ਅਸੀਂ ਖੜੇ ਕਿਥੇ ਹਾਂ, ਸੋਚਣਾ ਪੈਣਾ

(ਸਮਾਜ ਵੀਕਲੀ)

ਹਰ ਕਿਸੇ ਨੂੰ ਵੇਖਣਾ, ਸੋਚਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਖੜੇ ਕਿਥੇ ਹਾਂ। ਹਕੀਕਤ ਇਹ ਹੈ ਕਿ ਅਸੀਂ ਵੀ ਅਜੇ ਇਹ ਸਮਝੇ ਨਹੀਂ ਕਿ ਅਸੀਂ ਦਰਿਆ ਦੇ ਕੰਢੇ ਤੇ ਇਵੇਂ ਖੜੇ ਹਾਂ ਕਿ ਕਿਸੇ ਵੀ ਵਕਤ ਅਸੀਂ ਉਸ ਵਿੱਚ ਵਹਿ ਜਾਵਾਂਗੇ। ਪੰਜਾਬ ਅਤੇ ਪੰਜਾਬ ਦੇ ਲੋਕਾਂ ਉਪਰ ਹਰ ਵੇਲੇ ਰੁੜ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਜਿੰਨਾ ਨੂੰ ਅਸੀਂ ਆਪਣੀ ਹਿਫ਼ਾਜ਼ਤ ਦੀ ਜ਼ੁਮੇਵਾਰੀ ਦਿੱਤੀ ਅਤੇ ਉਨ੍ਹਾਂ ਤੇ ਵਿਸ਼ਵਾਸ਼ ਕੀਤਾ,ਉਹ ਸਾਡੇ ਨਾਲ ਦਗਾ ਕਮਾ ਗਏ। ਪਤਾ ਨਹੀਂ ਅਸੀਂ ਕਬੂਤਰ ਵਾਂਗ ਅੱਖਾਂ ਮੀਟੀਆਂ ਹੋਈਆਂ ਹਨ ਜਾਂ ਅਸੀਂ ਇੰਨੇ ਮਜ਼ਬੂਰ ਹੋ ਗਏ ਹਾਂ ਕਿ ਸਾਡਾ ਬੋਲਣ ਦਾ ਹੌਂਸਲਾ ਹੀ ਨਹੀਂ ਪੈਂਦਾ ਕਿਉਂਕਿ ਸਾਡੇ ਦਰਦ ਸੁਣਨ ਵਾਲੀ ਕੋਈ ਜਗ੍ਹਾ ਰਹੀ ਸੀ ਨਹੀਂ।

ਅਸਲ ਵਿੱਚ ਸਾਨੂੰ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਨੇ ਇਵੇਂ ਦੇ ਬਣਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਵੱਲੋਂ ਕੀਤੀਆਂ ਜ਼ਿਆਦਤੀਆਂ ਨੂੰ ਝੱਲਣ ਲਈ ਤਿਆਰ ਰਹਿੰਦੇ ਹਾਂ। ਜਿਹੜਾ ਆਵਾਜ਼ ਚੁੱਕਦਾ ਹੈ ਉਸ ਨੂੰ ਕਿਧਰੇ ਫਸਾ ਦਿੱਤਾ ਜਾਂਦਾ ਹੈ ਅਤੇ ਦੂਸਰੇ ਬੋਲਣ ਤੋਂ ਗ਼ੁਰੇਜ਼ ਕਰਨਾ ਲੱਗ ਜਾਂਦੇ ਹਨ। ਇੰਨਾ ਨੇ ਇੱਕ ਹਾਂ ਮਾਰਕੇ ਟੰਗਣਾ ਹੁੰਦਾ ਹੈ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਕਿ ਕਿਸੇ ਸਿਆਸਤਦਾਨ ਜਾਂ ਅਫ਼ਸਰ ਖ਼ਿਲਾਫ਼ ਆਵਾਜ਼ ਚੁੱਕਣ ਦਾ ਇਹ ਨਤੀਜਾ ਹੁੰਦਾ ਹੈ।ਪਰ ਸਾਨੂੰ ਇਹ ਜ਼ਰੂਰ ਸੋਚਣਾ ਤੇ ਸਮਝਣਾ ਪਵੇਗਾ ਕਿ ਅਸੀਂ ਖੜੇ ਕਿਥੇ ਹਾਂ ਅਤੇ ਇਥੇ ਪਹੁੰਚਣ ਵਿੱਚ ਸਾਡੀ ਭੂਮਿਕਾ ਕੀ ਰਹੀ। ਜਦੋਂ ਆਪਣੀ ਗਲਤੀ ਮੰਨ ਕੇ ਸੁਧਾਰ ਦੀ ਗੱਲ ਕੀਤੀ ਜਾਵੇ ਤਾਂ ਨਤੀਜੇ ਵਧੇਰੇ ਚੰਗੇ ਅਤੇ ਜਲਦੀ ਸਾਹਮਣੇ ਆਉਂਦੇ ਹਨ।

ਅੱਜ ਮੈਂ ਗੱਲ ਕਰਾਂਗੀ, ਵਿਦੇਸ਼ਾਂ ਵੱਲ ਜਾ ਰਹੇ ਸਾਡੇ ਨੌਜਵਾਨਾਂ ਦੀ। ਸੋਚਣ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣਾ ਇਸ ਵੇਲੇ ਮਜ਼ਬੂਰੀ ਕਿਉਂ ਬਣ ਗਈ? ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਵਿੱਚੋਂ ਕੱਢਣ ਦੀ ਕਾਹਲੀ ਕਿਉਂ ਕਰਦੇ ਹਾਂ? ਜਿਵੇਂ ਦੇ ਇਹ ਮਾੜੇ ਹਾਲ ਬਣੇ ਅਸੀਂ ਇਸਨੂੰ ਹੁੰਦਾ ਕਿਉਂ ਵੇਖਦੇ ਰਹੇ?ਹੁਣ ਇਸਨੂੰ ਦਰੁਸਤ ਕਰਨ ਲਈ ਕਰਨਾ ਕੀ ਚਾਹੀਦਾ ਹੈ? ਪਹਿਲਾਂ ਅਮੀਰ ਘਰਾਣਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਜਾਂਦੇ ਸੀ ਜਾਂ ਬਹੁਤ ਪੜ੍ਹਿਆ ਲਿਖਿਆ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਜਾਣ ਦਾ ਮੌਕਾ ਮਿਲਦਾ ਸੀ।ਪਰ ਅੱਜ ਬੱਚੇ ਅਜੇ ਨੌਂਵੀਂ ਦੱਸਵੀਂ ਕਲਾਸ ਵਿੱਚ ਪੜ੍ਹਦੇ ਹੁੰਦੇ ਹਨ ਪਰ ਉਹ ਬਾਰਵੀਂ ਜਮਾਤ ਤੋਂ ਬਾਅਦ ਵਿਦੇਸ਼ ਜਾਣ ਦੀ ਗੱਲ ਕਰਨ ਲੱਗ ਜਾਂਦੇ ਹਨ। ਇਥੇ ਸੱਭ ਤੋਂ ਵੱਧ ਸਮਸਿਆ ਇਹ ਹੈ ਕਿ ਪੜ੍ਹਨ ਤੋਂ ਬਾਅਦ ਅਤੇ ਡਿਗਰੀਆਂ ਹੱਥ ਵਿੱਚ ਹੋਣ ਤੇ ਵੀ ਨੌਕਰੀਆਂ ਨਹੀਂ ਮਿਲਦੀਆਂ। ਨੌਕਰੀਆਂ ਲੈਣ ਲਈ ਰੱਖੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀਆਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ।

ਇਸਤੋਂ ਅੱਗੇ ਉਹ ਵੇਖਦੇ ਹਨ ਕਿ ਮਹੀਨਿਆਂ ਬੱਧੀ ਨੌਜਵਾਨ ਸੜਕਾਂ ਤੇ ਧਰਨੇ ਲਗਾ ਕੇ ਬੈਠਣ ਲਈ ਮਜ਼ਬੂਰ ਹਨ।ਕਦੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਕੇ ਨੌਕਰੀਆਂ ਲੈਣ ਲਈ ਆਪਣੀ ਗੱਲ ਕਰਦੇ ਹਨ। ਉਦੋਂ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਸੜਕਾਂ ਤੇ ਇੰਨਾ ਨੂੰ ਕੁੱਟਿਆ ਅਤੇ ਖਿੱਚ ਧੂਅ ਕੀਤੀ ਜਾਂਦੀ ਹੈ।ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ।ਹੱਦ ਤਾਂ ਉਦੋਂ ਹੋ ਜਾਂ ਹੈ ਜਦੋਂ ਇੰਨਾ ਲਈ ਸਰਕਾਰਾਂ ਵਿੱਚ ਬੈਠੇ ਊਟ ਪਟਾਂਗ ਬੋਲਦੇ ਹਨ। ਜਦੋਂ ਆਪਣੇ ਦੇਸ਼ ਵਿੱਚ ਪੜ੍ਹਨ ਤੋਂ ਬਾਅਦ ਇਹ ਸੱਭ ਸਹਿਣ ਕਰਨਾ ਪਵੇ ਤਾਂ ਨੌਜਵਾਨ ਪੀੜ੍ਹੀ ਇਥੇ ਰਹਿਣ ਲਈ ਤਿਆਰ ਕਿਉਂ ਹੋਏਗੀ।ਹਰ ਬੰਦੇ ਨੂੰ ਪੜ੍ਹਨ ਲਿਖਣ ਤੋਂ ਬਾਅਦ ਰੁਜ਼ਗਾਰ ਚਾਹੀਦਾ ਹੈ। ਉਸਨੂੰ ਆਪਣੀ ਜ਼ਿੰਦਗੀ ਅਤੇ ਪਰਿਵਾਰ ਲਈ ਪੈਸੇ ਤਾਂ ਚਾਹੀਦੇ ਹੀ ਹਨ ਤਾਂ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ।ਇਸ ਵਕਤ ਨੌਜਵਾਨ ਪੀੜ੍ਹੀ ਦੀ ਮਜ਼ਬੂਰੀ ਹੈ ਵਿਦੇਸ਼ ਜਾਣਾ।

ਜਿਥੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਕਾਹਲੇ ਹਨ ਉਥੇ ਮਾਪਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਬੱਚਿਆਂ ਨੂੰ ਜਿਵੇਂ ਕਿਵੇਂ ਪੰਜਾਬ ਤੋਂ ਕੱਢਕੇ ਵਿਦੇਸ਼ ਵਿੱਚ ਭੇਜ ਦਿੱਤਾ ਜਾਵੇ।ਉਹ ਇਸ ਵਾਸਤੇ ਆਪਣੀ ਜ਼ਮੀਨ ਵੇਚਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਰਜ਼ਾ ਲੈਕੇ ਵਿਦੇਸ਼ ਭੇਜਣ ਵਿੱਚ ਕੋਈ ਕਸਰ ਨਹੀਂ ਛੱਡਦੇ।ਇਹ ਗੱਲ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਣ ਤੱਕ ਹੀ ਖ਼ਤਮ ਨਹੀਂ ਹੁੰਦੀ ਕੀ ਵਾਰ ਕਰਜ਼ਾ ਕੀ ਕੁਝ ਹੋਰ ਵੀ ਕਰਵਾ ਦਿੰਦਾ ਹੈ। ਨਰਿੰਦਰ ਸਿੰਘ ਕਪੂਰ ਲਿਖਦੇ ਹਨ,”ਜਦੋਂ ਕਿਸਾਨ ਜ਼ਮੀਨ ਵਿਚਲੀ ਫ਼ਸਲ ਦੀ ਥਾਂ ਜ਼ਮੀਨ ਹੀ ਖਾਣ ਲੱਗ ਪਵੇ,ਉਹ ਅੰਤ ਵਿੱਚ ਜਾਂ ਕਤਲ ਕਰਦਾ ਹੈ ਜਾਂ ਆਤਮਘਾਤ।”

ਅਸੀਂ ਅੱਜ ਜਿਸ ਜਗ੍ਹਾ ਖੜੇ ਹਾਂ ਅੱਗੇ ਖ਼ੂਹ ਪਿੱਛੇ ਖਾਈ ਵਾਲੀ ਸਥਿਤੀ ਬਣੀ ਹੋਈ ਹੈ। ਹਕੀਕਤ ਇਹ ਹੈ ਕਿ ਅਸੀਂ ਜਿੰਨਾ ਹਾਲਾਤਾਂ ਵਿੱਚ ਪਹੁੰਚ ਗਏ ਹਾਂ, ਇਥੇ ਪਹੁੰਚਣ ਤੱਕ ਜੋਂ ਕੁਝ ਵੀ ਹੁੰਦਾ ਰਿਹਾ ਅਸੀਂ ਉਸਨੂੰ ਵੇਖਦੇ ਰਹੇ। ਸ਼ਾਇਦ ਹਰ ਕਿਸੇ ਨੇ ਇਹ ਸੋਚਿਆ ਕਿ ਇਸਦਾ ਅਸਰ ਮੇਰੇ ਅਤੇ ਮੇਰੇ ਪਰਿਵਾਰ ਉਪਰ ਨਹੀਂ ਪਵੇਗਾ।ਪਰ ਅੱਗ ਲੱਗਦੀ ਹੈ ਤਾਂ ਸੇਕ ਲੱਗੇਗਾ ਹੀ। ਅੱਜ ਇਸਦਾ ਸੇਕ ਹਰ ਕਿਸੇ ਨੂੰ ਲੱਗ ਰਿਹਾ ਹੈ। ਜਿਹੜੀਆਂ ਗੰਢਾਂ ਅਸੀਂ ਹੱਥਾਂ ਨਾਲ ਪਾਈਆਂ ਸੀ ਉਹ ਦੰਦਾਂ ਨਾਲ ਖੋਲਣੀਆਂ ਪੈ ਰਹੀਆਂ ਨੇ।

ਅਸਲ ਵਿੱਚ ਅਸੀਂ ਆਪਣੀ ਜ਼ਮੀਰ ਮਾਰਕੇ ਵੋਟਾਂ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾ।ਕਦੇ ਅਸੀਂ ਮੁਫ਼ਤ ਦੇ ਦਾਲ ਆਟੇ ਵਿੱਚ ਫਸ ਗਏ।ਕਦੇ ਚੋਣਾਂ ਵੇਲੇ ਸ਼ਰਾਬ ਦਾ ਲਾਲਚ ਆ ਗਿਆ।ਗੱਲ ਕੀ ਅਸੀਂ ਸਰਕਾਰਾਂ ਬਣਾਉਣ ਲੱਗਿਆਂ ਬਹੁਤਾ ਵੱਡੀਆਂ ਗਲਤੀਆਂ ਕੀਤੀਆਂ। ਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਕੰਡੇ ਬੀਜੇ ਦਿੱਤੇ।ਅੱਜ ਉਹ ਸਾਨੂੰ ਸਾਰਿਆਂ ਚੁੱਭ ਰਹੇ ਹਨ। ਅਸੀਂ ਲਹੂ ਲੁਹਾਨ ਹੋ ਚੁੱਕੇ ਹਾਂ। ਜਦੋਂ ਸਕੂਲਾਂ ਦੀ ਹਾਲਤ ਖ਼ਸਤਾ ਹੋਣੀ ਸ਼ੁਰੂ ਹੋਈ ਅਸੀਂ ਚੁੱਪ ਰਹੇ, ਜਦੋਂ ਹਸਪਤਾਲਾਂ ਦੀ ਹਾਲਤ ਵਿਗੜਨ ਲੱਗੀ ਅਸੀਂ ਅੱਖਾਂ ਬੰਦ ਕਰ ਲਈਆਂ।ਸਾਡੀ ਮੈਨੂੰ ਕੀ ਦੀ ਸੋਚ ਨੇ ਸਾਨੂੰ ਇਥੇ ਲਿਆ ਖੜਾ ਕੀਤਾ।ਅੱਜ ਵਿਦੇਸ਼ਾਂ ਨੂੰ ਜਾਣ ਵਾਲੇ ਜਹਾਜ਼ ਸਾਡੇ ਪੁੱਤਾਂ ਨੂੰ ਚੁੱਕ ਚੁੱਕ ਲੈਕੇ ਜਾ ਰਹੇ ਹਨ।ਇੰਜ ਲੱਗਦਾ ਹੈ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਨੇ ਬਨਵਾਸ ਦੀ ਬਦ ਦੁਆ ਦੇ ਦਿੱਤੀ ਹੋਵੇ।ਅੱਜ ਘਰਾਂ ਵਿੱਚ ਬਜ਼ੁਰਗ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ।ਪਰ ਇਸ ਹਾਲਤ ਦੇ ਗੁਨਾਹਗਾਰ ਅਸੀਂ ਵੀ ਹਾਂ।

ਅਸੀਂ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਅਪਾਹਜ਼ ਕਰ ਲਿਆ ਹੈ। ਜੇਕਰ ਅਜੇ ਵੀ ਨਾ ਸੋਚਿਆ ਤਾਂ ਨਤੀਜੇ ਹੋਰ ਭਿਆਨਕ ਨਿਕਲਣਗੇ।ਯਾਦ ਰੱਖੋ ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ ਉਹ ਮੁੜ ਇਸ ਰਿਸ਼ਵਤਖੋਰ ਅਤੇ ਭ੍ਰਿਸ਼ਟ ਸਿਸਟਮ ਵਿੱਚ ਆਕੇ ਨਹੀਂ ਰਹਿਣਗੇ। ਇਸਦਾ ਮਤਲਬ ਉਹ ਵਾਪਿਸ ਨਹੀਂ ਆਉਣਗੇ। ਸਰਕਾਰਾਂ ਆਪਣੇ ਆਪ ਨਹੀਂ ਬਣਦੀਆਂ। ਸਰਕਾਰਾਂ ਅਸੀਂ ਬਣਾਉਂਦੇ ਹਾਂ, ਸਾਡੀਆਂ ਵੋਟਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੀ ਹੈ।ਸਾਡੇ ਕੋਲ ਇੰਨਾ ਵੱਡਾ ਵੋਟ ਦਾ ਹਥਿਆਰ ਹੈ ਅਤੇ ਅਸੀਂ ਫੇਰ ਅੱਜ ਇਸ ਹਾਲਤ ਵਿੱਚ ਹਾਂ।ਅਸਲ ਵਿੱਚ ਅਸੀਂ ਵੋਟ ਦਾ ਇਸਤੇਮਾਲ ਹੀ ਠੀਕ ਤਰੀਕੇ ਨਾਲ ਨਹੀਂ ਕੀਤਾ, ਅਸੀਂ ਉਸਦੀ ਕੀਮਤ ਲਗਾਈ ਅਤੇ ਲਗਾਈ ਇੰਨੀ ਘੱਟ ਕਿ ਖਰੀਦਣ ਵਾਲਿਆਂ ਨੂੰ ਮੁਸ਼ਿਕਲ ਆਈ ਸੀ ਨਹੀਂ। ਸਿਆਣੇ ਕਹਿੰਦੇ ਨੇ ਜਦੋਂ ਜਾਗੋ ਉਦੋਂ ਸਵੇਰਾ। ਜਿੰਨਾ ਨੁਕਸਾਨ ਅਸੀਂ ਆਪਣਾ ਕਰਨਾ ਸੀ ਕਰ ਲਿਆ ਹੁਣ ਹੀ ਸੋਚ ਲਈਏ ਅਤੇ ਮੰਨ ਲਈਏ ਕਿ ਅਸੀਂ ਜਿਥੇ ਖੜੇ ਹਾਂ ਉਸ ਵਿੱਚ ਅਸੀਂ ਵੀ ਅਹਿਮ ਭੂਮਿਕਾ ਨਿਭਾਈ ਹੈ।

ਦੂਸਰਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਵਿੱਚ ਸਮਾਂ ਖ਼ਰਾਬ ਕਰਨ ਦੀ ਥਾਂ ਆਪ ਸੁਧਰ ਜਾਈਏ।ਵੋਟ ਉਥੇ ਪਾਉ ਜੋਂ ਤੁਹਾਡੀ ਅਤੇ ਤੁਹਾਡੀ ਵੋਟ ਦੀ ਕੀਮਤ ਨਾ ਲਗਾਏ।ਇਹ ਸਾਨੂੰ ਸੱਭ ਨੂੰ ਕਰਨਾ ਪਵੇਗਾ,ਇਸ ਨਰਕ ਵਾਲੀ ਹਾਲਤ ਵਿੱਚੋਂ ਨਿਕਲਣ ਲਈ। ਪਿੱਛਲੇ ਕੀਤੇ ਕੰਮਾਂ ਬਾਰੇ ਹਰ ਉਮੀਦਵਾਰ ਨੂੰ ਪੁੱਛੋ। ਉਸਨੇ ਤਾਂ ਸੱਭ ਚੰਗੇ ਕੰਮ ਕੀਤੇ ਦੀ ਗੱਲ ਕਰਨੀ ਹੈ ਉਸਨੂੰ ਰੋਕੋ ਅਤੇ ਟੋਕੋ ਕਿ ਇਹ ਕੰਮ ਨਹੀਂ ਹੋਇਆ। ਸਵਾਲ ਜਵਾਬ ਕਰੋ। ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਰਹੇ ਹਨ ਪਰ ਉਨ੍ਹਾਂ ਕੋਲੋਂ ਮਿਆਰੀ ਸਕੂਲ, ਮਿਆਰੀ ਸਿੱਖਿਆ ਅਤੇ ਉਸ ਤੋਂ ਬਾਅਦ ਰੁਜ਼ਗਾਰ ਮੰਗੋ। ਅਸੀਂ ਆਪ ਕਮਾਈ ਕਰਕੇ ਹਰ ਚੀਜ਼ ਖਰੀਦਕੇ ਖਾਵਾਂਗੇ,ਇਸਤੇ ਗੱਲ ਕਰੋ।ਸਾਡੀ ਕੌਮ ਮਿਹਨਤ ਕਰਕੇ ਖਾਣ ਵਾਲੀ ਹੈ ਅਸੀਂ ਕਿਸੇ ਦੇ ਰਹਿਮ ਤੇ ਨਹੀਂ ਪਲਣਾ,ਇਸਦਾ ਆਪਣੇ ਆਪ ਨਾਲ ਵਾਇਦਾ ਕਰੋ। ਅਸੀਂ ਬਿਲਕੁੱਲ ਡੁੱਬਣ ਵਾਲੀ ਹਾਲਤ ਵਿੱਚ ਹਾਂ,ਇਸ ਕਰਕੇ ਹੱਥ ਪੈਰ ਮਾਰਨੇ ਬਹੁਤ ਜ਼ਰੂਰੀ ਹਨ। ਸਾਨੂੰ ਕਿਸੇ ਨੇ ਇਸ ਭੰਵਰ ਵਿੱਚੋਂ ਨਹੀਂ ਕੱਢਣਾ। ਅਸੀਂ ਜਿਥੇ, ਜਿਵੇਂ ਅਤੇ ਜਿਸ ਹਾਲਤ ਵਿੱਚ ਖੜੇ ਹਾਂ ਸਾਨੂੰ ਸਭ ਨੂੰ ਸੋਚਣਾ ਅਤੇ ਸਮਝਣਾ ਚਾਹੀਦਾ ਹੈ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜ਼ੁਰਗਾਂ ‘ਚ ਵੀ ਹੋਣੀ ਚਾਹੀਦੀ ਹੈ ਸ਼ਹਿਨਸ਼ੀਲਤਾ
Next articleਨਵਾਂ ਜ਼ਮਾਨਾ