ਸੰਗਤ ਦੇ ਦਰਸ਼ਨ ਲਈ ਰੱਖੇ ਜਾਣਗੇ ਨੁਕਸਾਨੇ ਪਾਵਨ ਸਰੂਪ

ਅੰਮ੍ਰਿਤਸਰ,(ਸਮਾਜ ਵੀਕਲੀ): ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਵੇਲੇ ਸੱਚਖੰਡ ਦਰਬਾਰ ਸਾਹਿਬ ਵਿਚ ਗੋਲੀਆਂ ਲੱਗੇ ਪਾਵਨ ਸਰੂਪ ਅਤੇ ਸੋਨੇ ਦੇ ਪੱਤਰੇ ਆਦਿ ਹੁਣ ਸੰਗਤ ਦਰਸ਼ਨ ਲਈ ਰੱਖੇ ਜਾਣਗੇ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।

ਇਸ ਸਬੰਧੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ ’84 ਦੇ ਘੱਲੂਘਾਰੇ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਇਸ ਘੱਲੂਘਾਰੇ ਨਾਲ ਜੁੜੀਆਂ ਨਿਸ਼ਾਨੀਆਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਕੌਮ ’ਤੇ ਹੋਏ ਜ਼ੁਲਮ ਯਾਦ ਰੱਖ ਸਕਣ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਘੱਲੂਘਾਰੇ ਦੌਰਾਨ ਦਰਬਾਰ ਸਾਹਿਬ ਅੰਦਰ ਗੋਲੀਆਂ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅਕਾਲ ਤਖ਼ਤ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਤਿੰਨ ਤੋਂ ਪੰਜ ਜੂਨ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ।

ਫ਼ੌਜੀ ਹਮਲੇ ’ਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦੇ ਜਿਨ੍ਹਾਂ ਸੁਨਹਿਰੀ ਪੱਤਰਿਆਂ ’ਤੇ ਗੋਲੀਆਂ ਲੱਗੀਆਂ ਸਨ, ਨੂੰ ਵੀ ਜਲਦੀ ਹੀ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਹ ਸੁਨਹਿਰੀ ਪੱਤਰੇ ਅਕਾਲ ਤਖ਼ਤ ਵਿਖੇ ਭੋਰਾ ਸਾਹਿਬ ’ਚ ਸੁਸ਼ੋਭਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਉਸਾਰੇ ਇਤਿਹਾਸਕ ਅਕਾਲਸਰ ਖੂਹ ਦੇ ਦਰਸ਼ਨ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜੂਨ ’84 ਦੇ ਫ਼ੌਜੀ ਹਮਲੇ ਸਮੇਂ ਸ਼ਹੀਦ ਹੋਏ ਵਿਅਕਤੀਆਂ ਦੇ ਵੇਰਵੇ ਇਕੱਤਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ੌਜ ਦੀਆਂ ਗੋਲੀਆਂ ਦੀ ਗਵਾਹ ਖ਼ਜ਼ਾਨਾ ਡਿਊਡੀ ਸੰਭਾਲਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਪਾਵਨ ਸਰੂਪ ਦੇ ਬੀਤੇ ਦਿਨ ਦਰਸ਼ਨ ਕੀਤੇ ਹਨ। ਇਹ ਸਰੂਪ ਉਸ ਵੇਲੇ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕੀਤਾ ਹੋਇਆ ਸੀ। ਸਰੂਪ ਵਿਚ ਗੋਲੀ ਲੱਗਣ ਕਾਰਨ ਇਸ ਦੇ 90 ਅੰਗ ਪ੍ਰਭਾਵਿਤ ਹੋਏ ਹਨ, ਜਿਸ ਦੀ ਸੰਭਾਲ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਹੁਣ ਤੱਕ ਸਿੱਖੀ ਦੇ ਸਰੋਤ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਪਰ ਜੂਨ ’84 ਦਾ ਫ਼ੌਜੀ ਹਮਲਾ ਇਸ ਕਰਕੇ ਹੋਰ ਵੀ ਦੁੱਖਦਾਈ ਹੈ ਕਿਉਂਕਿ ਇਹ ਆਪਣੇ ਹੀ ਦੇਸ਼ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ। ਇਹ ਸਿੱਖ ਮਾਨਸਿਕਤਾ ਦਾ ਸਦੀਵੀ ਹਿੱਸਾ ਬਣਿਆ ਰਹੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਛੇ ਜੂਨ ਨੂੰ ਘੱਲੂਘਾਰਾ ਦਿਵਸ ਮਨਾਉਂਦਿਆਂ ਭਾਵਨਾ ਅਨੁਸਾਰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਵੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਰਲਾ ’ਚ ਅੱਜ ਦਸਤਕ ਦੇ ਸਕਦੀ ਹੈ ਮੌਨਸੂਨ
Next article‘ਸ਼ਹੀਦੀ ਗੈਲਰੀ’ ਦਾ ਕੰਮ ਪੰਜ ਸਾਲ ਬਾਅਦ ਵੀ ਅਧੂਰਾ