(ਸਮਾਜ ਵੀਕਲੀ)
ਲਾਲ, ਹਰੀਆਂ ਤੇ ਪੀਲੀਆਂ ਰਬੜਾਂ
ਜੋ ਕਦੇ ਦੋ ਗੁੱਤਾਂ ਕਰ
ਗਿੱਠ ਕੁ ਵਾਲ ਛੱਡ
ਗੁੱਤ ਤੇ ਦੋ ਚਾਰ ਵਲ ਪਾ
ਚੜ੍ਹਾ ਦਿੰਦੀ ਸੀ ਮਾਂ
ਤਾਂ ਜੋ ਗੁੱਤ ਖੁੱਲੇ ਨਾ
ਅੱਜ ਓਹ
ਸਮੋਸਿਆਂ ਨਾਲ ਮਿਲੀ ਚਟਨੀ
ਦੀ ਲਿਫ਼ਾਫੀ ‘ਤੇ
ਹਲਵਾਈ ਤੋਂ ਖ਼ਰੀਦੇ ਦੁੱਧ ਜਾਂ ਦਹੀਂ ਦੇ ਲਿਫ਼ਾਫ਼ਿਆਂ ‘ਤੇ
ਜਾਂ ਬਾਜ਼ਾਰੋਂ ਲਿਆਂਦੇ
ਦਾਲ, ਸਬਜ਼ੀ ਦੇ ਪੈਕਟਾਂ ‘ਤੇ
ਕਈ ਕਈ ਵਲ ਚਾੜ੍ਹ ਚੜਾਹੀਆਂ ਹੁੰਦੀਆਂ
ਅੱਜ ਵੀ ਓਹ ਰਬੜਾਂ
ਸਮੋਸਿਆਂ ਨਾਲ ਮਿਲੀ ਚਟਨੀ ਦੀ ਲਿਫ਼ਾਫੀ ਤੋਂ
ਹਲਵਾਈ ਤੋਂ ਲਿਆਂਦੇ ਦੁੱਧ ਜਾਂ ਦਹੀਂ ਦੇ ਲਿਫ਼ਾਫ਼ਿਆਂ ਤੋਂ
ਜਾਂ ਫਿਰ ਬਾਜ਼ਾਰੋਂ ਲਿਆਂਦੀ ਦਾਲ ਸਬਜ਼ੀ ਦੇ
ਪੈਕੇਟਾਂ ਤੋਂ
ਕੈਂਚੀ ਲੈ ਕੱਟਦੀ ਨਹੀਂ
ਉਤਾਰ ਸੰਭਾਲ ਲੈਂਦੀ ਹਾਂ ਮੈਂ
ਪਤਾ ਨਹੀਂ ਕਿਉਂ….
ਕੁੱਝ ਕੁ ਮਹੀਨਿਆਂ ਬਾਅਦ
ਓਹ ਮੈਨੂੰ ਡਸਟਬਿਨ ‘ਚ ਮਿਲਦੀਆਂ
ਜੋ ਕਿਸੇ ਨੇ ਕੂੜਾ ਸਮਝ ਸੁੱਟ ਦਿੱਤੀਆਂ ਹੋਣ
ਕੂੜੇ ‘ਚ ਪਈਆਂ ਰਬੜਾਂ ਦੇਖ
ਮੈਨੂੰ ਇਵੇਂ ਲੱਗਦਾ
ਜਿਵੇਂ ਮੇਰੀਆਂ ਦੋਨੋਂ ਗੁੱਤਾਂ ਕਿਸੇ ਨੇ ਕੱਟ ਦਿੱਤੀਆਂ ਹੋਣ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly