ਵਾਸ਼ਿੰਗਟਨ (ਸਮਾਜ ਵੀਕਲੀ): ਕਮਲਾ ਹੈਰਿਸ ਨੂੰ ਗੁਆਟੇਮਾਲਾ ਤੇ ਮੈਕਸਿਕੋ ਦੇ ਦੌਰੇ ਉਤੇ ਲਿਜਾ ਰਹੇ ਜਹਾਜ਼ ਵਿਚ ਅੱਜ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਵਾਪਸ ਮੋੜਨਾ ਪਿਆ। ਹੈਰਿਸ ਪਹਿਲੀ ਵਾਰ ਵਿਦੇਸ਼ੀ ਦੌਰੇ ਉਤੇ ਜਾ ਰਹੀ ਸੀ। ਜਹਾਜ਼ ਨੂੰ ਉਡਾਣ ਭਰੇ 30 ਮਿੰਟ ਹੀ ਹੋਏ ਸਨ ਤੇ ‘ਏਅਰ ਫੋਰਸ ਟੂ’ ਨੂੰ ਤਕਨੀਕੀ ਖਰਾਬੀ ਕਾਰਨ ਪਰਤਣਾ ਪਿਆ। ਹੈਰਿਸ ਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਵਫ਼ਦ ਨੇ ਲੈਂਡਿੰਗ ਤੋਂ ਪਹਿਲਾਂ ‘ਪ੍ਰਾਰਥਨਾ ਕੀਤੀ’ ਕਿ ਜਹਾਜ਼ ਠੀਕ-ਠਾਕ ਲੈਂਡ ਕਰ ਜਾਵੇ। ਜਹਾਜ਼ ਤੋਂ ਉਤਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਰੇ ਠੀਕ ਹਨ। ਲਾਤੀਨੀ ਅਮਰੀਕੀ ਮੁਲਕਾਂ ਦੇ ਦੌਰੇ ਉਤੇ ਜਾ ਰਹੀ ਹੈਰਿਸ ਸੁਰੱਖਿਅਤ ਜਾਇੰਟ ਬੇਸ ਐਂਡਰਿਊ ਪਰਤ ਆਈ ਹੈ।
‘ਏਅਰ ਫੋਰਸ ਟੂ’ ਇਕ ਮੋਡੀਫਾਈਡ ਬੋਇੰਗ 757 ਜਹਾਜ਼ ਹੈ ਜਿਸ ਨੂੰ ਜ਼ਿਆਦਾਤਰ ਅਮਰੀਕੀ ਉਪ ਰਾਸ਼ਟਰਪਤੀ ਯਾਤਰਾ ਲਈ ਵਰਤਦਾ ਹੈ। ਉਪ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਸਾਇਮਨ ਸੈਂਡਰਸ ਨੇ ਦੱਸਿਆ ਕਿ ਇਹ ਇਕ ਤਕਨੀਕੀ ਖਰਾਬੀ ਸੀ, ਸੁਰੱਖਿਆ ਸਬੰਧੀ ਕੋਈ ਵੱਡੀ ਚਿੰਤਾ ਦੀ ਗੱਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਚਾਲਕ ਅਮਲੇ ਨੂੰ ਪਤਾ ਲੱਗ ਗਿਆ ਸੀ ਕਿ ਲੈਂਡਿੰਗ ਗੇਅਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਤੇ ਅੱਗੇ ਇਹ ਹੋਰ ਮਸ਼ੀਨੀ ਖਰਾਬੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਾਵਧਾਨੀ ਵਜੋਂ ਜਹਾਜ਼ ਨੂੰ ਮੋੜ ਲਿਆ ਗਿਆ। ਹੈਰਿਸ (56) ਮਗਰੋਂ ਦੂਜੇ ਜਹਾਜ਼ ਰਾਹੀਂ ਦੌਰੇ ਉਤੇ ਰਵਾਨਾ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly