ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਦਿੱਲੀ ਵਿਚ ਬੁੱਧਵਾਰ ਸਵੇਰੇ ਸਾਢੇ ਵਜੇ ਖ਼ਤਮ ਹੋਏ 24 ਘੰਟਿਆਂ ਵਿਚ 112.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਹ ਸਤੰਬਰ ਵਿਚ 19 ਸਾਲਾਂ ਵਿੱਚ ਸਭ ਤੋਂ ਵੱਧ ਇੱਕ ਦਿਨ ਦੀ ਵਰਖਾ ਹੈ। ਰਾਜਧਾਨੀ ਵਿਚ 13 ਸਤੰਬਰ 2002 ਨੂੰ 126.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। 16 ਸਤੰਬਰ 1963 ਨੂੰ 172.6 ਮਿਲੀਮੀਟਰ ਮੀਂਹ ਦਾ ਰਿਕਾਰਡ ਹੈ। ਦਿੱਲੀ-ਐਨਸੀਆਰ ਵਿਚ ਬੁੱਧਵਾਰ ਨੂੰ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਤੇ ਫਰੀਦਾਬਾਦ ਵਿਚ ਪਾਣੀ ਭਰਨ ਨਾਲ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਵਿਚ ਡੁੱਬ ਗਈਆਂ।
ਚਾਣਕਿਆਪੁਰੀ ਦੇ ਡਿਪਲੋਮੈਟਿਕ ਐਨਕਲੇਵ ਸਣੇ ਕਈ ਖੇਤਰਾਂ ਨੂੰ ਗੋਡਿਆਂ ਤੱਕ ਡੂੰਘੇ ਪਾਣੀ ਵਿਚ ਡੁਬੋ ਦਿੱਤਾ ਤੇ ਸ਼ਹਿਰ ਦੇ ਕੁਝ ਹਿੱਸਿਆਂ ‘ਚ ਆਵਾਜਾਈ ਪ੍ਰਭਾਵਿਤ ਹੋਈ। ਸ਼ਹਿਰ ਵਿੱਚ ਸਵੇਰੇ ਸਾਢੇ ਵਜੇ ਸ਼ੁਰੂ ਹੋਏ ਸਿਰਫ਼ ਤਿੰਨ ਘੰਟਿਆਂ ‘ਚ 75.6 ਮਿਲੀਮੀਟਰ ਮੀਂਹ ਦਾ ਅਨੁਮਾਨ ਲਗਾਇਆ ਗਿਆ। ਦਿੱਲੀ ਵਿਚ ਪਹਿਲਾਂ ਹੀ ਮਹੀਨੇ ਦੇ ਪਹਿਲੇ ਦੋ ਦਿਨਾਂ ਵਿੱਚ ਮੀਂਹ ਦੇ ਮਹੀਨਾਵਾਰ ਕੋਟੇ ਤੋਂ ਜ਼ਿਆਦਾ ਰਿਕਾਰਡ ਕੀਤਾ ਜਾ ਚੁੱਕਾ ਹੈ। ਵਿਭਾਗ ਅਨੁਸਾਰ ਰਾਜਧਾਨੀ ਵਿਚ ਹਰ ਸਾਲ ਸਤੰਬਰ ਵਿੱਚ ਔਸਤਨ 125.1 ਮਿਲੀਮੀਟਰ ਵਰਖਾ ਹੁੰਦੀ ਹੈ।
ਨਿੱਜੀ ਭਵਿੱਖਬਾਣੀ ਏਜੰਸੀ ਸਕਾਈਮੇਟ ਮੌਸਮ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਮੌਨਸੂਨ ਜਲਵਾਯੂ ਪਰਿਵਰਤਨ ਦੇ ਕਾਰਨ ਬਦਲ ਰਿਹਾ ਹੈ। ਪਲਾਵਤ ਨੇ ਕਿਹਾ ਕਿ ਪਿਛਲੇ ਚਾਰ ਤੋਂ ਪੰਜ ਸਾਲਾਂ ਵਿਚ ਬਰਸਾਤੀ ਦਿਨਾਂ ਦੀ ਗਿਣਤੀ ਘਟੀ ਹੈ।
ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਲਈ ਸਫਦਰਜੰਗ ਆਬਜ਼ਰਵੇਟਰੀ ਨੇ ਬੁੱਧਵਾਰ ਸਵੇਰੇ ਸਾਢੇ ਅੱਠ ਵਜੇ ਖ਼ਤਮ ਹੋਏ 24 ਘੰਟਿਆਂ ਵਿੱਚ 112.1 ਮਿਲੀਮੀਟਰ ਮੀਂਹ ਦਾ ਅਨੁਮਾਨ ਲਗਾਇਆ ਜੋ ਕਿ 19 ਸਾਲਾਂ ਵਿਚ ਸਭ ਤੋਂ ਵੱਧ ਇੱਕ ਦਿਨ ਦੀ ਵਰਖਾ ਹੈ।
ਲੋਧੀ ਰੋਡ, ਰਿਜ, ਪਾਲਮ ਤੇ ਅਯਾਨਗਰ ਦੇ ਮੌਸਮ ਕੇਂਦਰਾਂ ਨੇ ਸਵੇਰੇ ਸਾਢੇ ਵਜੇ ਖ਼ਤਮ ਹੋਏ 24 ਘੰਟਿਆਂ ‘ਚ ਕ੍ਰਮਵਾਰ 120.2 ਮਿਲੀਮੀਟਰ, 81.6 ਮਿਲੀਮੀਟਰ, 71.1 ਮਿਲੀਮੀਟਰ ਤੇ 68.2 ਮਿਲੀਮੀਟਰ ਮੀਂਹ ਦਰਜ ਕੀਤਾ। ਸਵੇਰੇ ਸਾਢੇ ਅੱਠ ਵਜੇ ਤੋਂ ਪਾਲਮ, ਲੋਦੀ ਰੋਡ, ਰਿੱਜ ਤੇ ਅਯਾਨਗਰ ਚ ਕ੍ਰਮਵਾਰ 78.2 ਮਿਲੀਮੀਟਰ, 75.4 ਮਿਲੀਮੀਟਰ, 50 ਮਿਲੀਮੀਟਰ ਤੇ 44.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।
ਭੀਖਾਜੀ ਕਾਮਾ ਫਲਾਈਓਵਰ ਦੇ ਨੇੜੇ ਪਾਣੀ ਭਰਨ ਕਾਰਨ ਡੀਟੀਸੀ ਦੀ ਬੱਸ ਖ਼ਰਾਬ ਹੋ ਗਈ। ਮੱਧ ਦਿੱਲੀ ਦੇ ਸਦਰ ਬਾਜ਼ਾਰ ਦੀ ਸੜਕ ਤਲਾਅ ਵਰਗੀ ਲਗਦੀ ਸੀ। ਮੀਂਹ ਦਾ ਪਾਣੀ ਦੁਕਾਨਾਂ ਵਿਚ ਦਾਖ਼ਲ ਹੋ ਗਿਆ ਹੈ। ਪਾਣੀ ਭਰਨ ਕਾਰਨ ਜ਼ਖੀਰਾ ਅੰਡਰਪਾਸ ਨੂੰ ਬੰਦ ਕਰ ਦਿੱਤਾ ਗਿਆ ਹੈ। ਚਾਣਕਿਆਪੁਰੀ ਵਿੱਚ ਵੀ ਪਾਣੀ ਭਰਿਆ ਵੇਖਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly