ਲੇਖ- ਮਾਂ-ਬੋਲੀ ਤੋਂ ਬੇ-ਮੁੱਖ ਸਾਹਤਿਕ ਸਭਾਵਾਂ ਅਤੇ ਸੰਸਥਾਵਾਂ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਧਰਤੀ ਉੱਤੇੇ ਮਨੁੱਖੀ ਆਬਾਦੀ ਵੱਖ-ਵੱਖ ਖਿੱਤਿਆਂ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਆਬਾਦ ਹੈ। ਵੱਖੋ-ਵੱਖਰਾ ਆਪਣਾ ਆਪਣਾ ਕੁਦਰਤੀ ਤੌਰ ਤੇ ਨਸਲੀ ਸੱਭਿਆਚਾਰ ਆਪਣੀ ਮੋਹ ਦੀ ਬੁੱਕਲ਼ ਵਿੱਚ ਸੰਭਾਲ਼ੀ ਬੈਠੀ ਹੈ। ਜਿੱਥੇ ਸਰੀਰਕ ਨੈਣ-ਨਕਸ਼, ਸਰੀਰਕ ਬਣਾਵਟ, ਪਹਿਰਾਵਾ, ਸੱਭਿਆਚਾਰ ਉਸ ਖਿੱਤੇ ਦੀ ਨੈਤਿਕ ਅਮੀਰੀ ਦਾ ਦਰਪਣ ਹੈ, ਉੱਥੇ ਮਾਂ-ਬੋਲੀ ਹਰ ਨਸਲ, ਹਰ ਕੌਮ, ਹਰ ਖਿੱਤੇ ਦੀ ਅਮੀਰ ਵੀ ਵਿਰਾਸਤ ਹੈ। ਮਾਂ-ਬੋਲੀ ਦੀ ਲਿੱਪੀ ਕੌਮਾਂ ਦੀ ਜੁਬਾਨ ਦੀ ਅਮੀਰੀ, ਲੋਕ-ਵਿਰਾਸਤ ਦੀ ਜਿੰਦ-ਜਾਨ ਹੈ, ਰੂਹ ਹੈ। ਮਾਂ-ਬੋਲੀ ਦਾ ਦਿਲੀ ਪਿਆਰ ਹੀ ਉਸ ਦੀ ਆਪਣੀ ਲਿੱਪੀ ਹੈ। ਹਰ ਕੌਮ ਦੀ, ਹਰ ਖਿੱਤੇ ਦੇ ਲੋਕਾਂ ਦੀ ਜੁਬਾਨ ਤੇ ਮਾਂ-ਬੋਲੀ ਦੇ ਠੇਠ ਸ਼ਬਦ ਤੇ ਸ਼ਬਦ ਉਚਾਰਣ ਦਾ ਅੰਦਾਜ਼ ਦਿਲਾਂ ਨੂੰ ਮੋਹ ਲੈਂਦਾ ਹੈ।

ਇਹ ਉਸਦੀ ਆਪਣੀ ਲਿੱਪੀ ਸਦਕਾ ਹੀ ਸਂਭਵ ਹੈ।ਬਿਗ਼ਾਨੀ ਬੋਲੀ ਦੀ ਲਿੱਪੀ ਆਪਣੀ ਮਾਂ ਬੋਲੀ ਲਈ ਕਦੇ ਵੀ ਅਨੁਕੂਲ ਨਹੀਂ ਸੋ ਸਕਦੀ। ਮਾਂ-ਬੋਲੀ ਤੋਂ ਬਿਨਾਂ ਹਰ ਕੌਮ, ਹਰ ਨਸਲ, ਹਰ ਰਾਜ ਅਨਾਥ ਬੱਚੇ ਦੀ ਤਰ੍ਹਾਂ ਹੈ। ਜਿਸ ਦੀ ਪਹਿਚਾਣ ਸਿਫ਼ਰ ਦੇ ਤੁਲ ਹੈ, ਉਹ ਹਰ ਪਾਸਿਓ ਕਟਿਆ ਹੋਇਆ ਹੁੰਦਾ ਹੈ। ਮਨੁੱਖ ਤੋਂ ਮਾਂ-ਬੋਲੀ, ਲਿੱਪੀ ਖੋਹ ਕੇ ਦੂਸਰੀ ਲਿੱਪੀ, ਦੂਸਰੀ ਭਾਸ਼ਾ ਥੋਪ ਦੇਣਾ , ਇਵੇਂ ਹੈ ਜਿਵੇਂ ਮਾਂ ਦਾ ਦੁੱਧ ਚੁੰਘਦੇ ਗੋਦ ਵਿੱਚ ਪਏ ਅਨਭੋਲ਼ ਬਾਲ ਤੋਂ ਮਾਂ ਨੂੰ ਖੋਹ ਲੈਣਾ ਤੇ ਕਿਸੇ ਦੂਸਰੀ ਅਨੋਭੜ ਔਰਤ ਦੇ ਹਵਾਲੇ ਕਰ ਦੇਣਾ।

ਜੇ ਅਸੀਂ ਆਪਣੀ ਮਾਂ-ਬੋਲੀ , ਆਪਣੀ ਭਾਸ਼ਾ, ਆਪਣੀ ਲਿੱਪੀ ਦੀ ਗੱਲ ਕਰੀਏ ਤਾਂ ਅਸੀਂ ਆਪਣੀ ਵਿਰਾਸਤ ਦੀ ਅਮੀਰੀ ਦਾ ਨਿੱਘ ਵੀ ਮਾਣ ਸਕਾਂਗੇ। ਆਪਣੀ ਜ਼ੁਬਾਨ, ਆਪਣੇ ਸੱਭਿਆਚਾਰ, ਆਪਣੇ ਮਾਂ’- ਬੋਲੀ ਦੇ ਇਤਿਹਾਸ ਬਾਰੇ ਜਾਣ ਸਕਾਂਗੇ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੀ ਮਾਂ- ਬੋਲੀ ਦੀ ਗੁੜਤੀ ਦੇ ਕੇ ਆਪਣਾ ਬਣਦਾ ਫਰਜ਼ ਅਦਾ ਕਰ ਸਕਾਂਗੇ।

ਪੰਜਾਬੀ ਮਾਂ-ਬੋਲੀ ਹੀ ਵੱਖ-ਵੱਖ ਇਲਾਕਿਆਂ ਵਿੱਚ ਅਣਗਿਣਤ ਜੁਬਾਨੀ ਸ਼ਬਦ, ਅਖਾਣਾਂ, ਮੁਹਾਵਰਿਆਂ ਦੇ ਖਜ਼ਾਨੇ ਨੂੰ ਸੰਭਾਲ਼ੀ ਬੈਠੀ ਹੈ। ਪੰਜਾਬੀ ਬੋਲੀ ਨੂੰ ਪਹਿਲਾਂ ਸ਼ਾਹਮੁਖੀ ਲਿੱਪੀ ਵਿੱਚ ਲਿਖਤੀ ਰੂਪ ਦੇ ਕੇ ਇਸਦੇ ਸਾਹਤਿਕ ਖਜ਼ਾਨਿਆਂ ਨੂੰ ਸੰਭਾਲ਼ਿਆ ਜਾਂਦਾ ਰਿਹਾ । ਅੱਜ ਵੀ ਪੰਜਾਬ ਦੇ ਬਟਵਾਰੇ ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਸ਼ਾਹਮਖੀ ਲਿੱਪੀ ਵਿੱਚ ਹੀ ਪੜਿਆ-ਲਿਖਿਆ ਜਾ ਰਿਹਾ ਹੈ। ਪੰਜਾਬੀ ਸਾਹਿਤ ਦੀ ਹਰ ਵਿਧਾ ਰਚੀ ਜਾ ਰਹੀ ਹੈ। ਚੜੵਦੇ ਪੰਜਾਬ ਨੂੰ ਇਸ ਦੀ ਪੁਰਾਤਨ ਅਮੀਰੀ ਤੋਂ ਵਿਰਵਾ ਕਰ ਦਿੱਤਾ ਗਿਆ। ਸਾਡੀ ਅਜੋਕੀ ਪੀੜ੍ਹੀ ਪਂਜਾਬੀ ਮਾਂ-ਬੋਲੀ ਦੀ ਇਸ ਲਿੱਪੀ ਨੂਂ ਉਰਦੂ-ਫਾਰਸੀ ਦਾਂ ਅਰਬੀ ਦੀ ਤਰ੍ਹਾਂ ਸਮਝ ਰਹੀ ਹੈ।

ਬਾਬਾ ਸੇਖ਼ ਫ਼ਰੀਦ ਜੀ ਵਲੋਂ ਸਿਰਜੀ ਗਈ ਰੂਹਾਨੀਅਤ ਦੀ ਬਾਣੀ , ਕਿੱਸਾ ਕਾਵਿ ਅਤੇ ਸੁਫ਼ੀਆਂ, ਸੰਤਾਂ ਵਲੋਂ ਸਾਹਤਿਕ ਸਿਰਜਣਾ ਸਾਡੀ ਮਾਂ-ਬੋਲੀ ਦੀ ਪੁਸ਼ਤ-ਦਰ-ਪੁਸ਼ਤ ਅਮੀਰੀ ਹੈ। ਲਹਿੰਦੇ ਪੰਜਾਬ ਦੇ ਸੂਝਵਾਨ, ਵਿਦਵਾਨ, ਮਾਂ-ਬੋਲੀ ਦੇ ਸ਼ਾਇਰ, ਲੇਖਕ ਤੇ ਵਿਰਾਸਤ ਦੇ ਰਾਖੇ ਆਪਣੀ ਮਾਂ-ਬੋਲੀ ਦੇ ਝੰਡੇ ਬੁਲੰਦ ਰੱਖਣ ਲਈ ਤੇ ਇਸਦੀ ਸ਼ਾਨੋ-ਸ਼ੋਕਤ ਕਾਇਮ ਰੱਖਣ ਲਈ ਸੁਚੇਤ ਹਨ, ਚੇਤਨ ਹਨ। ਲਹਿੰਦੇ ਪੰਜਾਬ ਵਾਸੀ ਮਾਂ-ਬੋਲੀ ਲਈ ਸੰਘਰਸ਼ ਕਰਦੇ ਨਿੱਤ ਦਿਨ ਹਰ ਮੁਹਿੰਮ ਦੀ ਸਫ਼ਲਤਾ ਲਈ ਯਤਨਸ਼ੀਲ ਹਨ। ਉਹਨਾਂ ਦੇ ਇਹਨਾਂ ਜਾਗਰੂਕ ਵੱਧਦੇ ਕਦਮਾਂ ਨੂੰ ਮੈਂ ਆਪਣੇ ਵਲੋਂ ਸ਼ੁਭ-ਕਾਮਨਾਵਾਂ ਸਹਿਤ ਸਿੱਜਦਾ ਕਰਦਾ ਹਾਂ। ਸਲਾਮ ਕਰਦਾ ਹਾਂ।

ਅਫ਼ਸੋਸ ਤਾਂ ਇਹ ਹੈ ਕਿ ਚੜੵਦੇ ਪੰਜਾਬ ਦੇ ਪੰਜਾਬੀ ਪਿਆਰੇ, ਸੂਝਵਾਨ, ਵਿਦਵਾਨ, ਲੇਖਕ, ਪੱਤਰਕਾਰ, ਪਾਠਕ ਆਪਣੀ ਮਾਂ-ਬੋਲੀ ਦੇ ਮਾਣ-ਸਤਿਕਾਰ ਲਈ ਅਚੇਤਨਤਾ ਦੇ ਦੌਰ ਵਿੱਚ ਹਨ। ਪੰਜਾਬੀ ਮਾਂ-ਬੋਲੀ ਨੂੰ , ਪੰਜਾਬੀ ਲਿੱਪੀ ਨੂੰ ਨਿੱਤ ਦਿਨ ਵਿਸਾਰਿਆ ਜਾ ਰਿਹਾ ਹੈ। ਸਕੂਲਾਂ ਵਿੱਚ ਆ ਰਹੀਆਂ ਸਾਡੀਆਂ ਪਨੀਰੀਆਂ ਤੋਂ ਪੰਜਾਬੀ ਜੁਬਾਨ ਖੋਅ ਕੇ ਹਿੰਦੀ ਅਤੇ ਅੰਗਰੇਜ਼ੀ ਜੁਬਾਨ ਉਹਨਾਂ ਦੇ ਮੂੰਹਾਂ ਵਿੱਚ ਜਬਰੀਂ ਤੁੰਨੀ ਜਾ ਰਹੀ ਹੈ। ਬਿਗਾਨੀ ਲਿੱਪੀ ਠੋਸੀ ਜਾ ਰਹੀ ਹੈ। ਸਾਡੇ ਬੱਚਿਆਂ ਤੋਂ ਸਾਡਾ ਪੰਜਾਬੀ ਪਹਿਰਾਵਾ ਖੋਹਿਆ ਜਾ ਰਿਹਾ ਹੈ। ਸਾਡੇ ਹੀ ਘਰਾਂ ਅੰਦਰ ਸਾਡੇ ਹੀ ਪਰਿਵਾਰਕ ਮੈਂਬਰ ਨੰਨ੍ਹੇ ਬੱਚਿਆ ਨਾਲ ਹਿੰਦੀ ਜਾਂ ਇੰਗਲਿਸ਼ ਭਾਸ਼ਾ ਵਿੱਚ ਜਬਰੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੀ ਇਹ ਆਪਣੀ ਮਿੱਟੀ, ਆਪਣੀ ਮਾਂ-ਬੋਲੀ ਨਾਲ਼ ਗਦਾਰੀ ਨਹੀਂ ?

ਮਾਲ-ਵਿਭਾਗ ਦਾ ਸਾਰਾ ਹੀ ਰਿਕਾਰਡ ਉਰਦੂ ਭਾਸ਼ਾ ਵਿੱਚ ਲਿਖਿਆ ਜਾ ਰਿਹਾ ਹੈ। ਲਿੱਪੀ ਭਾਂਵੇ ਗੁਰਮੁਖੀ ਹੈ ਪਰ ਹੈ ਸਾਰੀ ਉਰਦੂ ਸ਼ਬਦਾਵਲੀ, ਕਿਉਂ ? ਜਦ ਲਿਖਤ ਗੁਰਮੁੱਖੀ ਲਿੱਪੀ ਵਿੱਚ ਹੋ ਸਕਦੀ ਹੈ ਤਾਂ ਸ਼ਬਦਾਵਲੀ ਪੰਜਾਬੀ ਬੋਲੀ ਦੀ ਕਿਉਂ ਨਹੀਂ ? ਇਹ ਪੰਜਾਬੀ ਲੋਕਾਂ ਨਾਲ਼ ਸ਼ਰੇਆਮ ਧੱਕੇਸ਼ਾਹੀ ਹੈ, ਸਿਰਫ ਉਹਨਾਂ ਨੂੰ ਸੁਜਾਖ਼ੇ ਹੁੰਦਿਆਂ ਵੀ ਅੰਨਾ ਬਣਾਈ ਰੱਖਣ ਦੀ ਇਕ ਕੋਝੀ ਚਾਲ ਹੈ, ਇਕ ਬੇ-ਹੂਦਾ ਸਾਜਿਸ਼ । ਪੰਜਾਬੀਆਂ ਦੀ ਆਰਥਿਕ ਲੁੱਟ ਕਰਨ ਲਈ ਮਾਲ ਵਿਭਾਗ ਅਤੇ ਸਰਕਾਰਾਂ ਦਾ ਇਕ ਹਥਿਆਰ ਹੈ ।

ਪੰਜਾਬ ਰਾਜ ਦੀਆਂ ਅਦਾਲਤਾਂ ਅੰਦਰ ਵੀ ਇੰਗਲਿਸ਼ ਲਿੱਪੀ ਅਤੇ ਇੰਗਲਿਸ਼ ਭਾਸ਼ਾ ਵਰਤੀ ਜਾ ਰਹੀ ਹੈ। ਜਦੋਂ ਕਿ ਮਾਣਯੋਗ ਸੁਪਰੀਮ ਕੋਰਟ ਦੇ ਆਡਰ ਹਨ ਕਿ ਖਿੱਤੇ ਦੀਆਂ ਅਦਾਲਤਾਂ ਵਿੱਚ ਖਿੱਤੇ ਦੀ ਭਾਸ਼ਾ ਵਿੱਚ ਹੀ ਲਿਖਤੀ ਰੂਪ ਵਿੱਚ ਹੋਵੇ। ਦਫ਼ਤਰੀ-ਕਾਰਵਾਈ ਪੰਜਾਬੀ ਭਾਸ਼ਾ ਵਿੱਚ ਹੋਵੇ, ਤਾਂ ਕਿਉਂ ਨਹੀਂ ਹੋ ਰਹੀ ? ਤਾਂ ਕਿ ਲੋਕਾਂ ਦੀ ਜੁਬਾਨ , ਲੋਕਾਂ ਦੀ ਭਾਸ਼ਾ ਦਾ ਰਾਸ਼ਟਰੀ ਕਰਨ ਕੀਤਾ ਜਾ ਸਕੇ। ਖਿੱਤਿਆਂ ਦੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਸਕੇ। ਲੋਕਾਂ ਨੂੰ ਵਿਦੇਸ਼ੀ ਭਾਸ਼ਾ ਵਰਤ ਕੇ ਕੇਸਾਂ ਅੰਦਰਲੀਆਂ ਬਰੀਕੀਆਂ ਤੋਂ ਬੇ-ਸਮਝ ਬਣਾ ਕੇ ਰੱਖਿਆ ਜਾ ਸਕੇ। ਉਹਨਾਂ ਨੂੰ ਆਰਥਿਕ ਤੋਰ ਤੇ ਲੁੱਟਿਆ-ਪੁੱਟਿਆ ਜਾ ਸਕੇ। ਜੋ ਹਰ ਕੌਮ, ਹਰ ਨਸਲ, ਹਰ ਰਾਜ ਅਤੇ ਹਰ ਦੇਸ਼ ਦੇ ਲੋਕਾਂ ਲਈ ਬਹੁਤ ਘਾਤਿਕ ਹੈ।

ਅਸੀਂ ਇਹਨਾਂ ਮੁੱਦਿਆਂ ਤੇ ਕਦੀ ਆਪਣੀ ਆਵਾਜ਼ ਹੀ ਨਹੀਂ ਉਠਾਉਂਦੇ। ਆਪਣੀ ਮਾਂ-ਬੋਲੀ, ਆਪਣੇ ਸੱਭਿਆਚਾਰ ਲਈ ਇੱਕ-ਮੱਤ ਹੋ ਕੇ ਇਕੱਠੇ ਹੋ ਆਪਣੀਆਂ ਚੁਣੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਮਜਬੂਰ ਹੀ ਨਹੀਂ ਕਰਦੇ ਕਿ ਉਹ ਮਾਂ-ਬੋਲੀ, ਭਾਸ਼ਾ, ਮਾਂ-ਬੋਲੀ ਦੀ ਲਿੱਪੀ ਲਈ ਕੋਈ ਕਾਨੂੰਨ ਬਣਾ ਕੇ ਉਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ।

