(ਸਮਾਜ ਵੀਕਲੀ)
ਕਾਬਜ਼ ਹੋ ਕੇ ਟਿੱਕੇ ਰਹਿਣ ਨੂੰ ਤਾਨਾਸ਼ਾਹੀ ਕਹਿੰਦੇ ਨੇ ।
ਅੱਖਾਂ ਸਾਹਵੇਂ ਦੇਖ ਕੇ ਚੁੱਪ ਨੂੰ ਬੇਹਯਾਈ ਕਹਿੰਦੇ ਨੇ ।
ਲੋਕਰਾਜ ਦੇ ਨੇਤਾ ਕਹਿੰਦੇ, ਡਰ ਲੱਗਦੈ ਹੈ ਲੋਕਾਂ ਤੋਂ,
ਝੂਠੇ ਭਾਸ਼ਨ ਨੂੰ ਵੀ ਟੀ.ਵੀ, ਲੋਕ ਭਲਾਈ ਕਹਿੰਦੇ ਨੇ।
ਬਾਪੂ ਦਿੱਲੀ, ਪੁੱਤਰ ਮਰਦਾ, ਚੀਨ ਪਾਕਿ ਦੇ ਬਾਰਡਰ ਤੇ,
ਕੌਮਪ੍ਰਸਤੀ ਵਾਲੀ ਕਿਹੜੀ ਹੋਰ ? ਲੜਾਈ ਕਹਿੰਦੇ ਨੇ।
ਗਾਂਧੀਵਾਦੀ ਰੋਸ ਕਰੇਂਦੇ, ਜੀਪਾਂ ਹੇਠ ਲਤਾੜ ਸੁੱਟੇ,
ਹਿੰਸਾਵਾਦੀ ਹਾਕਮ ਇਹਨੂੰ ਅਮਨ-ਬਣਾਈ ਕਹਿੰਦੇ ਨੇ।
ਪੌਣੀ ਸਦੀ ਤੋਂ ਵਾਹਗਾ ਬੈਠਾ, ਸਭ ਕੁੱਝ ਵੇਖੀ ਜਾਂਦਾ ਏ,
ਕੁਰਸੀ ਬਦਲੇ ਹਮਲਾ, ਖੇਪਾਂ, .ਖਬਰ ਹੈ ਆਈ ਕਹਿੰਦੇ ਨੇ।
ਚੋਣਾਂ ਨੇੜੇ ਹੋਣ ਤਾਂ ਜਾਤੀ, ਧਰਮਾਂ ਨੂੰ ਲਿਸ਼ਕਾ ਲੈਂਦੇ ,
ਫਿਰਕੇ ਵਾਲੀ ਗਿਣਤੀ ਨੂੰ, ਹੀ ਵੋਟ ਸੁਧਾਈ ਕਹਿੰਦੇ ਨੇ।
ਮਾਫ਼ੀ ਮੰਗੀ ਜੀਹਨੇ, ਲੋਕੀਂ ਸਿਰ ਤੇ ਚੁੱਕ ਲੈਂਦੇ,
ਨਹੀਂ ਤਾਂ ਸਰੀਏ ਵਰਗੀ ਧੌਣ ਅਕੜਾਈ ਕਹਿੰਦੇ ਨੇ।
ਚੋਗੇ ਖਾਤਰ ਪਿੰਜਰੇ ਅੰਦਰ ਤੋਤੇ ਪੈ ਗਏ ਜੋ,
ਮਿੱਠੂ ਬਿਨ ਕੁੱਝ ਬੋਲੇ, ਲੋਕ ਸ਼ੁਦਾਈ ਕਹਿੰਦੇ ਨੇ ।
ਸਾਈਕਲ ਛੱਡਕੇ ਗੱਡੀਆਂ, ਚੁੱਲੇ ਢਾਹਕੇ ਗੈਸ ਲਈ,
ਗੰਜੇ ਸਿਰ ਤੇ ਮੋਦੀ-ਗੜ੍ਹਿਆਂ ਨੂੰ, ਮਹਿੰਗਾਈ ਕਹਿੰਦੇ ਨੇ।
ਹੁਕਮ ਰੱਬ ਦਾ ‘ਰੱਤੜਾ’ ਅਜਬ ਹੀ ਵਰਤੀ ਜਾਂਦਾ ਹੈ,
ਬੇਪਰਦੇ ਨੂੰ ਘਟੀਆ ਲੋਕੀਂ ਘੁੰਡ-ਚੁਕਾਈ ਕਹਿੰਦੇ ਨੇ।
– ਕੇਵਲ ਸਿੰਘ ਰੱਤੜਾ
+91 82838 30599