀ ਦੀ ਸੁਨਾਮੀ ਉਹਨਾਂ ਦੀ ਗੱਡੀ ਨੂੰ ਰੋੜ੍ਹ ਕੇ ਲੈ ਚੱਲੀ ਤਾਂ ਗੱਡੀ ਇੱਕ ਦਰਖਤ ਵਿੱਚ ਅਟਕ ਗਈ।ਬਚਾਅ ਦਲਾਂ ਨੇ ਗੱਡੀ ਵਿੱਚੋਂ ਸ਼ਾਮ ਸੁੰਦਰ ਨੂੰ ਬਾਹਰ ਕੱਢ ਲਿਆ ,ਜਦ ਉਸ ਦੀ ਪਤਨੀ ਅਤੇ ਪੁੱਤਰ ਨੂੰ ਕੱਢਣ ਲੱਗੇ ਤਾਂ ਪਾਣੀ ਦੀ ਇੱਕ ਹੋਰ ਐਸੀ ਛੱਲ ਉੱਪਰੋਂ ਪਹਾੜਾਂ ਤੋਂ ਆਈ ਕਿ ਉਨ੍ਹਾਂ ਦੋਵਾਂ ਮਾਂ ਅਤੇ ਪੁੱਤਰ ਸਮੇਤ ਗੱਡੀ ਨੂੰ ਰੁੜ੍ਹਾ ਕੇ ਲੈ ਗਈ।ਬਚਾਅ ਦਲਾਂ ਨੇ ਬਹੁਤ ਤਲਾਸ਼ ਕੀਤੀ ਪਰ ਪਹਾੜੀ ਪਾਣੀਆਂ ਦੇ ਵਹਾਅ ਵਿੱਚ ਤਾਂ ਵੱਡੇ ਵੱਡੇ ਘਰ ਵੀ ਤਾਸ਼ ਦੇ ਪੱਤਿਆਂ ਵਾਂਗ ਰੁੜ੍ਹ ਜਾਂਦੇ ਹਨ। ਪਰ ਹੁਣ ਕੋਈ ਫਾਇਦਾ ਨਹੀਂ ਸੀ । ਦੋ ਤਿੰਨ ਦਿਨ ਦੀ ਭਾਲ਼ ਮਗਰੋਂ ਰੋਂਦਾ ਪਿੱਟਦਾ ਘਰ ਵਾਪਸ ਆ ਗਿਆ। ਲੋਕ ਅਫ਼ਸੋਸ ਕਰਦੇ ਆਖਣ ,”ਪਤਾ ਨੀ ਰੱਬ ਨੇ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਹੈ, ਐਨੀ ਪੂਜਾ ਕਰਦਾ, ਰੋਜ਼ ਮੰਦਰ ਜਾਂਦਾ,ਜਲ ਚੜ੍ਹਉਂਦਾ,ਦਾਨ ਕਰਦਾ।” ਅਸਲ ਵਿੱਚ ਹੈ ਤਾਂ ਇਹ ਉਸ ਦੇ ਕਰਮਾਂ ਦੀ ਸਜ਼ਾ ਹੀ ਸੀ ਕਿਉਂ ਕਿ ਉਹ ਬੇਜ਼ੁਬਾਨ ਭੂਰੋ ਅਤੇ ਉਸ ਦੇ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਸੀ। ਸ਼ਾਮ ਸੁੰਦਰ ਵਰਗੇ ਅਨੇਕਾਂ ਮਨੁੱਖ ਧਰਤੀ ਨੂੰ ਸਿਰਫ਼ ਨਿੱਜੀ ਮਲਕੀਅਤ ਸਮਝ ਬੈਠਦੇ ਹਨ ਤੇ ਪਰਮਾਤਮਾ ਦੇ ਬਣਾਏ ਜੀਵ ਜੰਤੂਆਂ ਉੱਪਰ ਜਾਣੇ ਤੇ ਅਣਜਾਣੇ ਵਿੱਚ ਕਿੰਨੇ ਹੀ ਅੱਤਿਆਚਾਰ ਕਰ ਦਿੰਦੇ ਹਨ। ਜੋ ਵਾਪਸ ਉਹਨਾਂ ਕੋਲ ਪਰਤਦੇ ਹਨ। ਜਿਵੇਂ ਭੂਰੋ ਤੜਫ਼ ਤੜਫ਼ ਕੇ ਮਰੀ ਸੀ ਬਿਲਕੁਲ ਉਸੇ ਤਰ੍ਹਾਂ ਸ਼ਾਮ ਸੁੰਦਰ ਵੀ ਆਪਣੀ ਪਤਨੀ ਅਤੇ ਬੱਚੇ ਦੀ ਯਾਦ ਵਿੱਚ ਹਰ ਪਲ ਤੜਫ਼ ਤੜਫ਼ ਕੇ ਘੁਟ ਘੁਟ ਕੇ ਮਰਦਾ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly