- ਮੋਦੀ ’ਤੇ ਅਰਬਪਤੀਆਂ ਦੀ ਸਰਕਾਰ ਚਲਾਉਣ ਦਾ ਲਾਇਆ ਦੋਸ਼
- ਦਿੱਲੀ ’ਚ ਮੁਹੱਲਾ ਕਲੀਨਿਕ ਕਾਂਗਰਸ ਵੱਲੋਂ ਖੋਲ੍ਹੇ ਜਾਣ ਦਾ ਕੀਤਾ ਦਾਅਵਾ
- ਚੰਨੀ ਦੀ ਅਗਵਾਈ ਹੇਠ ਗਰੀਬਾਂ ਦੀ ਸਰਕਾਰ ਚਲਾਉਣ ਦੀ ਗੱਲ ਆਖੀ
ਹੁਸ਼ਿਆਰਪੁਰ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਲੋੜ ਹੈ ਅਤੇ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਰਾਜ ਵਿਚ ਸਦਭਾਵਨਾ ਅਤੇ ਏਕਤਾ ਬਣਾਈ ਰੱਖ ਸਕਦੀ ਹੈ। ਜ਼ਿਲ੍ਹੇ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਇੱਥੇ ਰੋਸ਼ਨ ਗਰਾਊਂਡ ਵਿਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਕੋਈ ਪ੍ਰਯੋਗਸ਼ਾਲਾ ਨਹੀਂ ਹੈ ਜਿੱਥੇ ਕਿਸੇ ਹੋਰ ਪਾਰਟੀ ਨੂੰ ਮੌਕਾ ਦੇ ਕੇ ਕੋਈ ਪ੍ਰਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਇਸ ਨੂੰ ਇੱਥੇ ਸਰਕਾਰ ਚਲਾਉਣ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਹੜੀ ਸਭ ਜਾਤੀਆਂ, ਧਰਮਾਂ ਤੇ ਸੋਚ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਅਰਬਪਤੀਆਂ ਦੀ ਸਰਕਾਰ ਚਲਾ ਰਹੀ ਹੈ ਪਰ ਪਾਰਟੀ ਸੂਬੇ ਵਿਚ ਗਰੀਬਾਂ ਦੀ ਸਰਕਾਰ ਚਲਾਏਗੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਿਚ ਪੰਜਾਬ ਨੂੰ ਸਹੀ ਰਸਤਾ ਦਿਖਾਉਣ ਦੀ ਕਾਬਲੀਅਤ ਹੈ। ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਚ ‘ਆਪ’ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਦਿੱਲੀ ਵਿਚ ਮੁਹੱਲਾ ਕਲੀਨਿਕ ਕਾਂਗਰਸ ਵੱਲੋਂ ਖੋਲ੍ਹੇ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਹ ਚਲਾਉਣੇ ਨਹੀਂ ਆਏ ਜਿਸ ਦਾ ਸਬੂਤ ਕਰੋਨਾ ਕਾਲ ਵਿਚ ਆਕਸੀਜਨ ਅਤੇ ਇਲਾਜ ਖੁਣੋਂ ਮਰ ਗਏ ਮਰੀਜ਼ਾਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਮੇਂ ਵਿਚ ਕਾਂਗਰਸ ਵਰਕਰਾਂ ਨੇ ਹੀ ਲੋਕਾਂ ਦਾ ਸਾਥ ਦਿੱਤਾ ਸੀ।
ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ-ਚਾਰ ਅਰਬਪਤੀ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ,‘‘ਮੋਦੀ ਨੇ ਇਕ ਸਾਲ ਤੋਂ ਵੱਧ ਸਮਾਂ ਕਿਸਾਨਾਂ ਨੂੰ ਰੋਲਣ ਤੋਂ ਬਾਅਦ ਕਹਿ ਦਿੱਤਾ ਕਿ ਗਲਤੀ ਹੋ ਗਈ ਪਰ ਲੋਕ ਸਭਾ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦਿੱਤਾ ਹੈ।’’ ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਮਾਫ਼ੀਆ ਰਾਜ ਖਤਮ ਕਰਕੇ ਲੋਕਾਂ ਦਾ ਡਕਾਰਿਆ ਪੈਸਾ ਵਾਪਸ ਲੈ ਕੇ ਲੋਕ ਭਲਾਈ ਲਈ ਖਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਰਾਹੁਲ ਗਾਂਧੀ ਨੇ ਇਤਿਹਾਸ ਸਿਰਜਿਆ ਹੈ।
ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਦੀ ਰੈਲੀ ਵਿਚ ਪੁੱਜਣ ਲਈ ਹੈਲੀਕਾਪਟਰ ਉਡਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਚੋਣ ਕਮਿਸ਼ਨ ਇਸ ਦਾ ਸਖ਼ਤ ਨੋਟਿਸ ਲਵੇ।
‘ਸ਼ਾਹ ਭਾਜਪਾ-ਅਕਾਲੀ ਦਲ ਸਰਕਾਰ ਸਮੇਂ ਨਸ਼ਿਆਂ ਬਾਰੇ ਕਿਉਂ ਨਹੀਂ ਬੋਲੇ’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿਚ ਨਸ਼ਾ ਵਿਕਣ ਬਾਰੇ ਐਤਵਾਰ ਨੂੰ ਦਿੱਤੇ ਗਏ ਬਿਆਨ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਉਦੋਂ ਕਿਉਂ ਨਹੀਂ ਬੋਲੇ ਸਨ ਜਦੋਂ ਇੱਥੇ ਭਾਜਪਾ ਅਤੇ ਅਕਾਲੀ ਦਲ ਗੱਠਜੋੜ ਦਾ ਰਾਜ ਸੀ। ‘ਜਦੋਂ ਮੈਂ ਨਸ਼ੇ ਦੇ ਕੋਹੜ ਬਾਰੇ ਗੱਲ ਕੀਤੀ ਸੀ ਤਾਂ ਮੈਨੂੰ ਝੂਠਾ ਕਿਹਾ ਗਿਆ ਸੀ।’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮੁੜ ਸਰਕਾਰ ਆਉਣ ’ਤੇ ਨਸ਼ਿਆਂ ਦੇ ਨਾਲ ਨਾਲ ਟਰਾਂਸਪੋਰਟ, ਕੇਬਲ ਅਤੇ ਰੇਤ ਮਾਫ਼ੀਆ ਨੂੰ ਖਤਮ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ 170 ਜ਼ਰੂਰੀ ਸੇਵਾਵਾਂ ਘਰ ਬੈਠਿਆਂ ਹੀ ਦਿੱਤੀਆਂ ਜਾਣਗੀਆਂ।