ਸੰਯੁਕਤ ਰਾਸ਼ਟਰ (ਸਮਾਜ ਵੀਕਲੀ) :ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਰੂਸ ਦੇ ਹਮਲੇ ਦੀ ਸਖ਼ਤ ਆਲੋਚਨਾ ਕਰਨ ਲਈ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ਸਬੰਧੀ ਵੋਟਿੰਗ ’ਚ ਭਾਰਤ ਨੇ ਹਿੱਸਾ ਨਹੀਂ ਲਿਆ। ਭਾਰਤ ਨੇ ਜੰਗ ਤੁਰੰਤ ਪ੍ਰਭਾਵ ਤੋਂ ਖ਼ਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਦਾ ਹੱਲ ਸਿਰਫ਼ ਗੱਲਬਾਤ ਰਾਹੀਂ ਹੋ ਸਕਦਾ ਹੈ। ਸੁਰੱਖਿਆ ਕੌਂਸਲ ਵਿਚ ਇਹ ਮਤਾ ਪਾਸ ਨਹੀਂ ਹੋ ਸਕਿਆ ਕਿਉਂਕਿ ਸਥਾਈ ਮੈਂਬਰ ਰੂਸ ਅਤੇ ਫਰਵਰੀ ਮਹੀਨੇ ਲਈ ਸੁਰੱਖਿਆ ਕੌਂਸਲ ਦੇ ਪ੍ਰਧਾਨ ਵੱਲੋਂ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਗਿਆ। ਮਤੇ ਦੇ ਹੱਕ ਵਿਚ 11 ਵੋਟਾਂ ਪਈਆਂ ਜਦਕਿ ਭਾਰਤ, ਚੀਨ ਤੇ ਸੰਯੁਕਤ ਅਰਬ ਅਮੀਰਾਤ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਕੌਂਸਲ ਵਿਚ ਭਾਰਤ ਨੇ ਮਤੇ ਦੇ ਹੱਕ ’ਚ ਵੋਟ ਨਾ ਪਾਉਣ ਬਾਰੇ ਬੋਲਦਿਆਂ ਕਿਹਾ, ‘‘ਯੂਕਰੇਨ ਦੇ ਹਾਲ ਦੇ ਘਟਨਾਕ੍ਰਮ ਤੋਂ ਭਾਰਤ ਕਾਫੀ ਚਿੰਤਤ ਹੈ। ਅਸੀਂ ਹਿੰਸਾ ਤੇ ਦੁਸ਼ਮਣੀ ਨੂੰ ਤੁਰੰਤ ਪ੍ਰਭਾਵ ਤੋਂ ਖ਼ਤਮ ਕਰਨ ਲਈ ਹਰ ਸੰਭਵ ਕਦਮ ਉਠਾਉਣ ਦੀ ਅਪੀਲ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਮਤਭੇਦਾਂ ਅਤੇ ਵਿਵਾਦਾਂ ਦੇ ਹੱਲ ਦਾ ਇੱਕੋ-ਇਕ ਰਾਹ ਗੱਲਬਾਤ ਹੈ। ਸਾਨੂੰ ਕੂਟਨੀਤੀ ਦੇ ਰਾਹ ’ਤੇ ਪਰਤਣਾ ਚਾਹੀਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਭਾਰਤ ਨੇ ਮਤੇ ’ਤੇ ਵੋਟਿੰਗ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ।’’
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅੱਜ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ’ਤੇ ਵੋਟਿੰਗ ਹੋਈ। ਇਸ ਨੂੰ ਆਸਟਰੇਲੀਆ, ਐਸਤੋਨੀਆ, ਫਿਨਲੈਂਡ, ਜੌਰਜੀਆ, ਜਰਮਨੀ, ਇਟਲੀ ਸਣੇ ਕਈ ਹੋਰ ਦੇਸ਼ਾਂ ਨੇ ਸਹਿ-ਪ੍ਰਸਤਾਵਿਤ ਕੀਤਾ ਸੀ।
15 ਮੈਂਬਰੀ ਸੁਰੱਖਿਆ ਕੌਂਸਲ ਵਿਚ ਇਕ ਸਥਾਈ ਮੈਂਬਰ ਰੂਸ ਨੇ ਆਸ ਮੁਤਾਬਕ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਅਤੇ ਮਤਾ ਅਸਫ਼ਲ ਰਿਹਾ ਪਰ ਪੱਛਮੀ ਦੇਸ਼ਾਂ ਨੇ ਕਿਹਾ ਕਿ ਇਹ ਮਤਾ ਯੂਕਰੇਨ ਖ਼ਿਲਾਫ਼ ਕਾਰਵਾਈਆਂ ਤੇ ਹਮਲੇ ਲਈ ਰੂਸ ਨੂੰ ਵਿਸ਼ਵ ਤੋਂ ਵੱਖ ਕਰਨ ਦੀ ਮੰਗ ਕਰਦਾ ਹੈ।
ਇਸ ਦੌਰਾਨ ਸਾਰੀਆਂ ਅੱਖਾਂ ਭਾਰਤ ’ਤੇ ਸਨ ਕਿ ਉਹ ਇਸ ਮਤੇ ’ਤੇ ਕਿਹੜੇ ਪਾਸੇ ਵੋਟ ਪਾਉਂਦਾ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਕਾਫੀ ਮਜ਼ਬੂਤ ਸਬੰਧ ਹਨ। ਕੌਂਸਲ ਦਾ ਇਹ ਮਤਾ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ, ਏਕਤਾ ਅਤੇ ਉਸ ਦੀ ਖੇਤਰੀ ਅਖੰਡਤਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਾ ਸੀ।
ਮਤੇ ਰਾਹੀਂ ਮੰਗ ਕੀਤੀ ਗਈ ਕਿ ਰੂਸ ਨੂੰ ਤੁਰੰਤ ਪ੍ਰਭਾਵ ਤੋਂ ਬਿਨਾ ਕਿਸੇ ਸ਼ਰਤ ਤੋਂ ਯੂਕਰੇਨ ਦੀਆਂ ਕੌਮਾਂਤਰੀ ਸਰਹੱਦਾਂ ਵਿਚਲੇ ਖੇਤਰਾਂ ’ਚੋਂ ਆਪਣੀਆਂ ਫ਼ੌਜਾਂ ਵਾਪਸ ਸੱਦਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਰੂਸ ਨੂੰ ਯੂਕਰੇਨ ਦੇ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ਦੀ ਸਥਿਤੀ ਸਬੰਧੀ ਆਪਣਾ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਵੋਟਿੰਗ ਤੋਂ ਪਹਿਲਾਂ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿੱਤਰੋ ਕੁਲੇਬਾ ਨੇ ਇਕ ਟਵੀਟ ਰਾਹੀਂ ਕਿਹਾ ਕਿ ਜੈਸ਼ੰਕਰ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਰੂਸ ਨੂੰ ਫ਼ੌਜੀ ਕਾਰਵਾਈ ਤੁਰੰਤ ਪ੍ਰਭਾਵ ਤੋਂ ਰੋਕਣ ਲਈ ਮਜਬੂਰ ਕਰਨ ਵਾਸਤੇ ਉਨ੍ਹਾਂ ਭਾਰਤ ਨੂੰ ਆਪਣਾ ਸਾਰਾ ਪ੍ਰਭਾਵ ਇਸਤੇਮਾਲ ਕਰਨ ਲਈ ਕਿਹਾ ਹੈ। ਉਨ੍ਹਾਂ ਭਾਰਤ ਨੂੰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਯੂਕਰੇਨ ਵਿਚ ਸ਼ਾਂਤੀ ਬਹਾਲ ਕਰਨ ਲਈ ਲਿਆਂਦੇ ਜਾ ਰਹੇ ਅੱਜ ਦੇ ਇਸ ਮਤੇ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly