(ਸਮਾਜ ਵੀਕਲੀ)
ਗ਼ਰੀਬ ਘਰ ਵਿੱਚ ਪੈਦਾ ਹੋਇਆ ਰਾਜਬੀਰ ਦਿਮਾਗੋ ਤੇਜ਼-ਤਰਾਰ ਸੀ। ਜਿਵੇਂ ਕਿਵੇਂ ਘਰਦਿਆਂ ਨੇ ਦਸ ਜਮਾਤਾਂ ਕਰਵਾ ਦਿੱਤੀਆਂ। ਉਹ ਅੱਗੋਂ ਹੋਰ ਪੜ੍ਹਨਾ ਚਾਹੁੰਦਾ ਸੀ, ਪਰ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ, ਜੇ ਖੁਦ ਵਿੱਚ ਹਿੰਮਤ ਹੈ ਤਾਂ ਪੜ੍ਹ ਲਏ। ਮਾਪਿਆਂ ਤੋਂ ਸਾਥ ਨਹੀਂ ਮਿਲਿਆ, ਤਾਂ ਆਪਣਾ ਪਿੰਡ ਛੱਡ ਉਹ ਅਮ੍ਰਿਤਸਰ ਸ਼ਹਿਰ ਕਿਸੇ ਗੈ਼ਰਜ਼ ਵਿੱਚ ਕੰਮ ਕਰਨ ਲੱਗ ਗਿਆ। ਜਦੋਂ ਚਾਰ ਪੈਸੇ ਜੁੜ ਗਏ ਤਾਂ ਉਸ ਨੇ ਪ੍ਰਾਈਵੇਟ ਦਾਖਲਾ ਭਰ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ। ਇਸ ਤਰ੍ਹਾਂ ਉਸ ਦੀ ਗ੍ਰੈਜੂ਼ਏਸ਼ਨ ਪੂਰੀ ਹੋ ਗਈ।
ਜਿਸ ਗੈ਼ਰਜ਼ ਵਿੱਚ ਰਾਜਬੀਰ ਕੰਮ ਕਰਦਾ ਸੀ, ਉੱਥੋਂ ਪ੍ਰੀਤ ਹਰ-ਰੋਜ ਲੰਘਦੀ। ਉਹ ਏਨਮ ਦੀ ਪੜ੍ਹਾਈ ਕਰਦੀ ਸੀ। ਕੋਰਸ ਤੋਂ ਮਗਰੋਂ ਉਹ ਲਾਗੇ ਪੈਂਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਨ ਲੱਗ ਪਈ। ਬੇਹੱਦ ਖੂਬਸੂਰਤ ਪ੍ਰੀਤ ਰਾਜਬੀਰ ਨੂੰ ਬਹੁਤ ਚੰਗੀ ਲੱਗਦੀ ਸੀ। ਇੱਕ ਦਿਨ ਮੌਕਾ ਪਾ ਕੇ ਉਸ ਨੇ ਆਪਣੇ ਦਿਲ ਦੀ ਗੱਲ ਪ੍ਰੀਤ ਨੂੰ ਦੱਸ ਦਿੱਤੀ। ਦੋਨਾਂ ਵਿੱਚ ਨਜ਼ਦੀਕੀਆਂ ਵੱਧਣ ਲੱਗ ਪਈਆਂ। ਰਾਜਬੀਰ ਦੇ ਘਰੇਲੂ ਹਾਲ਼ਾਤ ਬਹੁਤ ਮਾੜੇ ਸਨ। ਘਰ ਦੀਆਂ ਛੱਤਾਂ ਆਈ ਬਰਸਾਤ ਹੀ ਚੋਣ ਲੱਗ ਜਾਂਦੀਆਂ ਸਨ । ਸ਼ਹਿਰ ਕੰਮ ਕਰਕੇ ਵੀ ਉਹ ਬਹੁਤ ਘੱਟ ਬਚਾ ਪਾਉਂਦਾ ਸੀ। ਪ੍ਰੀਤ ਦੇ ਪਿਓ ਨੂੰ ਰਿਸ਼ਤਾ ਮਨਜੂਰ ਨਹੀਂ ਸੀ, ਪਰ ਰਾਜਬੀਰ ਅਤੇ ਪ੍ਰੀਤ ਅੜ ਗਏ। ਆਖਿਰ ਜਦੋਂ ਗੈ਼ਰਜ਼ ਦੇ ਮਾਲਕ ਨੇ ਗਰੰਟੀ ਲਈ ਤਾਂ ਉਹਨਾਂ ਦੀ ਲਵ-ਮੈਰਿਜ ਸਿਰੇ ਚੜ੍ਹ ਗਈ। ਦੋਨੋਂ ਬਹੁਤ ਖੁਸ਼ ਸਨ।
