ਲੁਟੇਰਿਆਂ ਤੇ ਜ਼ਾਲਮ ਪੂੰਜੀਪਤੀਆਂ ਦੇ “ਸਵਰਗ” ਭਾਰਤ ‘ ਚ ਵਧ ਰਹੀ ਬਾਲ ਮਜ਼ਦੂਰੀ*

(ਸਮਾਜ ਵੀਕਲੀ)

ਜਿਸ ਭਾਰਤੀ ਸਮਾਜ ਅੰਦ, ਅਸੀਂ ਰਹਿ ਰਹੇ ਹਾਂ ਇੱਥੇ ਹਜਾਰਾਂ ਹੀ ਅਣਮਨੁੱਖੀ ਅਲਾਮਤਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਇੱਕ ਬਾਲ ਮਜ਼ਦੂਰੀ ਹੈ, ਜਿਹੜੀ ਕਿ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਅਤੇ ਲਾਕਡਾਊਨ ਕਾਰਨ ਇਸ ਨੇ ਹੋਰ ਵੀ ਭਿਅੰਕਰ ਰੂਪ ਧਾਰਨ ਕਰ ਲਿਆ ਹੈ। ਜੂਨ 2020 ਵਿੱਚ ‘ਕੌਮਾਂਤਰੀ ਕਿਰਤ ਸੰਸਥਾ’ ਅਤੇ ‘ਯੂਨੀਸੈਫ’ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਸੰਸਾਰਭਰ ’ਚ ਬਾਲ ਮਜ਼ਦੂਰਾਂ ਦੀ ਗਿਣਤੀ 16 ਕਰੋੜ ਹੋ ਗਈ ਹੈ। ਸਾਲ 2000 ਤੋਂ 2016 ਦੇ ਵਿਚਕਾਰ ਇਹ ਗਿਣਤੀ 9.4 ਕਰੋੜ ਦਰਜ ਕੀਤੀ ਗਈ ਸੀ। ਰਿਪੋਰਟ ਅਨੁਸਾਰ ਪੰਜ ਤੋਂ ਗਿਆਰਾਂ ਸਾਲ ਦੀ ਉਮਰ ਦੇ ਬਾਲ ਮਜ਼ਦੂਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਜੋ ਪੂਰੀ ਦੁਨੀਆਂ ’ਚੋਂ ਕੁੱਲ ਬਾਲ ਮਜ਼ਦੂਰਾਂ ਦੀ ਸੰਖਿਆ ਦੇ ਅੱਧੇ ਤੋਂ ਜ਼ਿਆਦਾ ਹਨ।

ਲਾਕਡਾਊਨ ਕਾਰਨ ਜੋ ਲੋਕਾਂ ਦੀ ਜ਼ਿੰਦਗੀ ’ਤੇ ਅਸਰ ਪੈ ਰਿਹਾ ਹੈ ਉਸ ਦਾ ਨਤੀਜਾ ਇਹ ਨਿੱਕਲ਼ੇਗਾ ਕਿ 2022 ਤੱਕ 90 ਲੱਖ ਹੋਰ ਬਾਲ ਮਜ਼ਦੂਰ ਪੈਦਾ ਹੋ ਜਾਣਗੇ। ਭਾਵੇਂ ਕਿ ਦਿੱਤੇ ਅੰਕੜਿਆਂ ਤੋਂ ਬਾਲ ਮਜ਼ਦੂਰਾਂ ਦੀ ਗਿਣਤੀ ਕਿਤੇ ਜ਼ਿਆਦਾ ਵੱਧ ਹੋ ਸਕਦੀ ਹੈ ਕਿਉਂਕਿ ਜੇਕਰ ਭਾਰਤ ਜਿਹੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਨਅਤੀ ਖੇਤਰ ’ਚ ਪੰਜੀਕਿ੍ਰਤ ਫੈਕਟਰੀਆਂ ਆਟੇ ਵਿੱਚ ਲੂਣ ਦੇ ਬਰਾਬਰ ਹੀ ਹਨ। ਸਨਅਤ ਦਾ ਵੱਡਾ ਹਿੱਸਾ ਉਹ ਹੈ ਜਿੱਥੇ ਕਿਰਤ ਕਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਤੇ ਗੈਰ-ਕਨੂੰਨੀ ਤਰੀਕੇ ਨਾਲ਼ ਕੰਮ ਲਿਆ ਜਾਂਦਾ ਹੈ ਤੇ ਫੈਕਟਰੀ ਦੇ ਕੋਈ ਕਾਗਜ਼ ਪੱਤਰ ਵੀ ਨਹੀਂ ਹੁੰਦੇ। ਕਿਸੇ ਫੈਕਟਰੀ ’ਚ ਕਿੰਨੇ ਮਜ਼ਦੂਰ ਕੰਮ ਕਰਦੇ ਹਨ ਇਹ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿੱਚ ਬਾਲ ਮਜ਼ਦੂਰਾਂ ਦੀ ਗਿਣਤੀ ਪਤਾ ਕਰਨੀ ਲਗਭਗ ਅਸੰਭਵ ਹੈ। ਪਰ ਫਿਰ ਵੀ ਇਨ੍ਹਾਂ ਅੰਕੜਿਆਂ ਤੋਂ ਇਸ ਸਮਾਜ ਦੀ ਘਿਨਾਉਣੀ ਤਸਵੀਰ ਤਾਂ ਸਾਹਮਣੇ ਆ ਹੀ ਜਾਂਦੀ ਹੈ।

ਇਸ ਸਮੱਸਿਆ ਬਾਰੇ ਕੁੱਝ ਲੋਕ ਸੋਚਦੇ ਹਨ ਕਿ ਇਸ ਸਭ ਦਾ ਕਾਰਨ ਦਿਨੋਂ-ਦਿਨ ਵਧ ਰਹੀ ਅਬਾਦੀ ਹੈ ਅਤੇ ਕੁੱਝ ਇਹ ਵੀ ਮੰਨਦੇ ਹਨ ਕਿ ਮਾਪਿਆਂ ਨੂੰ ਲਾਲਚ ਹੁੰਦਾ ਹੈ ਕਿ ਉਹ ਚਾਰ ਪੈਸੇ ਜ਼ਿਆਦਾ ਕਮਾਉਣ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ਕੰਮ ਕਰਨ ਲਈ ਭੇਜਦੇ ਹਨ। ਇਹ ਤਾਂ ਰੱਜਿਆਂ ਪੁੱਜਿਆਂ ਦੀਆਂ ਹਵਾਈ ਗੱਲਾਂ ਹਨ। ਪਰ ਫਿਰ ਆਖਿਰ ਕੀ ਕਾਰਨ ਹੈ ਕਿ ਲਾਕਡਾਊਨ ਤੋਂ ਬਾਅਦ ਇੱਕ ਪਾਸੇ ਬਾਲ ਮਜ਼ਦੂਰਾਂ ਦੀ ਗਿਣਤੀ ਇੰਨੀ ਤੇਜ਼ੀ ਨਾਲ਼ ਵਧ ਰਹੀ ਹੈ ਅਤੇ ਦੂਸਰੇ ਪਾਸੇ ਫੈਕਟਰੀ ਇਲਾਕਿਆਂ ਵਿੱਚ ਬੇਰਜ਼ਜਗਾਰ ਨੌਜਵਾਨ ਕੰਮ ਭਾਲਣ ਲਈ ਗੇੜੇ ਮਾਰ ਰਹੇ ਹਨ ਤੇ ਫੈਕਟਰੀ ਮਾਲਕਾਂ ਦੇ ਹਾੜ੍ਹੇ ਕੱਢ ਰਹੇ ਹਨ।

ਪਿਛਲੇ ਕੁੱਝ ਦਿਨਾਂ ’ਚ ਲੁਧਿਆਣੇ ਮਜ਼ਦੂਰ ਇਲਾਕਿਆਂ ਵਿੱਚ ਜਾ ਕੇ ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਲਾਕਡਾਊਨ ਕਾਰਨ ਲੋਕਾਂ ਦੇ ਕੰਮ-ਕਾਰ ਤੇ ਲੋਕਾਂ ਦੀਆਂ ਹਾਲਤਾਂ ਉੱਤੇ ਕਿੰਨਾ ਬੁਰਾ ਅਸਰ ਪਿਆ ਹੈ। ਭਾਵੇਂ ਕਿ ਹਲਾਤ ਮਜ਼ਦੂਰਾਂ ਦੇ ਪਹਿਲਾਂ ਤੋਂ ਹੀ ਖਰਾਬ ਹਨ ਪਰ ਜੇਕਰ ਪੂਰਨਬੰਦੀ ਦੇ ਸਮੇਂ ਤੋਂ ਅੱਜ ਤੱਕ ਦੇ ਹਲਾਤਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਮਜ਼ਦੂਰਾਂ ਦੀਆਂ ਤਨਖਾਹਾਂ ਪੀਸ ਰੇਟਾਂ ਵਿੱਚ ਕਿੰਨੀ ਗਿਰਾਵਟ ਆਈ ਹੈ। ਬਹੁਤ ਸਾਰੀਆਂ ਫੈਕਟਰੀਆਂ ਵਿੱਚ ਮਾਲਕਾਂ ਨੇ ਤਨਖ਼ਾਹਾਂ/ਪੀਸਰੇਟ ਘੱਟ ਕਰ ਦਿੱਤੇ ਹਨ ਤੇ ਫੈਕਟਰੀਆਂ ਵਿੱਚ ਵੱਡੇ ਪੱਧਰ ’ਤੇ ਛਾਂਟੀ ਹੋਈ ਹੈ। ਦੂਸਰੇ ਪਾਸੇ ਮਹਿੰਗਾਈ ਇੰਨੀ ਰਫਤਾਰ ਨਾਲ਼ ਉੱਪਰ ਨੂੰ ਜਾ ਰਹੀ ਹੈ ਕਿ ਲੋਕਾਂ ਦਾ ਘਰ ਚੱਲਣਾ ਮੁਸ਼ਕਿਲ ਹੋ ਗਿਆ।

ਸਿੱਖਿਆ ਸਬੰਧੀ ਸਰਕਾਰੀ ਫ਼ਤਵੇ ਵੀ ਸਮੇਂ ਸਮੇਂ ’ਤੇ ਨਿੱਕਲ਼ਦੇ ਰਹੇ। ਆਨਲਾਈਨ ਪੜ੍ਹਾਈਆਂ ਲਈ ਫੋਨ ਅਤੇ ਉਨ੍ਹਾਂ ਅੰਦਰ ਮਹੀਨੇ ਬਾਅਦ ਡਾਟਾ ਪਾਉਣਾ ਆਦਿ ਨਾਲ਼ ਲੋਕਾਂ ਦਾ ਖਰਚਾ ਹੋਰ ਵੀ ਵਧ ਗਿਆ ਅਤੇ ਉੱਪਰੋਂ ਕਿਸੇ ਵੀ ਨਿੱਜੀ ਸਕੂਲ ਨੇ ਇੱਕ ਰੁਪਿਆ ਵੀ ਫ਼ੀਸ ਮੁਆਫ਼ ਨਹੀਂ ਕੀਤੀ। ਇਸ ਸਭ ਦਾ ਸਿੱਟਾ ਇਹ ਨਿੱਕਲ਼ਿਆ ਕਿ ਬਹੁਤ ਸਾਰੇ ਗ਼ਰੀਬਾਂ-ਮਜ਼ਦੂਰਾਂ ਨੇ ਆਪਣੇ ਬੱਚੇ ਹੀ ਸਕੂਲੋਂ ਹਟਾ ਲਏ ਤੇ ਕੰਮਾਂ ਉੱਤੇ ਲਗਾਉਣੇ ਸ਼ੁਰੂ ਕਰ ਦਿੱਤੇ। ਕਿੰਨੇ ਹੀ ਬੱਚੇ ਘਰ ਦਾ ਖਰਚਾ ਚਲਾਉਣ ਲਈ ਕਬਾੜ ਚੁਗਣ, ਛਾਲਾਂ ਦੇ ਬੰਬਲ ਵੱਟਣ, ਫੈਕਟਰੀਆਂ, ਦੁਕਾਨਾਂ, ਢਾਬਿਆਂ ਆਦਿ ਦਾ ਕੰਮ ਕਰਨ ਲਈ ਮਜ਼ਬੂਰ ਹੋ ਗਏ। ਇਸ ਸਭ ਦਾ ਫ਼ਾਇਦਾ ਉਠਾਉਣ ਵਾਲ਼ੇ ਵਿਹਲੜਾਂ ਦੀ ਵੀ ਇਸ ਸਮਾਜ ਵਿੱਚ ਕੋਈ ਕਮੀ ਨਹੀਂ।

ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣ ਲਈ ਸਰਮਾਏਦਾਰਾਂ ਨੂੰ ਸਸਤੀ ਕਿਰਤ ਸ਼ਕਤੀ ਦੀ ਜਰੂਰਤ ਹੁੰਦੀ ਹੈ ਅਤੇ ਇਸੇ ਕਰਕੇ ਉਹ ਕਿਸੇ ਨੌਜਵਾਨ ਨੂੰ ਕੰਮ ’ਤੇ ਰੱਖਣ ਦੀ ਬਜਾਏ ਕਿਸੇ ਬੱਚੇ ਨੂੰ ਕੰਮ ’ਤੇ ਰੱਖਦੇ ਹਨ। ਇਨ੍ਹਾਂ ਬੱਚਿਆਂ ਕੋਲ਼ੋਂ ਅੱਧੀ ਤੋਂ ਵੀ ਘੱਟ ਦਿਹਾੜੀ ’ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ। ਅੱਜ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜਿਨ੍ਹਾਂ ਨੂੰ ਚਲਾਉਣ ਲਈ ਕਿਸੇ ਵਿਸ਼ੇਸ਼ ਮੁਹਾਰਤ ਦੀ ਜਰੂਰਤ ਨਹੀਂ ਹੁੰਦੀ। ਜੋ ਕੰਮ ਇੱਕ ਰਿਸ਼ਟ-ਪੁਸ਼ਟ ਨੌਜਵਾਨ ਕਰੇਗਾ ਉਹੀ ਕੰਮ ਇੱਕ ਬੱਚਾ ਵੀ ਕਰ ਸਕਦਾ ਹੈ। ਦੂਸਰਾ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਇਹ ਵੀ ਹੁੰਦਾ ਹੈ ਕਿ ਕੋਈ ਵੀ ਬੱਚਾ ਆਪਣੇ ਹੱਕਾਂ, ਜਿਵੇਂ ਕਿ ਤਨਖਾਹ ਵਧਾਉਣ ਤੋਂ ਲੈ ਕੇ ਹੋਰ ਸਾਰੇ ਕਿਰਤ ਕਨੂੰਨ ਲਾਗੂ ਕਰਵਾਉਣ ਲਈ ਕੋਈ ਸੰਘਰਸ਼ ਨਹੀਂ ਕਰੇਗਾ।

ਇੱਕ ਪਾਸੇ ਤਾਂ ਮਜ਼ਬੂਰੀ, ਗ਼ਰੀਬੀ, ਬਦਹਾਲੀ ਹੈ ਅਤੇ ਦੂਸਰੇ ਪਾਸੇ ਮੁਨਾਫ਼ਾ ਹੈ ਅਤੇ ਇਨ੍ਹਾਂ ਦੋਹਾਂ ਪੁੜਾਂ ਵਿਚਕਾਰ ਪਿਸ ਰਹੇ ਨੇ ਨੰਨ੍ਹੇ ਮਾਸੂਮ ਬੱਚੇ। ਜਿਸਦਾ ਕਾਰਨ ਹੈ ਇਹ ਸਰਮਾਏਦਾਰਾ ਢਾਂਚਾ ਜਿਸ ਅੰਦਰ ਮੁੱਠੀ ਭਰ ਧਨਾਢ ਆਪਣੇ ਮੁਨਾਫ਼ੇ ਲਈ ਲੋਕਾਂ ਦਾ ਖੂਨ ਨਿਚੋੜ ਰਹੇ ਹਨ। ਸਟੇਜਾਂ ਉੱਤੇ ਚੜ੍ਹ ਕੇ ਵੱਡੇ-ਵੱਡੇ ਭਾਸ਼ਣ ਦੇਣ ਨਾਲ਼ ਇਸ ਸਮੱਸਿਆ ਦਾ ਹੱਲ ਨਹੀਂ ਹੋਣ ਵਾਲ਼ਾ, ਸਗੋਂ ਇਸ ਲਈ ਜ਼ਿੰਮੇਵਾਰ ਇਸ ਲੋਟੂ ਢਾਂਚੇ ਨੂੰ ਬਦਲ ਕੇ ਹੀ ਇਸ ਦਾ ਹੱਲ ਹੋ ਸਕਦਾ ਹੈ। ਇਸ ਢਾਂਚੇ ਨੂੰ ਗਲ਼-ਪਰਨੇ ਸੁੱਟਣ ਲਈ ਜਰੂਰਤ ਹੈ ਮਜ਼ਦੂਰਾਂ-ਕਿਰਤੀਆਂ ਨੂੰ ਜਥੇਬੰਦ ਕਰਨ ਲਈ ਨੌਜਵਾਨ ਅੱਗੇ ਆਉਣ।

ਜਗਦੀਸ਼ ਲਲਕਾਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ : ਨਾਨਕਪੁਰ
Next articleTaliban attack on Afghan city repulsed