ਇੱਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੀ ਇੱਜ਼ਤ ਅਤੇ ਮਾਣ ਸਨਮਾਨ ਦੀ ਰਾਖੀ ਲਈ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਪਹਿਲਵਾਨਾਂ ਵਲੋਂ ਜਾਰੀ ਸੰਘਰਸ਼

(ਸਮਾਜ ਵੀਕਲੀ): ਇੱਕ ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੀ ਇੱਜ਼ਤ ਅਤੇ ਮਾਣ ਸਨਮਾਨ ਦੀ ਰਾਖੀ ਲਈ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਪਹਿਲਵਾਨਾਂ ਵਲੋਂ ਜਾਰੀ ਸੰਘਰਸ਼ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਧਾਰੀ ਸਾਜ਼ਿਸ਼ੀ ਚੁੱਪ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਮਬੱਤੀਆਂ ਹੱਥਾਂ ਵਿਚ ਫੜਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦਰਜਨਾਂ ਗੰਭੀਰ ਫ਼ੌਜਦਾਰੀ ਕੇਸਾਂ ਵਿੱਚ ਨਾਮਜ਼ਦ ਮੈਂਬਰ ਪਾਰਲੀਮੈਂਟ ਬਿਰਜ ਭੂਸ਼ਨ ਵਰਗੇ ਵਿਆਕਤੀ ਨੂੰ ਭਾਰਤੀ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਬਣਾ ਕੇ ਅਤੇ ਉਸ ਨੂੰ ਔਰਤਾਂ ਦੇ ਮਾਣ ਸਨਮਾਨ ਨੂੰ ਅਪਮਾਨਤ ਕਰਨ ਦੀ ਖੁੱਲ ਦੇ ਕੇ ਕੇਂਦਰ ਦੀ ਬੀ . ਜੇ .ਪੀ. ਸਰਕਾਰ ਨੇ ਔਰਤਾਂ ਪ੍ਰਤੀ ਆਪਣੇ ਮੰਨੂਵਾਦੀ ਦ੍ਰਿਸ਼ਟੀਕੋਣ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।

ਕਥੂਆ ਵਿਚ ਇੱਕ ਨਾਬਾਲਗ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਅਤੇ ਹਾਥਰਸ ਵਿਚ ਇੱਕ ਦਲਿਤ ਪਰਿਵਾਰ ਦੀ ਲੜਕੀ ਨਾਲ ਉੱਚ ਜਾਤੀ ਦੇ ਦਰਿੰਦਿਆਂ ਵਲੋਂ ਕੀਤੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ,ਉਨਾਓਂ ਵਿਚ ਬੀ ਜੇ ਪੀ ਦੇ ਐਮ ਐਲ ਏ ਵਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਸਮੇਤ ਕੇਸਾਂ ਦੇ ਦੋਸ਼ੀਆਂ ਦੀ ਬੀ ਜੇ ਪੀ ਦੀਆਂ ਸਰਕਾਰਾਂ ਵਲੋਂ ਪੁਸ਼ਤ ਪਨਾਹੀ ਪਹਿਲਾਂ ਹੀ ਜੱਗ ਜ਼ਾਹਰ ਹੈ। ਹੁਣ ਨਾਬਾਲਗ ਲੜਕੀ ਸਮੇਤ 7 ਔਰਤ ਪਹਿਲਵਾਨਾਂ ਵਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਉਪਰ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਦਰਜ ਹੋਣ ਦੇ ਬਾਵਜੂਦ ਵੀ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਕਾਰਨ ਦੇਸ਼ ਦਾ ਮਾਣ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਪਹਿਲਵਾਨ ਧੀਆਂ ਇੱਕ ਮਹੀਨੇ ਤੋਂ ਸੜਕਾਂ ਉੱਪਰ ਰੁਲ਼ਣ ਲਈ ਮਜਬੂਰ ਹਨ। ਦੇਸ਼ ਦੇ ਇਨਸਾਫ਼ ਪਸੰਦ ਵਿਅਕਤੀਆਂ ਅਤੇ ਜਥੇਬੰਦੀਆਂ ਵਲੋਂ ਇਸ ਸੰਘਰਸ਼ ਦੀ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਸਰਕਾਰ ਦੀ ਗੋਦੀ ਵਿੱਚ ਬੈਠੇ ਮੀਡੀਏ ਵੱਲੋਂ ਮਾਮਲੇ ਦੀ ਗ਼ਲਤ ਪੇਸ਼ਕਾਰੀ ਕਰਕੇ ਇਨਸਾਫ਼ ਮੰਗਦੀਆਂ ਲੜਕੀਆਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਨਿਖੇਧੀ ਕੀਤੀ। ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਦੇ ਹੋਏ ਉਨ੍ਹਾਂ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਅਕਤੀਆਂ ਖ਼ਾਸ ਕਰ ਔਰਤਾਂ ਨੂੰ ਵੱਡੀ ਗਿਣਤੀ ਵਿਚ ਮੋਰਚੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਇਸ ਪ੍ਰਦਰਸ਼ਨ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਸੂਬਾ ਆਗੂ ਨਾਮਦੇਵ ਭੁਟਾਲ ਤਰਕਸ਼ੀਲ ਸੁਸਾਇਟੀ ਦੇ ਸੰਗਰੂਰ ਬਰਨਾਲਾ ਦੇ ਜੋਨ ਪ੍ਰਧਾਨ ਮਾਸਟਰ ਪਰਮ ਵੇਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਡੀ ਟੀ ਐਫ ਦੇ ਆਗੂ ਕਰਮਜੀਤ ਸਿੰਘ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਆਗੂ ਹਰਜੀਤ ਸਿੰਘ ਬਾਲੀਆਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬਬਨ ਪਾਲ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫਰੰਟ ਦੀ ਜ਼ਿਲ੍ਹਾ ਪ੍ਰਧਾਨ ਸੁਸ਼ਮਾ ਅਰੋੜਾ ਆਈ ਡੀ ਪੀ ਦੇ ਆਗੂ ਫਲਜੀਤ ਸਿੰਘ ਪੰਜਾਬ ਜਮਹੂਰੀ ਮੋਰਚਾ ਦੇ ਆਗੂ ਬਹਾਲ ਸਿੰਘ ਬੇਨੜਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਜੁਝਾਰ ਸਿੰਘ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਵਿਸ਼ਵ ਕਾਂਤ ਨੇ ਸੰਬੋਧਨ ਕੀਤਾ। ਇਸ ਸਮੇਂ ਜਮਹੂਰੀ ਅਧਿਕਾਰ ਸਭਾ ਦੀ ਆਗੂ ਡਾ ਕਿਰਨ ਪਾਲ ਕੌਰ,ਡਾ ਸਿਮਰਨ ਜੋਤ ਕੌਰ ਸੁਨੀਤਾ ਰਾਣੀ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ।

Sawarnjit Singh 9417666166
ਪਰਮਵੇਦ ਸੰਗਰੂਰ 9417422349

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੱਠੇ ਵਾਲੇ
Next articleਮੋਦੀ ਨੇ ਐਲਬਨੀਜ਼ ਨਾਲ ਗੱਲਬਾਤ ਦੌਰਾਨ ਆਸਟਰੇਲੀਆ ’ਚ ਮੰਦਰਾਂ ’ਤੇ ਹਮਲੇ ਤੇ ਖ਼ਾਲਿਸਤਾਨੀ ਸਰਗਰਮੀਆਂ ਦਾ ਮਾਮਲਾ ਚੁੱਕਿਆ