ਔਰਤਾਂ ਦੀ ‘ਨਿਲਾਮੀ’ ਲਈ ਐਪ ’ਤੇ ਪੋਸਟ ਹੋਈਆਂ ਫੋਟੋਆਂ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਦੇ ਸਭ ਤੋਂ ਵੱਡੀ ਘੱਟ ਗਿਣਤੀ ਫ਼ਿਰਕੇ ਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਇਕ ਐਪ ਉਤੇ ਛੇੜਛਾੜ ਕਰ ਕੇ ਅਪਲੋਡ ਕਰਨ ਉਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਐਪ ਉਤੇ ਮਹਿਲਾਵਾਂ ਦੀ ‘ਨਿਲਾਮੀ’ ਕੀਤੀ ਜਾ ਰਹੀ ਸੀ। ‘ਬੁਲੀ ਬਾਈ’ ਐਪ ਉਤੇ ਘੱਟੋ-ਘੱਟ ਸੌ ਪ੍ਰਭਾਵਸ਼ਾਲੀ ਫ਼ਿਰਕੇ ਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਹਨ ਜਿਨ੍ਹਾਂ ਨਾਲ ਛੇੜਛਾੜ ਕਰ ਕੇ ਦੁਰਵਰਤੋਂ ਕੀਤੀ ਜਾ ਰਹੀ ਸੀ। ‘ਐਪ’ ਨੂੰ ਖੋਲ੍ਹਣ ’ਤੇ ਇੱਕ ਮਹਿਲਾ ਦੀ ਤਸਵੀਰ ਬੁਲੀ ਬਾਈ ਦੇ ਤੌਰ ਉਤੇ ਸਾਹਮਣੇ ਆਉਂਦੀ ਹੈ। ਦਿੱਲੀ ਪੁਲੀਸ ਨੇ ਇਕ ਮਹਿਲਾ ਪੱਤਰਕਾਰ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਇਸ ਨੂੰ ਇਕ ਐਪਲੀਕੇਸ਼ਨ (ਐਪ) ਉਤੇ ਅਪਲੋਡ ਕਰਨ ਦੇ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਹੈ। ਮੁੰਬਈ ਵਿਚ ਵੀ ਕੇਸ ਦਰਜ ਕੀਤਾ ਗਿਆ ਹੈ।

ਪੱਤਰਕਾਰ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਤੇ ਸ਼ਿਕਾਇਤ ਦੀ ਨਕਲ ਟਵਿੱਟਰ ਉਤੇ ਸਾਂਝੀ ਕੀਤੀ ਸੀ। ਕੇਸ ਸ਼ਨਿਚਰਵਾਰ ਰਾਤ ਸਾਈਬਰ ਥਾਣੇ ਵਿਚ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੇਣ ਵਾਲੀ ਪੱਤਰਕਾਰ ਦਾ ਦੋਸ਼ ਹੈ ਕਿ ਅਣਪਛਾਤੇ ਲੋਕਾਂ ਦਾ ਇਕ ਸਮੂਹ ‘ਬੁਲੀ ਬਾਈ’ ਪੋਰਟਲ ਉਤੇ ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਮਾਮਲੇ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਜਾਂਚ ਜਾਰੀ ਹੈ। ਮਹਿਲਾ ਪੱਤਰਕਾਰ ਨੇ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ’ਤੇ ‘ਫ਼ਿਰਕੇ ਦੀਆਂ ਔਰਤਾਂ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦਾ ਅਪਮਾਨ ਕਰਨ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਿਕਾਇਤ ਵਿਚ ਉਸ ਨੇ ਕਿਹਾ ਵੈੱਬਸਾਈਟ/ਪੋਰਟਲ ‘ਬੁੱਲੀਬਾਈਡਾਟਗਿਟਹਬਡਾਟਈਓ’ (ਹੁਣ ਹਟਾ ਦਿੱਤਾ ਗਿਆ) ਉਤੇ ਗੈਰਵਾਜਬ, ਬਰਦਾਸ਼ਤ ਨਾ ਕਰਨ ਯੋਗ ਤੇ ਸਪੱਸ਼ਟ ਰੂਪ ਵਿਚ ਭੱਦੇ ਸੰਦਰਭ ਵਿਚ ਉਸ ਦੀ ਛੇੜਛਾੜ ਕੀਤੀ ਗਈ ਤਸਵੀਰ ਸੀ। ਕਈ ਸਿਆਸੀ ਆਗੂਆਂ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲਿਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਾਰਵਾਈ ਮੰਗੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਕਿਹਾ ਕਿ ਲੋਕਾਂ ਨੂੰ ‘ਔਰਤਾਂ ਦੀ ਬੇਇੱਜ਼ਤੀ’ ਤੇ ਫ਼ਿਰਕੂ ਨਫ਼ਰਤ ਖ਼ਿਲਾਫ਼ ਡਟਣਾ ਪਵੇਗਾ।

ਕੇਂਦਰ ਸਰਕਾਰ ਮਾਮਲੇ ’ਚ ਕਾਰਵਾਈ ਲਈ ਲਗਾਤਾਰ ਸਰਗਰਮ: ਵੈਸ਼ਨਵ  

‘ਬੁਲੀ ਬਾਈ’ ਐਪ ਉਤੇ ਵਿਵਾਦ ਹੋਣ ਤੋਂ ਬਾਅਦ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਐਪ ਹੋਸਟ ਕਰਨ ਵਾਲੇ ਪਲੈਟਫਾਰਮ ‘ਗਿਟਹਬ’ ਨੇ ਇਸ ਨੂੰ ਬਲੌਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਲਈ ਕੇਂਦਰ ਸਰਕਾਰ ਦਿੱਲੀ ਤੇ ਮੁੰਬਈ ਵਿਚ ਪੁਲੀਸ ਦੇ ਨਾਲ ਲਗਾਤਾਰ ਰਾਬਤਾ ਕਰ ਰਹੀ ਹੈ। ਮਹਿਲਾਵਾਂ ਬਾਰੇ ਕੌਮੀ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤਰ੍ਹਾਂ ਦੀ ਐਪ ਪਿਛਲੇ ਇਕ ਸਾਲ ਵਿਚ ਦੂਜੀ ਵਾਰ ਸਾਹਮਣੇ ਆਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਗਰਾਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੀਜੀ ਵਾਰ ਮੁਲਤਵੀ
Next articleਕਰੋਨਾ ਦੌਰਾਨ ਭਾਰਤੀ ਰੇਲਵੇ ਨੂੰ ਤਤਕਾਲ ਟਿਕਟਾਂ ਤੋਂ 500 ਕਰੋੜ ਦੀ ਕਮਾਈ