(ਸਮਾਜ ਵੀਕਲੀ)
ਪ੍ਰਕਾਸ਼ ਪੁਰਬ ‘ਤੇ .
ਹਿੰਦੂ,ਮੁਸਲਿਮ,ਸਿੱਖ,ਇਸਾਈ ਸਭ ਨਾਲ ਕੀਤਾ ਪਿਆਰ ਤੁਸੀਂ।
ਧੰਨ ਧੰਨ ਗੁਰੂ ਨਾਨਕ ਦੇਵ ਜੀ ਤਾਰ ਦਿੱਤਾ ਸੰਸਾਰ ਤੁਸੀਂ।
ਸਤਿਨਾਮ ਦਾ ਚੱਕਰ ਚਲਾ ਕੇ ਕਲਾ ਐਸੀ ਵਰਤਾਈ,
ਵਿਚ ਹਨ੍ਹੇਰੇ ਚਾਨਣ ਵੰਡਿਆ ਬਣ ਕੇ ਜੋਤ ਇਲਾਹੀ,
ਮਾਨਵਤਾ ਦਾ ਭਲਾ ਕਰਨ ਲਈ ਛੱਡ ਦਿੱਤਾ ਘਰ ਬਾਰ ਤੁਸੀਂ।
ਧੰਨ ਧੰਨ…………………………………………।
ਰਾਖਸ਼ ਬਿਰਤੀ ਵਾਲੇ ਨੂੰ ਸੀ ਜਦੋਂ ਸੱਚੋ ਸੱਚ ਸੁਣਾਇਆ,
ਪਲ ਵਿਚ ਠੰਢਾ ਹੋ ਗਿਆ ਉਸ ਦਾ ਤੱਪਦਾ ਤੇਲ ਕੜਾਹਿਆ,
ਨਜ਼ਰ ਮੇਹਰ ਦੀ ਕਰਕੇ ਦਿੱਤਾ ਉਸ ਦਾ ਹਿਰਦਾ ਠਾਰ ਤੁਸੀਂ।
ਧੰਨ ਧੰਨ……………………………………….।
ਗੱਲਾਂ ਬਾਤਾਂ ਨਾਲ ਸੀ ਜਿਹੜੇ ਜੋਗੀ ਜੋਗ ਕਮਾਉਂਦੇ,
ਪਾ ਕੇ ਭਰਮ ਭੁਲੇਖੇ ਐਂਵੇ ਦੁਨੀਆਂ ਸੀ ਭਰਮਾਉਂਦੇ,
ਅਸਲੀ ਜੋਗ ਕਮਾਵਣ ਦਾ ਉਨ੍ਹਾਂ ਨੂੰ ਦਿੱਤਾ ਵਿਚਾਰ ਤੁਸੀਂ।
ਧੰਨ ਧੰਨ…………………………………………।
ਸੱਜਣ ਬਣ ਕ ਠੱਗ ਕਮਾਉਂਦਾ ਸੀ ਜਿਹੜਾ ਨਿੱਤ ਠੱਗੀਆਂ,
ਕੀਤਾ ਭੇਤ ਉਜਾਗਰ ਸੀ ਜਦ ਅੱਖਾਂ ਰਹਿ ਗਈਆਂ ਟੱਢੀਆਂ,
ਬਦਲ ਦਿੱਤਾ ਸੀ ਜੀਵਨ ਉਸ ਦਾ ਮੁੱਖ ਤੋਂ ਸ਼ਬਦ ਉਚਾਰ ਤੁਸੀਂ।
ਧੰਨ ਧੰਨ…………………………………………..।
ਭੂਮੀਏ ਵਰਗੇ ਚੋਰਾਂ ਦੀ ਸੀ ਭੂਮਿਕਾ ਤੁਸੀਂ ਪਹਿਚਾਣੀ,
ਤਿੰਨੇ ਬਚਨ ਕਮਾ ਕੇ ਬਣ ਗਿਆ ਸੀ ਉਹ ਨੇਕ ਪ੍ਰਾਣੀ,
ਸੱਚੇ ਮਾਰਗ ਪਾ ਕੇ ਉਸ ਨੂੰ ਦਿੱਤਾ ਜਨਮ ਸੰਵਾਰ ਤੁਸੀਂ।
ਧੰਨ ਧੰਨ…………………………………….।
ਹਾਊਮੈਂ ਦਾ ਸ਼ਿਕਾਰ ਹੋ ਗਿਆ ਜਦ ਸੀ ਵਲੀ ਕੰਧਾਰੀ,
ਟੁੱਟਿਆ ਜਦੋਂ ਹੰਕਾਰ ਗਈ ਝੱਟ ਜਿੱਤੀ ਬਾਜ਼ੀ ਹਾਰੀ,
ਪੰਜਾ ਲਾ ਕੇ ਥੰਮ ਦਿੱਤੀ ਸੀ ਪੱਥਰ ਦੀ ਰਫ਼ਤਾਰ ਤੁਸੀਂ।
ਧੰਨ ਧੰਨ……………………………………।
ਰੁੱਖੀ ਮਿੱਸੀ ਖਾ ਲਾਲੋ ਦੀ ਉਸ ਦਾ ਮਾਣ ਵਧਾਇਆ,
ਭਾਗੋ ਦੇ ਭੋਜਨ ਦਾ ਭੋਰਾ ਮੂੰਹ ਦੇ ਵਿਚ ਨਾ ਪਾਇਆ,
ਰਿੰਨਿਆਂ ਰੱਤ ਗ਼ਰੀਬਾਂ ਦੀ ਨਾਲ ਕੀਤਾ ਨਾ ਸਵੀਕਾਰ ਤੁਸੀਂ।
ਧੰਨ ਧੰਨ………………………………………..।
ਨੇਕ ਕਮਾਈ ਕਰਨ ਲਗਾ ਤੇ ਖ਼ੋਟੇ ਧੰਦਿਆਂ ਵਾਲੇ,
ਬੰਦੇ ਬਣਕੇ ਕਰਨ ਲੱਗੇ ਕਈ ਕੰਮ ਸੀ ਬੰਦਿਆਂ ਵਾਲੇ,
ਜਾ ਕੇ ਦੇਸ਼ ਵਿਦੇਸ਼ ਕੀਤਾ ਸੀ ਐਸਾ ਪ੍ਰਚਾਰ ਤੁਸੀਂ।
ਧੰਨ ਧੰਨ………………………………………।
ਦੱਸਿਆ ਸਗਲ ਸ੍ਰਿਸ਼ਟੀ ਦਾ ਹੈ ਇੱਕ ਹੀ ਸਿਰਜਣਹਾਰਾ,
ਉਸ ਦੀ ਬਖ਼ਸ਼ਿਸ ਬਿੰਨ ਨਾ ਹੋਵੈ ਕਿਸੇ ਦਾ ਪਾਰ ਉਤਾਰਾ,
ਪੱਤੇ ਪੱਤੇ ਵਿਚ ਸਮਝਇਆ ਉਸ ਦਾ ਹੀ ਪਸਾਰ ਤੁਸੀਂ।
ਧੰਨ ਧੰਨ……………………………………।
ਕਰਕੇ ਕਿਰਤ ਤੇ ਵੰਡ ਛੱਕਣ ਦਾ ਦਿੱਤਾ ਸੀ ਉਪਦੇਸ਼ ਤੁਸੀਂ,
ਨਿਰੰਕਾਰ ਦਾ ਨਾਮ ਜੱਪਣ ਲਈ ਆਖਿਆ ਸੀ ਹਮੇਸ਼ ਤੁਸੀਂ,
‘ਬੱਗਾ’ ਕਹਿੰਦਾ ਜਾਤ ਪਾਤ ਦਾ ਦਿੱਤਾ ਮੇਟ ਖਿਲਾਰ ਤੁਸੀਂ।
ਧੰਨ ਧੰਨ…………………………………………।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ: 8 ਰਿਸ਼ੀ ਨਗਰ
ਐਕਸਟੈਨਸ਼ਨ (ਲੁਧਿਆਣਾ) ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly