ਰਾਜਨੀਤਿਕ ਭਿਖਾਰੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ । ਲੋਕਤੰਤਰ ਤੋ ਭਾਵ ਹੈ ਕਿ ਲੋਕਾ ਦੀ ,ਲੋਕਾ ਦੁਆਰਾ ਤੇ ਲੋਕਾ ਲਈ ਚੁਣੀ ਗਈ ਸਰਕਾਰ । ਕੀ ਸੱਚਮੁੱਚ ਹੀ ਸਰਕਾਰਾਂ ਲੋਕਾਂ ਦੀ ਖਾਤਿਰ ਹੀ ਹਨ ? ਨਹੀਂ , ਬਿਲਕੁਲ ਵੀ ਨਹੀਂ ,ਅੱਜ ਭਾਰਤ ਦੇ ਅੰਦਰ ਕਿੰਨੇ ਹੀ ਰਾਜਨੀਤਿਕ ਦਲ ਬਣੇ ਹੋਏ ਨੇ ਤੇ ਇਹ ਰਾਜਨੀਤਿਕ ਦਲ ਬਰਸਾਤੀ ਡੱਡੂ ਹਨ । ਭਾਵ ਜਦੋਂ ਚੋਣਾਂ ਦਾ ਵਿਗਲ ਵੱਜਦਾ ਤਾਂ ਇਹ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰਦੇ ਨੇ ਇਸ ਲਈ ਇਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣ ਲਈ ਕਾਨੂੰਨੀ ਸਲਾਹਕਾਰ ਰੱਖਦੇ ਕਿਉੰਕਿ ਸਾਡੇ ਦੇਸ਼ ਦੇ ਮੰਤਰੀਆਂ ਲਈ ਕਾਲਾ ਅੱਖਰ ਭੈਸ ਬਰਾਬਰ ਹੈ ।

ਚੋਣਾਂ ਜਿੱਤਣ ਲਈ ਪਾਰਟੀਆਂ ਵੱਲੋ ਹਰ ਦਾਅ ਪੇਚ ਵਰਤਿਆ ਜਾਂਦਾ ਹੈ ।ਪਾਰਟੀਆਂ ਅਜਿਹੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਦੀਆਂ ਹਨ ਜਿਹੜੇ ਲੋਕਾਂ ਲਈ ਹਰਮਨ ਪਿਆਰੇ ਹੁੰਦੇ ਹਨ ਭਾਵ ਕੋਈ ਕਲਾਕਾਰ ਜਾਂ ਕੋਈ ਸਿੰਗਰ ।ਲੋਕ ਵੀ ਫ਼ਿਲਮਾਂ ਦੇ ਹੀਰੋਆਂ ਨੂੰ ਅਸਲੀ ਜ਼ਿੰਦਗੀ ਦਾ ਹੀਰੋ ਸਮਝਣ ਲੱਗ ਜਾਂਦੇ ਹਨ । ਇਸੇ ਲਈ ਹੀ ਉਹ ਧੋਖਾ ਖਾ ਜਾਂਦੇ ਹਨ ਕਿਉਂਕਿ ਇਹ ਸਾਰੇ ਪਾਰਟੀਆਂ ਦੇ ਹੱਥਾਂ ਵਿੱਚ ਪਹਿਲਾਂ ਹੀ ਵਿਕ ਕੇ ਆਏ ਹੁੰਦੇ ਹਨ । ਸਾਰੇ ਪਾਰਟੀਬਾਜ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਖੂਬ ਖੇਡ ਖੇਡਦੇ ਹਨ ਤੇ ਆਪਣੀ ਇਸ ਗੰਦੀ ਖੇਡ ਦੇ ਵਿਚ ਉਹ ਡੇਰਿਆਂ ਦੇ ਸੰਤ ਤੇ ਮਹਾਤਮਾ ਨਾਲ ਰਲ ਕੇ ਲੋਕਾਂ ਨੂੰ ਖੂਬ ਮੂਰਖ ਬਣਾਉਂਦੇ ਹਨ ।

ਸਾਡੇ ਦੇਸ਼ ਵਿੱਚ ਚੋਣਾਂ ਦੇ ਸਮੇਂ ਲੋਕ ਆਪਸ ਦੇ ਵਿੱਚ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਹਨ ਜਦੋਂ ਕਿ ਇਹ ਰਾਜਨੀਤਕ ਭਿਖਾਰੀ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਵੀ ਇਕ ਦੂਜੇ ਦੇ ਨਾਲ ਕਰਦੇ ਹਨ ।ਵਿਰੋਧੀ ਬਣ ਕੇ ਇੱਕ -ਦੂਜੇ ਦੇ ਉੱਪਰ ਕੀਤੀ ਗਈ ਬਿਆਨਬਾਜ਼ੀ ਬਿਲਕੁਲ ਝੂਠ ਹੁੰਦੀ ਹੈ ਸੱਚ ਤਾਂ ਇਹ ਹੈ ਕਿ ਇਹ ਰਲ ਮਿਲ ਕੇ ਦੇਸ਼ ਨੂੰ ਲੁੱਟਦੇ ਹਨ । ਸਾਡੇ ਭਾਰਤ ਦੇਸ਼ ਨੂੰ ਇਨ੍ਹਾਂ ਰਾਜਨੀਤਕ ਭਿਖਾਰੀਆਂ ਨੇ ਕੰਗਾਲ ਕਰ ਦਿੱਤਾ ਹੈ । ਰਾਜਨੀਤਕ ਭਿਖਾਰੀਆਂ ਦੇ ਘੁੰਮਣ ਲਈ ਜਹਾਜ਼ ਤਕ ਦੇਸ਼ ਦੇ ਵਿੱਚ ਉਪਲੱਬਧ ਹਨ ਪਰ ਕੋਰੋਨਾ ਕਾਲ ਦੇ ਵਿਚ ਕਿੰਨੇ ਹੀ ਆਮ ਲੋਕਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਸਮੇਂ ਆਪਣੀਆਂ ਜਾਨਾਂ ਗੁਆ ਦਿੱਤੀਆਂ ।

ਇਸ ਔਖੇ ਸਮੇਂ ਦੇ ਵਿਚ ਜਿਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੰਦੇ ਹੋਏ ਆਪਣੀ ਜਾਨ ਗੁਆ ਲਈ ਉਹ ਇਨ੍ਹਾਂ ਰਾਜਨੀਤਕ ਭਿਖਾਰੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ।ਇਸ ਔਖੇ ਸਮੇਂ ਦੇ ਵਿੱਚ ਇਨ੍ਹਾਂ ਰਾਜਨੀਤਕ ਭਿਖਾਰੀਆਂ ਨੇ ਲੋਕਾਂ ਦੀ ਬਾਂਹ ਫੜਨ ਦੀ ਥਾਂ ਤੇ ਉਹਨਾਂ ਦੀ ਕੋਰੋਨਾ ਦੇ ਨਾਮ ਦੇ ਉੱਪਰ ਪੂਰੀ ਲੁੱਟ ਕੀਤੀ ਹੈ ।ਇਹ ਰਾਜਨੀਤਿਕ ਭਿਖਾਰੀ ਆਪਣੇ ਆਪ ਨੂੰ ਜਨਤਾ ਦੇ ਸੇਵਕ ਦੱਸਦੇ ਹਨ । ਕੀ ਵਾਸਤਵਿਕ ਵਿੱਚ ਹੀ ਇਹ ਜਨਤਾ ਦੇ ਸੇਵਕ ਹਨ ?

ਜੇ ਹਾਂ ਤਾਂ ਇਹ ਅਣਗਿਣਤ ਪੈਨਸ਼ਨਾਂ ਕਿਉਂ ਲੈਂਦੇ ਹਨ ? ਇਨ੍ਹਾਂ ਭਿਖਾਰੀਆਂ ਦੀਆਂ ਤਨਖਾਹਾਂ ਵੀ ਲੱਖਾਂ ਦੇ ਵਿਚ ਹੁੰਦੀਆਂ ਹਨ ਤੇ ਇਹ ਸਰਕਾਰੀ ਗੱਡੀਆਂ ਦੇ ਵਿੱਚ ਐਸ਼ੋ ਆਰਾਮ ਨਾਲ ਘੁੰਮਦੇ ਹਨ । ਇਨ੍ਹਾਂ ਭਿਖਾਰੀਆਂ ਨੇ ਬਹੁਤ ਹੀ ਮਹਿੰਗੇ ਮੁੱਲ ਦੇ ਵਿੱਚ ਸਾਡੇ ਦੇਸ਼ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਦਿੱਤਾ ਹੈ । ਦੇਸ਼ ਦੇ ਪੈਸੇ ਨੂੰ ਇਹ ਲੋਕ ਹਿੱਤਾਂ ਦੇ ਵਿਚ ਲਗਾਉਣ ਦੀ ਜਗ੍ਹਾ ਆਪਣੇ ਹਿੱਤਾਂ ਲਈ ਵਰਤਦੇ ਹਨ ।ਚੋਣ ਪ੍ਰਚਾਰ ਦੇ ਦੌਰਾਨ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਬੇਮਤਲਬ ਰੈਲੀਆਂ ਤੇ ਬੇਤੁੱਕੇ ਸੰਗਤ ਦਰਸ਼ਨਾਂ ਦੇ ਉੱਪਰ ਕਰੋੜਾਂ ਰੁਪਿਆ ਪਾਣੀ ਵਾਂਗੂੰ ਵਹਾਇਆ ਜਾਂਦਾ ਹੈ ।

ਇਸ ਖਰਚੇ ਦੀ ਪੂਰਤੀ ਦੇ ਲਈ ਉਹ ਕਈ ਸਰਕਾਰੀ ਮਹਿਕਮਿਆਂ ਨੂੰ ਬੈਂਕਾਂ ਦੇ ਵਿੱਚੋਂ ਕਰਜ਼ਾ ਚੁੱਕਣ ਦੇ ਲਈ ਮਜਬੂਰ ਕਰਦੇ ਹਨ ਜਿਸ ਨਾਲ ਉਹ ਮਹਿਕਮਾ ਦੀਵਾਲੀਆ ਹੋ ਜਾਂਦਾ ਹੈ ।ਜਨਤਾ ਦੇ ਪੈਸਿਆਂ ਨੂੰ ਉਹ ਆਪਣੇ ਨਿੱਜੀ ਸਵਾਰਥਾਂ ਦੇ ਲਈ ਪਾਣੀ ਵਾਂਗ ਵਹਾ ਦਿੰਦੇ ਹਨ ।ਜਦੋਂ ਰਾਜਨੀਤਕ ਰੈਲੀਆਂ ਕਰਨੀਆਂ ਹੁੰਦੀਆਂ ਹਨ ਤੇ ਚੋਣ ਪ੍ਰਚਾਰ ਕਰਨਾ ਹੁੰਦਾ ਹੈ ਤਾਂ ਇਹ ਭਿਖਾਰੀ ਜਨਤਾ ਦੇ ਪੈਸੇ ਨੂੰ ਖ਼ੂਬ ਉਡਾਉਂਦੇ ਨੇ ਤੇ ਜਦੋਂ ਦੇਸ਼ ਦੇ ਉੱਪਰ ਕੋਈ ਸੰਕਟ ਵੀ ਘੜਿਆ ਜਾਵੇ ਤਾਂ ਇਹ ਹੱਥ ਵਿੱਚ ਠੂਠਾ ਫੜ ਕੇ ਵੱਡੇ ਵੱਡੇ ਲੋਕਾਂ ਕੋਲੋਂ ਦਾਨ ਮੰਗਣ ਲੱਗ ਜਾਂਦੇ ਹਨ । ਆਪ ਪੂਰੀਆਂ ਤਨਖਾਹਾਂ ਤੇ ਭੱਤੇ ਵਸੂਲਦੇ ਹਨ ਪ੍ਰੰਤੂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰ ਲੈਂਦੇ ਹਨ ।

ਅੱਜ ਕਿੰਨੇ ਮਹੀਨਿਆਂ ਤੋਂ ਸਾਡੇ ਦੇਸ਼ ਦਾ ਕਿਸਾਨ ਸੜਕਾਂ ਦੇ ਉੱਪਰ ਰੁਲ ਰਿਹਾ ਹੈ ਇਸ ਦੀ ਨਿਰੋਲ ਜ਼ਿੰਮੇਵਾਰੀ ਇਹ ਰਾਜਨੀਤਿਕ ਭਿਖਾਰੀ ਹੀ ਹਨ ।ਕਿਸੇ ਵੀ ਰਾਜਨੀਤਕ ਪਾਰਟੀ ਜਾਂ ਵਿਰੋਧੀ ਧਿਰ ਨੇ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਨਹੀਂ ਕੀਤੀ ਸੀ । ਕਿਉਂਕਿ ਇਹ ਸਾਰੇ ਭਿਖਾਰੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਹਨ । ਇਹ ਕਾਰਪੋਰੇਟ ਘਰਾਣੇ ਇਨ੍ਹਾਂ ਭਿਖਾਰੀਆਂ ਨੂੰ ਲੱਖਾਂ ਕਰੋੜਾਂ ਰੁਪਏ ਭੀਖ ਵਜੋਂ ਦਿੰਦੇ ਹਨ ਤੇ ਆਪਣੀ ਮਨ ਮਰਜ਼ੀ ਦੇ ਨਾਲ ਇਨ੍ਹਾਂ ਨੂੰ ਕਠਪੁਤਲੀਆਂ ਦੀ ਤਰ੍ਹਾਂ ਨਾਚ ਨਚਾਉਂਦੇ ਹਨ । ਇਹ ਭਿਖਾਰੀ ਗ਼ਰੀਬਾਂ ਨੂੰ ਆਤਮ ਨਿਰਭਰ ਬਣਾਉਣ ਦੀ ਥਾਂ ਦੇ ਉੱਤੇ ਉਨ੍ਹਾਂ ਨੂੰ ਮੁਫ਼ਤ ਚੀਜ਼ਾਂ ਵੰਡਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲਾਚਾਰ ਬਣਾਉਂਦੇ ਹਨ ।ਗਰੀਬ ਵਰਗ ਦੇ ਲਈ ਇਨ੍ਹਾਂ ਕੋਲ ਨਾ ਤਾਂ ਕੋਈ ਕਰਜ਼ਾ ਹੈ ਤੇ ਨਾ ਹੀ ਕੋਈ ਕਰਜ਼ਾ ਮੁਆਫ਼ੀ ।

ਸਗੋਂ ਇਹ ਅਮੀਰ ਘਰਾਣਿਆਂ ਨੂੰ ਕੀ ਕਰਜ਼ੇ ਦਿੰਦੇ ਹਨ ਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਦੇ ਹਨ । ਇਨ੍ਹਾਂ ਰਾਜਨੀਤਕ ਭਿਖਾਰੀਆਂ ਦਾ ਵਜੂਦ ਲੋਕ ਹੀ ਹੁੰਦੇ ਹਨ ਇਹ ਲੋਕਾਂ ਦੇ ਸਿਰ ਤੋਂ ਹੀ ਬਣਦੇ ਹਨ । ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨੇਤਾ ਭੇਡਾਂ ਨੂੰ ਕਹਿੰਦਾ ਕਿ ਤੁਹਾਨੂੰ ਸਾਰਿਆਂ ਨੂੰ ਸਰਦੀਆਂ ਵਿੱਚ ਮੁਫ਼ਤ ਕੰਬਲ ਵੰਡੇ ਜਾਣਗੇ ਇਹ ਸੁਣ ਕੇ ਭੇਡਾਂ ਦਾ ਝੁੰਡ ਖੁਸ਼ੀ ਵਿੱਚ ਝੂਮ ਉੱਠਿਆ ਪਰ ਇੱਕ ਸਿਆਣੀ ਭੇਡ ਬੋਲੀ , ਭਲਾ ! ਇਹਨਾਂ ਕੰਬਲਾਂ ਲਈ ਉੱਨ ਕਿੱਥੋਂ ਲੈਣੀ ?

ਸਾਡੀ ਹੀ ਉਤਾਰਨੀ ..ਇਸ ਲਈ ਸਾਨੂੰ ਨਹੀਂ ਚਾਹੀਦੇ ਤੁਹਾਡੇ ਫ੍ਰੀ ਦੇ ਕੰਬਲ ।” ਸੋ ਜਿੰਨੇ ਵੀ ਇਹ ਰਾਜਨੀਤਿਕ ਭਿਖਾਰੀ ਸਾਡੇ ਨਾਲ ਮੁਫ਼ਤ ਚੀਜਾਂ ਦੇਣ ਦੇ ਦਾਵੇ ਕਰਦੇ ਤੇ ਚੋਣਾਂ ਦੇ ਸਮੇਂ ਸਾਨੂੰ ਸਹੂਲਤਾਂ ਦਾ ਲਾਲਚ ਦਿੰਦੇ ਉਸ ਲਈ ਇਹਨਾਂ ਨੇ ਜਨਤਾਂ ਨੂੰ ਹੀ ਲੁੱਟਣਾ । ਸੋ , ਲੋੜ ਹੈ ਆਉਣ ਵਾਲੇ ਚੋਣਾਂ ਦੇ ਸਮੇਂ ਵਿੱਚ ਅਸੀਂ ਇਹਨਾਂ ਰਾਜਨੀਤਿਕ ਭਿਖਾਰੀਆਂ ਤੋ ਕਿਨਾਰਾ ਕਰੀਏ ਤੇ ਜਦੋਂ ਇਹ ਭੀਖ਼ ਮੰਗਣ ਆਉਣ ਤਾਂ ਇਹਨਾ ਨੂੰ ਦਰਵਾਜੇ ਤੋ ਹੀ ਝਿੜਕ ਕੇ ਵਾਪਿਸ ਭੇਜ ਦੇਈਏ ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ 9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article
Next articleਦਾਦੂ ਦੀ ਸਿੱਖਿਆ