ਕਰੋਨਾ ਮਹਾਮਾਰੀ ਕਾਰਨ ਡੇਢ ਸਾਲ ਬਾਅਦ ਖੁੱਲ੍ਹੇ ਸਕੂਲ

ਨਵੀਂ ਦਿੱਲੀ (ਸਮਾਜ ਵੀਕਲੀ):  ਕਰੋਨਾ ਮਹਾਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਤੋਂ ਦਿੱਲੀ ਵਿੱਚ ਸਕੂਲ ਤੇ ਕਾਲਜ ਦੁਬਾਰਾ ਖੁੱਲ੍ਹ ਗਏ। ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਉਨ੍ਹਾਂ ਦੇ ਕਲਾਸਰੂਮਾਂ ਵਿੱਚ ਫਿਰ ਤੋਂ ਸ਼ੁਰੂ ਹੋ ਗਈ ਹੈ। ਮੀਂਹ ਦੇ ਬਾਵਜੂਦ ਬੱਚੇ ਸਕੂਲ ਆਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਬੱਚੇ ਸਕੂਲ ਖੋਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਸਕੂਲ ਪਿਛਲੇ 1.5 ਸਾਲ ਤੋਂ ਬੰਦ ਸਨ। ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਜੇ ਹੁਣ ਸਕੂਲ ਤੇ ਕਾਲਜ ਨਾ ਖੋਲ੍ਹੇ ਗਏ ਤਾਂ ਇੱਕ ਪੂਰੀ ਪੀੜ੍ਹੀ ਗਿਆਨ ਦੇ ਅੰਤਰ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਰੋਨਾ ਸਬੰਧੀ ਪ੍ਰੋਟੋਕੋਲ ਤੇ ਸਮਾਜਕ ਦੂਰੀ ਦੀ ਪਾਲਣਾ ਕੀਤੀ ਜਾਵੇ। ਪਹਿਲੇ ਗੇੜ ਦੇ ਤਜਰਬਿਆਂ ਦੇ ਆਧਾਰ ’ਤੇ ਹੋਰ ਕਲਾਸਾਂ ਲਈ ਸਕੂਲ ਖੋਲ੍ਹਣ ਬਾਰੇ ਫ਼ੈਸਲਾ ਲਿਆ ਜਾਵੇਗਾ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ, ਅਧਿਕਾਰੀ ਅਤੇ ਸਕੂਲ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹਨ। ਉਨ੍ਹਾਂ ਕਿਹਾ ਕਿ ਹੁਣ ਸਕੂਲ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਰਹੇ ਹਨ ਪਰ ਜਦੋਂ ਪ੍ਰੋਟੋਕੋਲ ਦੀ ਪਾਲਣਾ ਕਰਨਾ ਬੱਚਿਆਂ ਦੀ ਆਦਤ ਬਣ ਜਾਂਦੀ ਹੈ ਤਾਂ ਸਕੂਲ ਪੂਰੀ ਸਮਰੱਥਾ ਨਾਲ ਖੋਲ੍ਹੇ ਜਾਣਗੇ। ਸਿਸੋਦੀਆ ਨੇ ਕਿਹਾ ਕਿ ਬਹੁਤ ਸਾਰੇ ਮਾਹਿਰਾਂ ਦਾ ਵਿਚਾਰ ਸੀ ਕਿ ਬੱਚਿਆਂ ਵਿੱਚ ਕਰੋਨਾ ਦਾ ਜੋਖ਼ਮ ਘੱਟ ਹੈ ਪਰ ਸਰਕਾਰ ਵੱਡੀਆਂ ਕਲਾਸਾਂ ਲਈ ਸਕੂਲ ਖੋਲ੍ਹਣ ਦੇ ਤਜਰਬੇ ਦੇ ਆਧਾਰ ’ਤੇ ਹੀ ਪ੍ਰਾਇਮਰੀ ਕਲਾਸਾਂ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਕਰੇਗੀ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਖੁੱਲ੍ਹਣ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਨਹੀਂ ਕੀਤਾ ਜਾਵੇਗਾ, ਪਰ ਪਹਿਲੇ 2-3 ਦਿਨ ਗੱਲਬਾਤ ਰਾਹੀਂ ਉਨ੍ਹਾਂ ਦੀ ਸਮਾਜਿਕ-ਭਾਵਨਾਤਮਕ ਤੰਦਰੁਸਤੀ ’ਤੇ ਕੰਮ ਕੀਤਾ ਜਾਵੇਗਾ ਤਾਂ ਜੋ ਬੱਚੇ ਮਨ ਦੀ ਮਾੜੀ ਸਥਿਤੀ ਤੋਂ ਬਾਹਰ ਆ ਸਕਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਬੁਲਾਉਣ ਤੋਂ ਪਹਿਲਾਂ ਮਾਪਿਆਂ ਦੀ ਮਨਜ਼ੂਰੀ ਲਈ ਜਾ ਰਹੀ ਹੈ। ਸਾਰੀਆਂ ਵਿੱਦਿਅਕ ਗਤੀਵਿਧੀਆਂ ਆਫਲਾਈਨ ਅਤੇ ਆਨਲਾਈਨ ਮਿਸ਼ਰਤ ਚੱਲਦੀਆਂ ਰਹਿਣਗੀਆਂ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਲਜ ਨਾ ਖੋਲ੍ਹਣ ਕਾਰਨ ਕਾਲਜ ਕੈਂਪਸ ਬੱਚਿਆਂ ਦੇ ਘਰ ਦੇ ਇੱਕ ਕਮਰੇ ਤੱਕ ਸੀਮਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾ ਸਿਰਫ਼ ਉਨ੍ਹਾਂ ਦੇ ਸਿਲੇਬਸ ਦੁਆਰਾ ਕੀਤੀ ਜਾਂਦੀ ਹੈ ਬਲਕਿ ਕਾਲਜ ਜਾਣਾ ਵੀ ਉਨ੍ਹਾਂ ਦੀ ਪੜ੍ਹਾਈ ਦਾ ਹਿੱਸਾ ਹੈ। ਇਹ ਉਨ੍ਹਾਂ ਦੇ ਸਮਾਜਿਕ ਅਤੇ ਪੇਸ਼ੇਵਰ ਵਿਕਾਸ ਵਿੱਚ ਸਹਾਇਤਾ ਕਰਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਵਿਚ ਮੀਂਹ ਨੇ 19 ਸਾਲਾਂ ਦਾ ਰਿਕਾਰਡ ਤੋੜਿਆ
Next article‘ਕਿਸਾਨਾਂ ਦੇ ਸਿਰ ਪਾੜ ਦਿਓ’ ਦੀ ਹਦਾਇਤ ਦੇਣ ਵਾਲੇ ਐੱਸਡੀਐੱਮ ਦਾ ਤਬਾਦਲਾ