ਹੁਣ ਖਰਚ ਵੱਧ ਗਏ। ਉੱਧਰ ਪ੍ਰੀਤ ਦੀ ਆਪਣੇ ਸ਼ਰੀਕਾਂ ਨਾਲ ਸਹਿਮਤੀ ਨਾ ਹੋਈ। ਪ੍ਰੀਤ ਦੇ ਪਾਪਾ ਬਹੁਤ ਸਮਝਦਾਰ ਸਨ। ਉਨ੍ਹਾਂ ਨੇ ਰਾਜਬੀਰ ਨੂੰ ਆਪਣੇ ਘਰ ਦੇ ਲਾਗੇ ਹੀ ਮਕਾਨ ਕਿਰਾਏ ‘ਤੇ ਲੈ ਦਿੱਤਾ। ਰਾਜਬੀਰ ਆਪਣੇ ਮਾਂ ਬਾਪ ਨੂੰ ਲੈ ਕੇ ਸ਼ਹਿਰ ਆ ਗਿਆ। ਹੁਣ ਗ੍ਰੈਜੂਏਟ ਰਾਜਬੀਰ ਨੂੰ ਇੱਕ ਚੰਗੀ ਪ੍ਰਾਈਵੇਟ ਨੌਕਰੀ ਦੀ ਆੱਫਰ ਆ ਗਈ। ਉਸ ਦੇ ਦਿਨ ਫਿਰਨੇ ਸ਼ੁਰੂ ਹੋ ਗਏ। ਪ੍ਰੀਤ ਦੇ ਸਹੁਰੇ ਪੁਰਾਣੇ ਖਿਆਲਾਂ ਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਪ੍ਰੀਤ ਪ੍ਰਾਈਵੇਟ ਨੌਕਰੀ ਕਰੇ, ਕਿਉਂਕਿ ਹੁਣ ਰਾਜਬੀਰ ਚੰਗੇ ਪੈਸੇ ਬਣਾ ਲੈਂਦਾ ਸੀ। ਘਰ ਵਿੱਚ ਝਗੜੇ ਸ਼ੁਰੂ ਹੋ ਗਏ । ਪ੍ਰੀਤ ਅਤੇ ਰਾਜਬੀਰ ਦੇ ਪਾਪਾ ਦੀ ਵੀ ਅਚਨਚੇਤੀ ਮੌਤ ਹੋ ਗਈ। ਰਾਜਬੀਰ ਘਰ ਮੁੰਡੇ ਦੀ ਚਾਹਤ ਵਿੱਚ ਉੱਤੋਂ-ਥੱਲੀ ਤਿੰਨ ਕੁੜੀਆਂ ਦਾ ਜਨਮ ਹੋ ਗਿਆ। ਪ੍ਰੀਤ ਦੀ ਸੱਸ ਮਿਹਣੇ ਮਾਰਨ ਲੱਗੀ। ਰਾਜਬੀਰ ਨੂੰ ਵੀ ਪ੍ਰੀਤ ਤੋਂ ਚਿੜ ਹੋਣ ਲੱਗੀ। ਗੱਲ-ਗੱਲ ‘ਤੇ ਪ੍ਰੀਤ ਨੂੰ ਗਾਲ੍ਹ ਮੰਦਾ ਬੋਲਿਆ ਜਾਂਦਾ। ਉਸ ਦੀ ਤਾਂ ਜਿਵੇਂ ਮੱਤ ਹੀ ਮਾਰੀ ਗਈ। ਪ੍ਰੀਤ ਨੂੰ ਅਹਿਸਾਸ ਹੋਇਆ ਜਿਵੇਂ ਲਵ-ਮੈਰਿਜ ਕਰਕੇ ਉਸ ਨੇ ਕੋਈ ਗੁਨਾਹ ਕਰ ਲਿਆ ਹੋਵੇ, ਪਰ ਮਜ਼ਬੂਰ ਪ੍ਰੀਤ ਦੋ ਅਬਾਰਸ਼ਨ ਕਰਵਾਉਣ ਤੋਂ ਬਾਅਦ ਵੀ ਆਸ ਵਿੱਚ ਸੀ।
ਰਾਜਬੀਰ ਨੇ ਪੀ. ਸੀ. ਐੱਸ. ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੂੰ ਦੋ ਖੁਸ਼ੀਆਂ ਇੱਕਠੀਆਂ ਮਿਲੀਆਂ। ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ਅਤੇ ਉਸ ਨੇ ਚੰਗੇ ਰੈਂਕ ਨਾਲ ਟੈਸਟ ਵੀ ਪਾਸ ਕੀਤਾ ਅਤੇ ਤਹਿਸੀਲਦਾਰ ਲੱਗ ਗਿਆ। ਉਸ ਦਾ ਸਮਾਜਿਕ ਰੁਤਬਾ ਵੱਧ ਗਿਆ। ਥੋੜ੍ਹੀ ਬਹੁਤ ਵਾਧੂ ਕਮਾਈ ਵੀ ਕਰਨ ਲੱਗ ਪਿਆ। ਹੁਣ ਉਸ ਨੇ ਚੰਗੀ ਕੋਠੀ ਪਾ ਲਈ। ਬੱਚੇ ਵੀ ਸ਼ਹਿਰ ਦੇ ਵਧੀਆ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਾਏ।
ਰੁਤਬੇ ਦੇ ਨਾਲ ਨਾਲ ਉਸ ਦਾ ਦਿਮਾਗ ਵੀ ਖ਼ਰਾਬ ਹੋ ਗਿਆ। ਪ੍ਰੀਤ ਉਸ ਨੂੰ ਹੁਣ ਇੱਕਦਮ ਜਾਹਿਲ ਪ੍ਰਤੀਤ ਹੁੰਦੀ। ਬੱਚਿਆਂ ਅਤੇ ਸੱਸ ਨੇ ਉਸ ਦੀ ਮੱਤ ਪੂਰੀ ਤਰ੍ਹਾਂ ਮਾਰ ਦਿੱਤੀ। ਇੱਕ ਦਿਨ ਪ੍ਰੀਤ ਦੀ ਮਾਂ ਅਤੇ ਇਕਲੌਤੇ ਭਰਾ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਉਸ ਦੇ ਪੇਕੇ ਲਗਭਗ ਮੁੱਕ ਹੀ ਗਏ। ਦੁੱਖਾਂ ਨੇ ਉਸ ਦੀ ਖੂਬਸੂਰਤੀ ਖਤਮ ਕਰ ਦਿੱਤੀ। ਰਾਜਬੀਰ ਵਾਸਤੇ ਉਹ ਹੁਣ ਇੱਕ ਸਟੇਟਸ ਪਤਨੀ ਤੋਂ ਵੱਧ ਕੁੱਝ ਨਹੀਂ ਸੀ।
ਰਾਜਬੀਰ ਨੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਵਿੱਚ ਰੱਖਿਆ ਸੀ। ਉਸ ਦੇ ਘਰ ਆਉਂਦੇ ਹੀ ਚੁੱਪ ਪਸਰ ਜਾਂਦੀ। ਪ੍ਰੀਤ ਦਾ ਤਾਂ ਕਿਸੇ ਕੋਣ ਤੋਂ ਵੀ ਅਫਸਰ ਦੀ ਪਤਨੀ ਵਾਲਾ ਪ੍ਰਭਾਵ ਨਹੀਂ ਪੈਂਦਾ ਸੀ। ਰਾਜਬੀਰ ਕਿਸੇ ਨਾ ਕਿਸੇ ਬਹਾਨੇ ਉਹਦੀ ਕੁੱਤੇਖਾਣੀ ਕਰਦਾ ਹੀ ਰਹਿੰਦਾ। ਪ੍ਰੀਤ ਇੱਕ ਜਿੰਦਾ ਲਾਸ਼ ਤੋਂ ਵੱਧ ਕੁਝ ਨਹੀਂ ਸੀ। ਬਸ ਸਾਰਾ ਦਿਨ ਬੱਚਿਆਂ ਲਈ, ਘਰਦਿਆਂ ਲਈ ਜਾਂ ਆਏ ਗਏ ਲਈ ਲੱਗੀ ਰਹਿੰਦੀ।
ਰਾਜਬੀਰ ਦੀਆਂ ਤਿੰਨੇ ਕੁੜੀਆਂ ਹੀ ਉਚੇਰੀ ਪੜ੍ਹਾਈ ਲਈ ਯੂਨੀਵਰਸਿਟੀ ਪੜ੍ਹਨ ਲੱਗ ਪਈਆਂ। ਮੁੰਡਾ ਅਜੇ ਸਕੂਲ ਹੀ ਪੜ੍ਹਦਾ ਸੀ। ਸਕੂਲ ਤੱਕ ਦੀ ਪੜ੍ਹਾਈ ਤੱਕ ਰਾਜਬੀਰ ਨੂੰ ਕੁੜੀਆਂ ਦੀ ਪਰਵਾਹ ਨਹੀਂ ਸੀ, ਕਿਉਂਕਿ ਸਕੂਲ ਵੈਨ ਲੱਗੀ ਹੋਈ ਸੀ। ਮਾੜੀ ਸੋਚ ਅਤੇ ਆਪਣੀ ਕਰਵਾਈ ਲਵ-ਮੈਰਿਜ ਦਾ ਖਿਆਲ ਕਰਕੇ ਉਹ ਆਪਣੀਆਂ ਕੁੜੀਆਂ ‘ਤੇ ਭਰੋਸਾ ਨਹੀਂ ਕਰ ਸਕਿਆ। ਉਹ ਆਪ ਹੀ ਆਪਣੀ ਗੱਡੀ ਵਿੱਚ ਕੁੜੀਆਂ ਨੂੰ ਛੱਡਣ ਵੀ ਜਾਂਦਾ ਅਤੇ ਵਾਪਸ ਵੀ ਲੈ ਕੇ ਆਉਂਦਾ। ਕੁੜੀਆਂ ਨੇ ਬਹੁਤ ਵਾਰੀ ਮੋਪਡ ਲੈ ਕੇ ਦੇਣ ਨੂੰ ਵੀ ਕਿਹਾ। ਕਈ ਵਾਰ ਉਨ੍ਹਾਂ ਆਪਣੀ ਮਾਂ ਨੂੰ ਵੀ ਕਿਹਾ ਕਿ ਉਹ ਪਾਪਾ ਨੂੰ ਸਮਝਾਉਣ। ਪ੍ਰੀਤ ਨੇ ਜਦੋਂ ਵੀ ਇਸ ਬਾਰੇ ਗੱਲ ਕੀਤੀ ਤਾਂ ਰਾਜਬੀਰ ਇਹ ਕਹਿ ਕੇ ਉਸਦਾ ਮੂੰਹ ਬੰਦ ਕਰਵਾ ਦਿੰਦਾ ਕਿ ਉਹ ਆਪਣੀਆਂ ਧੀਆਂ ਨੂੰ ਉਸ ਵਰਗਾ ਬਦਚਲਣ ਨਹੀਂ ਬਣਨ ਦੇਵੇਗਾ, ਬਲਕਿ ਉਨ੍ਹਾਂ ਦੀ ਰੱਖਿਆ ਆਪ ਕਰੇਗਾ ਅਤੇ ਉੱਚ ਰੁਤਬੇ ਦੇ ਮੁੰਡੇ ਲੱਭ ਕੇ ਉਨ੍ਹਾਂ ਦੀ ਸ਼ਾਦੀ ਆਪਣੀ ਮਰਜ਼ੀ ਨਾਲ ਕਰਵਾਏਗਾ।
ਹੁਣ ਪ੍ਰੀਤ ਨੂੰ ਆਪਣੇ ਪਾਪਾ ਦੀ ਯਾਦ ਆਈ ਅਤੇ ਕਮੀ ਮਹਿਸੂਸ ਵੀ ਹੋਈ। ਉਸ ਦੇ ਪਿਤਾ ਨੇ ਤਾਂ ਆਪਣੀ ਧੀ ਦੀ ਪਸੰਦ ਨੂੰ ਹੀ ਪਸੰਦ ਮੰਨ ਲਿਆ ਸੀ, ਭਾਵੇਂ ਉਹ ਇੱਕ ਆਮ ਜਿਹਾ ਸਧਾਰਨ ਵਿਅਕਤੀ ਸੀ ਕੋਈ ਗਜ਼ਟਿਡ ਅਫਸਰ ਨਹੀਂ ਸੀ। ਉਸ ਨੂੰ ਆਪਣੀ ਧੀ ਤੇ ਪੂਰਾ ਭਰੋਸਾ ਸੀ। ਪ੍ਰੀਤ ਨੂੰ ਅਹਿਸਾਸ ਹੋਇਆ ਕਿ ਉਸ ਨੇ ਲਵ-ਮੈਰਿਜ ਕਰਵਾ ਕੇ ਜਿਵੇਂ ਆਪਣੀਆਂ ਧੀਆਂ ਦੇ ਪੈਰਾਂ ਹੇਠ ਕੰਡੇ ਵਿਛਾ ਦਿੱਤੇ ਹਨ। ਲਵ-ਮੈਰਿਜ ਕਰਵਾਉਣ ਜਾਂ ਉੱਚ-ਰੁਤਬੇ ਨਾਲ ਕਦੀ ਵਿਅਕਤੀ ਅਗਾਂਹਵਧੂ ਨਹੀਂ ਹੋ ਸਕਦਾ ਜਦ ਤੱਕ ਉਸ ਦੀ ਸੋਚ ਨਾ ਬਦਲੇ। ਪਰ ਹੁਣ ਉਹ ਇਨ੍ਹੀਂ ਕਮਜੋਰ ਹੋ ਚੁੱਕੀ ਸੀ ਕਿ ਚਾਹ ਕੇ ਵੀ ਰਾਜਬੀਰ ਦੀ ਸੋਚ ਦਾ ਵਿਰੋਧ ਨਹੀਂ ਕਰ ਪਾਉਂਦੀ।
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly