‘ਆਪ’ ਨੂੰ ਹਰਾਉਣ ਲਈ ਰਵਾਇਤੀ ਪਾਰਟੀਆਂ ਇਕਜੁਟ: ਕੇਜਰੀਵਾਲ

ਅੰਮ੍ਰਿਤਸਰ (ਸਮਾਜ ਵੀਕਲੀ):  ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ਵਿਚ ਸਰਹੱਦ ਦੀ ਸੁਰੱਖਿਆ ਲਈ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ। ਦੇਸ਼ ਦੀ ਸੁਰੱਖਿਆ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਦਿਨ-ਰਾਤ ਸਿਰਫ ‘ਆਪ’ ਦੇ ਹੀ ਸੁਫ਼ਨੇ ਆਉਂਦੇ ਹਨ ਅਤੇ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਹੀ ਗਾਲ੍ਹਾਂ ਕੱਢਦੇ ਹਨ। ਉਹ ਸੁਖਬੀਰ ਬਾਦਲ ਅਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ।’’ ਉਨ੍ਹਾਂ ਕਿਹਾ ਕਿ ਸੁਖਬੀਰ ਵੀ ਸਿਰਫ ‘ਆਪ’ ਨੂੰ ਨਿਸ਼ਾਨ ਬਣਾ ਰਹੇ ਹਨ। ਉਹ ਭਾਜਪਾ ਖ਼ਿਲਾਫ਼ ਕੁਝ ਨਹੀਂ ਬੋਲਦੇ। ਲੰਘੇ ਦਿਨ ਪ੍ਰਿਯੰਕਾ ਗਾਂਧੀ ਅਤੇ ਅਮਿਤ ਸ਼ਾਹ ਵੀ ਸਿਰਫ ‘ਆਪ’ ਨੂੰ ਹੀ ਕੋਸਦੇ ਰਹੇ। ਇਹ ਸਾਰੇ ਮਿਲ ਕੇ ਕਿਸੇ ਵੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦਾ ਸਿੱਖਿਆ ਅਤੇ ਮੈਡੀਕਲ ਸਿਸਟਮ ਠੀਕ ਕਰਨਾ ਹੈ। ਬਿਜਲੀ, ਪਾਣੀ ਅਤੇ ਖੇਤੀ ਦੀ ਹਾਲਤ ਸੁਧਾਰਨਾ ਹੈ। ‘ਆਪ’ ਦੀ ਸਰਕਾਰ ਬਣਨ ’ਤੇ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਦੁਬਾਰਾ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਵੰਡੀ ਜਾਣ ਵਾਲੀ ਸ਼ਰਾਬ ਅਤੇ ਪੈਸੇ ਤੋਂ ਸੁਚੇਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਪਸ ਵਿਚ ਪਾਟੋਧਾੜ ਹੋਈ ਪਾਰਟੀ ਹੈ, ਜਿਸ ਦੇ ਆਪਣੇ ਆਗੂ ਹੀ ਇੱਕ-ਦੂਜੇ ਨੂੰ ਹਰਾਉਣ ਲਈ ਲੱਗੇ ਹੋਏ ਹਨ। ਇਸ ਲਈ ਅਜਿਹੀ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਨੂੰ ਕਾਂਗਰਸ ਦੀ ਲੋੜ: ਰਾਹੁਲ
Next articleਪੰਜਾਬ ਦੇ ਪਾਣੀਆਂ ’ਤੇ ਕੇਜਰੀਵਾਲ ਦੀ ਨਿਗ੍ਹਾ: ਹਰਸਿਮਰਤ