ਲੇਖਕ ਵਰਗ ਅਤੇ ਪਾਠਕ ਆਮ ਨਾਗਰਿਕਾਂ ਨਾਲੋਂ ਹਮੇਸ਼ਾਂ ਸੁਚੇਤ ਹੁੰਦਾ ਹੈ। ਚਿੰਤਨਸ਼ੀਲ ਹੁੰਦਾ ਹੈ। ਹਰ ਲੇਖਕ, ਸਮੂਹ ਆਪਣੀ ਆਵਾਜ਼ ਲੋਕ ਸੰਚਾਰ ਸਾਧਨਾਂ ਰਾਹੀਂ , ਅਖਵਾਰਾਂ ਰਾਹੀਂ ਆਜ਼ਾਦ ਪੱਧਰ ਤੇ ਨਿੱਡਰ , ਬੇ-ਖੌਫ਼ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ। ਲੇਖਕ, ਪਾਠਕ ਹੀ ਮਾਂ-ਬੋਲੀ ਦੇ ਲਾਡਲੇ ਸਪੁੱਤਰ ਹਨ। ਲੇਖਕਾਂ ਨੇ ਸਾਹਤਿਕ ਸਭਾਵਾਂ ਸਾਹਤਿਕ ਸੰਸਥਾਵਾਂ ਨੂੰ ਹੋਂਦ ਵਿੱਚ ਲਿਆਂਦਾ ਹੈ। ਮਾਸਿਕ ਇਕੱਤਰਤਾਵਾਂ ਹਰ ਮਹੀਨੇ ਹਰ ਸਭਾਵਾਂ ਦੇ ਲਿਖਾਰੀਆਂ ਦੀਆਂ ਹੁੰਦੀਆਂ ਹਨ। ਪਰ ਅਫ਼ਸੋਸ, ਅਸੀਂ ਕੁੱਝ ਨਹੀਂ ਕਰ ਸਕੇ ਤੇ ਨਾ ਹੀ ਕਰਨ ਲਈ ਯਤਨਸ਼ੀਲ ਹਾਂ। ਸਿਰਫ਼ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਸੁਰਖਰੂ ਹੋਏ ਸਮਝਦੇ ਹਾਂ।ਆਪੋ ਆਪਣੀਆਂ ਕਵਿਤਾਵਾਂ ਤੇ ਮਿਲ-ਜੁਲ ਕੇ ਤਾੜੀਆਂ ਮਾਰ-ਮਰਵਾ ਕੇ ਮੂਰਖਾਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦੇ ਹਾਂ। ਸੰਸਥਾਵਾਂ ਵਿੱਚ ਜਿੰਨੇ ਵੱਡੇ ਅਹੁਦੇ, ਉਨ੍ਹੇ ਵੱਡੇ ਹੀ ਆਪਣੇ ਆਪ ਨੂੰ ਮੂਰਖ ਸਾਬਿਤ ਕਰ ਰਹੇ ਹਾਂ।

ਕੀ ਸਾਹਿਤਕ ਜਥੇਬੰਦੀਆਂ,ਸੰਸਥਾਵਾਂ ਅੰਦਰ ਮੇਜ਼ਬਾਨੀਆਂ, ਪ੍ਧਾਨਗੀ ਮੰਡਲ ਵਿੱਚ ਮੁੱਖ ਮਹਿਮਾਨੀ ਦੀਆਂ ਸਿਰਫ਼ ਇੰਨੀਆਂ ਕੁ ਹੀ ਜ਼ਿੰਮੇਵਾਰੀਆਂ ਬਣਦੀਆਂ ਹਨ । ਕੀ ਇਨਾਮਾਂ -ਸਨਮਾਨਾਂ ਦੀ ਦੌੜ ਵਿੱਚ ਅਸੀਂ ਸਰਕਾਰੀ ਮਸ਼ੀਨਰੀ ਦੇ ਜੁਗਾੜੀ ਪੁਰਜੇ ਬਣ ਕੇ ਰਹਿ ਗਏ ਹਾਂ। ਆਪਣੇ ਵਰਗਿਆਂ ਨੂੰ ਹੀ ਆਪਣੀਆਂ ਚਾਰ ਸਤਰਾਂ ਸੁਣ-ਸੁਣਾ ਕੇ ਲੋਈਆਂ-ਸ਼ਾਲ ਗਲਿਆਂ ‘ਚ ਪੁਆ ਕੇ ਅਸੀਂ ਆਪਣੀ ਧੌਣ ਅਕੜਾਈ ਫਿਰ ਰਹੇ ਹਾਂ। ਕੀ ਅਸੀਂ ਆਪਣੀ ਮਿੱਟੀ ਅਤੇ ਆਪਣੀ ਮਾਂ-ਬੋਲੀ ਦੇ ਕਰਜ਼ ਉਤਾਰ ਰਹੇ ਹਾਂ। ਸਮਾਂ ਅਸਾਂ ਨੂੰ ਬਹੁਤ ਪਿੱਛੇ ਛੱਡ ਰਿਹਾ ਹੈ। ਰਾਜਸੀ ਕੂਟਨੀਤਕ ਚਾਲਾਂ ਪੰਜਾਬੀਅਤ ਤੇ ਪੰਜਾਬ ਨੂੰ ਮਲੀਆਮੇਟ ਕਰਨ ਤੇ ਤੁਲੀਆਂ ਹੋਈਆਂ ਹਨ।

ਆਉ ਫਿਰ ਮਾਂ-ਬੋਲੀ ਪੰਜਾਬੀ, ਪੰਜਾਬੀ ਲਿੱਪੀ, ਪੰਜਾਬੀ ਸੱਭਿਆਚਾਰ, ਪੰਜਾਬ, ਪੰਜਾਬੀਅਤ ਲਈ ਇਕਮੁੱਠ ਹੋ ਕੇ ਇਕ ਰਾਹ ਤੇ ਸੁਚੇਤ ਹੋ ਕੇ ਤੁਰੀਏ ਜੋ ਰਾਹ ਮੇਰੇ ਪੰਜਾਬ ਦੇ ਪੰਜੇ ਦਰਿਆਵਾਂ ਦੀ ਜੁਬਾਨ ਬੋਲੇ, ਪੰਜੇ ਦਰਿਆਵਾਂ ਦੇ ਵੇਗ਼ ਦੀ ਤੋਰ ਸਾਡੇ ਸੁਭਾਅ ਦਾ ਹਿੱਸਾ ਬਣੇ। ਪੰਜੇ ਦਰਿਆਵਾਂ ਦੀ ਸਰ-ਜ਼ਮੀਨ ਦੀ ਰਾਖ਼ੀ ਲਈ ਮਸ਼ਾਲ ਬਣੇ। ਇਕ ਝਾਤ ਆਪਣੀਆਂ ਲੇਖਣੀਆਂ , ਆਪਣੀ ਕਲਮਾਂ , ਆਪਣੀਆਂ ਜ਼ਮੀਰਾਂ ਤੇ ਆਪਣੀਆਂ ਸੋਚਾਂ ਵੱਲ ਮਾਰੀਏ। ਆਓ ਹੌਸਲ਼ੇ ਨਾਲ਼ ਇਸ ਦੀ ਬੇਹਤਰੀ ਲਈ ਹੰਭਲ਼ਾ ਮਾਰੀਏ।

ਬਲਜਿੰਦਰ ਸਿੰਘ ” ਬਾਲੀ ਰੇਤਗੜੵ “

9465129168
7087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਵਾਲੀ ਨੂੰ ਪਟਾਕੇ ਨਹੀਂ ਪੌਦੇ ਲਗਾਓ
Next articleਤਾਨਾਸ਼ਾਹੀ